ਬੁਢਲਾਡਾ : ਅੱਧੀ ਰਾਤ ਨੂੰ ਪਿੰਡ ਗਾਦੜਪੱਤੀ ਬੋਹਾ (Gadarpatti Boha) ਦੇ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋ ਕੇ ਗੁਰੂ ਘਰ ਦੇ ਸੇਵਾਦਾਰ ਦੀ ਕੁੱਟਮਾਰ ਕਰਨ ਅਤੇ ਗਾਲੀ-ਗਲੋਚ ਕਰਕੇ ਬੇਅਦਬੀ ਕਰਨ ਵਾਲੇ ਐੱਸ.ਐੱਚ.ਓ. ਬੋਹਾ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿੱਥੇ ਡੀ.ਐਸ.ਪੀ. ਗੁਰਪ੍ਰੀਤ ਸਿੰਘ ਗਿੱਲ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ, ਲੋਕਾਂ ਨੂੰ ਸ਼ਾਂਤ ਕੀਤਾ ਅਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸ਼ਿਕਾਇਤ ਅਨੁਸਾਰ ਗੁਰੂ ਘਰ ਵਿੱਚ ਦਾਖ਼ਲ ਹੋਏ ਐਸ.ਐਚ.ਓ ਵਿਰੁੱਧ ਯੋਜਨਾਬੱਧ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਐਸ.ਐਸ.ਪੀ ਮਾਨਸਾ ਨੇ ਬੋਹਾ ਦੇ ਐਸ.ਐਚ.ਓ. ਨੂੰ ਮੁਅੱਤਲ ਕਰ ਦਿੱਤਾ, ਜਿਸ ਦੀ ਪੁਸ਼ਟੀ ਡੀ.ਐਸ.ਪੀ. ਬੁਢਲਾਡਾ ਨੇ ਕੀਤੀ ਹੈ।
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੂਰਾ ਸਿੰਘ ਅਤੇ ਗੁਰਤੇਜ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 12 ਵਜੇ ਬਿਨਾਂ ਕਿਸੇ ਕਾਰਨ ਐੱਸ.ਐੱਚ.ਓ. ਕੰਧ ਟੱਪ ਕੇ ਗੁਰੂਘਰ ਵਿੱਚ ਦਾਖਲ ਹੋਇਆ ਅਤੇ ਗਲਤ ਸ਼ਬਦਾਵਲੀ ਵਰਤ ਕੇ ਕੁੱਟਿਆ ਗਿਆ। ਜਦੋਂ ਲੜਾਈ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਤੁਸੀਂ ਗੁਰੂ ਘਰ ਖਾਲੀ ਕਰਵਾ ਦਿਓ, ਜਿਸ ਕਾਰਨ ਲੋਕਾਂ ਨੇ ਧਰਨਾ ਲਾ ਕੇ ਐੱਸ.ਐੱਚ.ਓ. ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਮੌਕੇ ਅਵਤਾਰ ਸਿੰਘ, ਜੋਗਿੰਦਰ ਸਿੰਘ, ਰਾਮਜਸ ਸਿੰਘ, ਲਵਪ੍ਰੀਤ ਸਿੰਘ, ਸੁਖਦੀਪ ਸਿੰਘ, ਬਲਵਿੰਦਰ ਸਿੰਘ, ਬਲਕਾਰ ਸਿੰਘ, ਦੇਸ਼ਪਾਲ ਸਿੰਘ, ਮੱਖਣ ਸਿੰਘ, ਬਾਗਾ ਸਿੰਘ, ਕਮਲਜੀਤ ਸਿੰਘ ਅਤੇ ਸਿਕੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਔਰਤਾਂ ਵੀ ਹਾਜ਼ਰ ਸਨ |