ਸਾਵਿਤਰੀ ਜਿੰਦਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਆਪਣੇ ਅਸਤੀਫੇ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਲਿਖਿਆ, ”ਮੈਂ ਵਿਧਾਇਕ ਦੇ ਤੌਰ ‘ਤੇ 10 ਸਾਲ ਹਿਸਾਰ ਦੇ ਲੋਕਾਂ ਦੀ ਨੁਮਾਇੰਦਗੀ ਕੀਤੀ ਹੈ ਅਤੇ ਇਕ ਮੰਤਰੀ ਦੇ ਤੌਰ ‘ਤੇ ਹਰਿਆਣਾ ਰਾਜ ਦੀ ਨਿਰਸਵਾਰਥ ਸੇਵਾ ਕੀਤੀ ਹੈ। ਹਿਸਾਰ ਦੇ ਲੋਕ ਮੇਰਾ ਪਰਿਵਾਰ ਹਨ ਅਤੇ ਮੇਰੇ ਪਰਿਵਾਰ ਦੀ ਸਲਾਹ ‘ਤੇ ਮੈਂ ਅੱਜ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਹੀ ਹਾਂ। ਕਾਂਗਰਸ ਲੀਡਰਸ਼ਿਪ ਦੇ ਸਮਰਥਨ ਲਈ ਅਤੇ ਆਪਣੇ ਸਾਰੇ ਸਾਥੀਆਂ ਦਾ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਆਪਣਾ ਸਮਰਥਨ ਅਤੇ ਸਨਮਾਨ ਦਿੱਤਾ ਹੈ। ਮੈਂ ਉਨ੍ਹਾਂ ਦੀ ਹਮੇਸ਼ਾ ਧੰਨਵਾਦੀ ਰਹਾਂਗੀ,
ਸਾਵਿਤਰੀ ਜਿੰਦਲ ਦੇਸ਼ ਦੀ ਸਭ ਤੋਂ ਅਮੀਰ ਔਰਤ ਹੈ। ਉਹ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਵਰਗੇ ਅਮੀਰ ਲੋਕਾਂ ਦੇ ਨਾਲ ਦੇਸ਼ ਦੇ ਚੋਟੀ ਦੇ 5 ਸਭ ਤੋਂ ਅਮੀਰ ਲੋਕਾਂ ਵਿੱਚ ਵੀ ਸ਼ਾਮਲ ਹੈ। ਜੇਕਰ ਦੁਨੀਆ ਦੇ ਅਮੀਰਾਂ ‘ਚ ਉਨ੍ਹਾਂ ਦੀ ਰੈਂਕਿੰਗ ਦੀ ਗੱਲ ਕਰੀਏ ਤਾਂ ਉਹ 56ਵੇਂ ਨੰਬਰ ‘ਤੇ ਹਨ। ਉਨ੍ਹਾਂ ਦੀ ਕੁੱਲ ਜਾਇਦਾਦ 30 ਬਿਲੀਅਨ ਡਾਲਰ ਯਾਨੀ ਲਗਭਗ 2.5 ਲੱਖ ਕਰੋੜ ਰੁਪਏ ਹੈ। ਇਸ ਦੇ ਨਾਲ ਹੀ ਉਹ ਦੁਨੀਆ ਦੀ ਸੱਤਵੀਂ ਸਭ ਤੋਂ ਅਮੀਰ ਮਾਂ ਵੀ ਹੈ। ਸਾਵਿਤਰੀ ਜਿੰਦਲ ਓਪੀ ਜਿੰਦਲ ਗਰੁੱਪ ਦੀ ਚੇਅਰਮੈਨ ਹਨ। ਉਹ ਅਗਰੋਹਾ ਸਥਿਤ ਮਹਾਰਾਜਾ ਅਗਰਸੇਨ ਕਾਲਜ ਦੀ ਪ੍ਰਧਾਨ ਵੀ ਹਨ।
ਸਾਵਿਤਰੀ ਜਿੰਦਲ 10 ਸਾਲਾਂ ਤੋਂ ਹਿਸਾਰ ਹਲਕੇ ਤੋਂ ਵਿਧਾਇਕ ਰਹੀ ਹੈ। ਉਹ ਹਰਿਆਣਾ ਸਰਕਾਰ ਵਿੱਚ ਮੰਤਰੀ ਵੀ ਰਹਿ ਚੁੱਕੀ ਹੈ। 2005 ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਆਪਣੇ ਪਤੀ ਅਤੇ ਜਿੰਦਲ ਗਰੁੱਪ ਦੇ ਸੰਸਥਾਪਕ ਓਪੀ ਜਿੰਦਲ ਦੀ ਮੌਤ ਤੋਂ ਬਾਅਦ, ਸਾਵਿਤਰੀ ਨੇ ਹਿਸਾਰ ਤੋਂ ਹਰਿਆਣਾ ਵਿਧਾਨ ਸਭਾ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ। 2009 ਵਿੱਚ ਉਹ ਇੱਕ ਵਾਰ ਫਿਰ ਇਸ ਸੀਟ ਤੋਂ ਜਿੱਤੇ ਸਨ। ਇਸ ਦੌਰਾਨ ਉਨ੍ਹਾਂ ਨੂੰ 2013 ਤੱਕ ਹਰਿਆਣਾ ਸਰਕਾਰ ਵਿੱਚ ਮੰਤਰੀ ਦਾ ਅਹੁਦਾ ਦਿੱਤਾ ਗਿਆ। ਹਾਲਾਂਕਿ 2014 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਉਹ ਹਾਰ ਗਏ ਸੀ।
ਸਾਵਿਤਰੀ ਜਿੰਦਲ ਨੇ ਕਾਂਗਰਸ ਪਾਰਟੀ ਅਜਿਹੇ ਸਮੇਂ ਛੱਡੀ ਹੈ ਜਦੋਂ ਉਨ੍ਹਾਂ ਦਾ ਪੁੱਤਰ ਅਤੇ ਜਿੰਦਲ ਸਟੀਲ ਐਂਡ ਪਾਵਰ ਲਿਮਟਿਡ (JSPL) ਦੇ ਚੇਅਰਮੈਨ ਨਵੀਨ ਜਿੰਦਲ ਕੁਝ ਦਿਨ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋਏ ਹਨ। ਉਹ ਵੀ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਨਵੀਨ ਜਿੰਦਲ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਉਮੀਦਵਾਰ ਵਜੋਂ ਕੁਰੂਕਸ਼ੇਤਰ ਲੋਕ ਸਭਾ ਸੀਟ ਤੋਂ ਟਿਕਟ ਦਿੱਤੀ ਗਈ ਹੈ।