ਮੁੰਬਈ : ਸਾਊਥ ਸਟਾਰ ਤੇਜਾ ਸੱਜਣ ਦੀ ਫਿਲਮ ‘ਹਨੂਮਾਨ’ (‘Hanuman’) ਬਾਕਸ ਆਫਿਸ ‘ਤੇ ਧਮਾਲ ਮਚਾ ਰਹੀ ਹੈ। ਹਰ ਦਿਨ ਤੇਲਗੂ ਸੁਪਰਹੀਰੋ ਫਿਲਮ ਬੰਪਰ ਕਮਾਈ ਕਰ ਰਹੀ ਹੈ।ਦੇਸ਼ ‘ਚ ਹੀ ਨਹੀਂ ਵਿਦੇਸ਼ਾਂ ‘ਚ ਵੀ ‘ਹਨੂਮਾਨ’ ਧੂਮ ਮਚਾ ਰਹੀ ਹੈ। ਹੁਣ ਇਸ ਫਿਲਮ ਨੇ ਦੁਨੀਆ ਭਰ ਦੇ ਬਾਕਸ ਆਫਿਸ ‘ਤੇ ਇੰਨਾ ਵੱਡਾ ਰਿਕਾਰਡ ਬਣਾ ਲਿਆ ਹੈ ਕਿ ਤੇਜਾ ਸੱਜਣ ਦੇ ਪ੍ਰਸ਼ੰਸਕ ਖੁਸ਼ੀ ਨਾਲ ਝੂਮ ਉੱਠਣਗੇ। ‘ਹਨੂਮਾਨ’ ਸਾਲ 2024 ਦੀ ਦੂਜੀ ਭਾਰਤੀ ਫਿਲਮ ਬਣ ਗਈ ਹੈ, ਜਿਸ ਨੇ 300 ਕਰੋੜ ਦੇ ਕਲੱਬ ‘ਚ ਦਮਦਾਰ ਐਂਟਰੀ ਕੀਤੀ ਹੈ।
ਭਗਵਾਨ ਹਨੂੰਮਾਨ ਜੀ ‘ਤੇ ਬਣੀ ਤੇਜਾ ਸੱਜਣ ਦੀ ਫਿਲਮ ‘ਤੇ ਦੁਨੀਆ ਭਰ ਦੇ ਦਰਸ਼ਕ ਪਿਆਰ ਦੀ ਵਰਖਾ ਕਰ ਰਹੇ ਹਨ। ਕਹਾਣੀ ਤੋਂ ਲੈ ਕੇ ਸ਼ਾਨਦਾਰ VFX ਤੱਕ, ਲੋਕ ਇਸ ‘ਤੇ ਆਪਣਾ ਪਿਆਰ ਦਿਖਾ ਰਹੇ ਹਨ। ਫਿਲਮ ਟ੍ਰੇਡ ਐਨਾਲਿਸਟ ਮਨੋਬਾਲਾ ਵਿਜੇਬਾਲਨ ਮੁਤਾਬਕ ਤੇਜਾ ਸੱਜਣ ਦੀ ਫਿਲਮ ‘ਹਨੂਮਾਨ’ 300 ਕਰੋੜ ਦੇ ਕਲੱਬ ‘ਚ ਸ਼ਾਮਲ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ‘ਹਨੂਮਾਨ’ ਨੇ 25ਵੇਂ ਦਿਨ ਦੁਨੀਆ ਭਰ ਦੇ ਬਾਕਸ ਆਫਿਸ ‘ਤੇ 2.97 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ ਅਤੇ ਇਸ ਤਰ੍ਹਾਂ ਫਿਲਮ ਨੇ ਹੁਣ ਤੱਕ ਕੁੱਲ 300.23 ਲੱਖ ਰੁਪਏ ਦੀ ਕਮਾਈ ਕਰ ਲਈ ਹੈ।
300 ਕਰੋੜ ਦੇ ਕਲੱਬ ‘ਚ ਐਂਟਰੀ ਕਰਨ ਵਾਲੀ ਦੂਜੀ ਫਿਲਮ ਬਣ ਗਈ ਹੈ ‘ਹਨੂਮਾਨ’
‘ਹਨੂਮਾਨ’ ਨੂੰ ਰਿਲੀਜ਼ ਹੋਏ 25 ਦਿਨ ਹੋ ਗਏ ਹਨ ਅਤੇ ਇਸ ਨੇ 25ਵੇਂ ਦਿਨ ਹੀ 300 ਕਰੋੜ ਦੇ ਕਲੱਬ ‘ਚ ਐਂਟਰੀ ਕਰਕੇ ਇਤਿਹਾਸ ਰਚ ਦਿੱਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਫਿਲਮ ਬਹੁਤ ਘੱਟ ਬਜਟ ‘ਤੇ ਬਣੀ ਹੈ। ਮੇਕਰਸ ਨੇ ਵੀ ਨਹੀਂ ਸੋਚਿਆ ਸੀ ਕਿ ਹਨੂੰਮਾਨ ਬਾਕਸ ਆਫਿਸ ‘ਤੇ ਅਜਿਹਾ ਕਮਾਲ ਕਰ ਦੇਵੇਗੀ। ‘ਹਨੂਮਾਨ’ ਸਾਲ 2024 ‘ਚ 300 ਕਲੱਬ ‘ਚ ਐਂਟਰੀ ਕਰਨ ਵਾਲੀ ਦੂਜੀ ਫਿਲਮ ਹੈ।
300 ਕਰੋੜ ਦੀ ਕਮਾਈ ਕਰਨ ਵਾਲੀ ਪਹਿਲੀ ਫਿਲਮ ਹੈ ‘ਫਾਈਟਰ’
ਇਸ ਤੋਂ ਪਹਿਲਾਂ ਰਿਤਿਕ ਰੋਸ਼ਨ ਅਤੇ ਦੀਪਿਕਾ ਪਾਦੁਕੋਣ ਦੀ ਫਿਲਮ ‘ਫਾਈਟਰ’ 300 ਕਰੋੜ ਦੇ ਕਲੱਬ ‘ਚ ਸ਼ਾਮਲ ਹੋ ਚੁੱਕੀ ਹੈ। ਸਾਲ 2024 ਦੀ ਇਹ ਪਹਿਲੀ ਫਿਲਮ ਹੈ ਜਿਸ ਨੇ ਕਮਾਈ ਦੇ ਮਾਮਲੇ ‘ਚ ਦੁਨੀਆ ਭਰ ‘ਚ ਮਜ਼ਬੂਤ ਰਿਕਾਰਡ ਬਣਾਇਆ ਹੈ। ‘ਫਾਈਟਰ’ ਗਣਤੰਤਰ ਦਿਵਸ ਦੇ ਮੌਕੇ ‘ਤੇ 25 ਜਨਵਰੀ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ।
ਸਿਨੇਮਾਘਰਾਂ ‘ਚ ਦਸਤਕ ਦੇਵੇਗੀ ਹਨੂੰਮਾਨ ਦਾ ਸੀਕਵਲ ‘ਜੈ ਹਨੂੰਮਾਨ’
ਤੇਜਾ ਸੱਜਣ ਦੀ ‘ਹਨੂਮਾਨ’ 12 ਜਨਵਰੀ ਨੂੰ ਮਕਰ ਸੰਕ੍ਰਾਂਤੀ ਦੇ ਮੌਕੇ ‘ਤੇ ਰਿਲੀਜ਼ ਹੋਈ ਸੀ। ਇਸ ਵਿੱਚ ਤੇਜਾ ਸੱਜਣ ਤੋਂ ਇਲਾਵਾ ਅੰਮ੍ਰਿਤਾ ਅਈਅਰ, ਵੀਰਲਕਸ਼ਮੀ ਸ਼ਰਤਕੁਮਾਰ, ਰਾਜ ਦੀਪਕ ਸ਼ੈਟੀ ਅਤੇ ਵਿਨੈ ਰਾਏ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਫਿਲਮ ਦੀ ਕਹਾਣੀ ਪ੍ਰਸ਼ਾਂਤ ਵਰਮਾ ਨੇ ਲਿਖੀ ਹੈ ਅਤੇ ਇਸ ਦਾ ਨਿਰਦੇਸ਼ਨ ਵੀ ਉਨ੍ਹਾਂ ਨੇ ਹੀ ਕੀਤਾ ਹੈ। ਕੁਝ ਦਿਨ ਪਹਿਲਾਂ ਪ੍ਰਸ਼ਾਂਤ ਵਰਮਾ ਨੇ ‘ਹਨੂਮਾਨ’ ਦੇ ਸੀਕਵਲ ‘ਜੈ ਹਨੂੰਮਾਨ’ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਸ ਫਿਲਮ ‘ਤੇ ਕੰਮ ਵੀ ਸ਼ੁਰੂ ਕਰ ਦਿੱਤਾ ਹੈ।