ਆਂਧਰਾ ਪ੍ਰਦੇਸ਼ : ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਵਿੱਚ ਆਪਣੀ ਪਾਰਟੀ ਵਾਈਐਸਆਰਸੀਪੀ ਲਈ ਚੋਣ ਪ੍ਰਚਾਰ ਕਰ ਰਹੇ ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈਡੀ (Chief Minister YS Jagan Mohan Reddy) ਬੀਤੇ ਦਿਨ ਅਣਪਛਾਤੇ ਵਿਅਕਤੀਆਂ ਵੱਲੋਂ ਪਥਰਾਅ ਕੀਤੇ ਜਾਣ ਕਾਰਨ ਜ਼ਖ਼ਮੀ ਹੋ ਗਏ। ਮੁੱਖ ਮੰਤਰੀ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ।
ਮੁੱਖ ਮੰਤਰੀ ਦੇ ‘ਮੇਮੰਥਾ ਸਿੱਧਮ (ਅਸੀਂ ਬਿਲਕੁਲ ਤਿਆਰ ਹਾਂ)’ ਸਿਰਲੇਖ ਦੇ ਚੋਣ ਪ੍ਰਚਾਰ ਦੌਰਾਨ ਉਨ੍ਹਾਂ ‘ਤੇ ਪੱਥਰ ਸੁੱਟੇ ਗਏ ਅਤੇ ਇਨ੍ਹਾਂ ‘ਚੋਂ ਇਕ ਪੱਥਰ ਉਨ੍ਹਾਂ ਦੀਆਂ ਅੱਖਾਂ ਦੇ ਉੱਪਰ ਮੱਥੇ ‘ਤੇ ਲੱਗਾ ਅਤੇ ਉਹ ਜ਼ਖਮੀ ਹੋ ਗਏ।
ਮੁੱਖ ਮੰਤਰੀ ਦਫ਼ਤਰ ਤੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ, ‘ਮੁੱਖ ਮੰਤਰੀ ਜਦੋਂ ਆਪਣੇ ਬੱਸ ਦੌਰੇ ਦੌਰਾਨ ਸਿੰਘ ਨਗਰ ਵਿੱਚ ਵਿਵੇਕਾਨੰਦ ਸਕੂਲ ਕੇਂਦਰ ਵਿੱਚ ਭੀੜ ਦਾ ਸਵਾਗਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਪੱਥਰ ਮਾਰਿਆ ਗਿਆ।’ ਇਹ ਪੱਥਰ ਬਹੁਤ ਤੇਜ਼ੀ ਨਾਲ ਆਇਆ ਅਤੇ ਰੈਡੀ ਨੂੰ ਲੱਗਿਆ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਪੱਥਰ ਕਿਸੇ ਗੁਲੇਲ ਤੋਂ ਸੁੱਟਿਆ ਗਿਆ ਹੋ ਸਕਦਾ ਹੈ।
ਪੱਥਰਬਾਜ਼ੀ ਤੋਂ ਬਾਅਦ ਬੱਸ ‘ਚ ਉਨ੍ਹਾਂ ਦੇ ਨਾਲ ਖੜ੍ਹੇ ਲੋਕਾਂ ਨੇ ਪਹਿਲਾਂ ਰੁਮਾਲਾਂ ਨਾਲ ਉਨ੍ਹਾਂ ਦੇ ਮੱਥੇ ਨੂੰ ਪੂੰਝਿਆ। ਬੱਸ ਦੇ ਅੰਦਰ ਮੌਜੂਦ ਡਾਕਟਰ ਨੇ ਤੁਰੰਤ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ। ਇਸ ਘਟਨਾ ਦੇ ਬਾਵਜੂਦ ਮੁੱਖ ਮੰਤਰੀ ਨੇ ਸ਼ਹਿਰ ਵਿੱਚ ਆਪਣਾ ਦੌਰਾ ਜਾਰੀ ਰੱਖਿਆ ਅਤੇ ਚਾਰ ਘੰਟੇ ਪ੍ਰਚਾਰ ਕੀਤਾ।
ਇਸ ਦੌਰਾਨ ਵਾਈਐਸਆਰਸੀਪੀ ਨੇ ਦੋਸ਼ ਲਾਇਆ ਕਿ ਇਸ ‘ਹਮਲੇ’ ਪਿੱਛੇ ਤੇਦੇਪਾ (ਤੇਲੁਗੂ ਦੇਸ਼ਮ ਪਾਰਟੀ) ਦਾ ਹੱਥ ਹੈ। ਰੈੱਡੀ 21 ਦਿਨਾਂ ਦੇ ਇਸ ਬੱਸ ਦੌਰੇ ‘ਤੇ ਹਨ। ਰਾਜ ਵਿੱਚ 175 ਮੈਂਬਰੀ ਵਿਧਾਨ ਸਭਾ ਅਤੇ 25 ਲੋਕ ਸਭਾ ਸੀਟਾਂ ਲਈ ਚੋਣਾਂ ਹਨ।