ਤਰਨਤਾਰਨ : ਗੁਆਂਢੀ ਦੇਸ਼ ਪਾਕਿਸਤਾਨ (Pakistan) ਭਾਰਤ ਦਾ ਮਾਹੌਲ ਖਰਾਬ ਕਰਨ ਦੇ ਮਕਸਦ ਨਾਲ ਡਰੋਨਾਂ ਰਾਹੀਂ ਹਥਿਆਰ ਅਤੇ ਨਸ਼ੀਲੇ ਪਦਾਰਥ ਭੇਜਦਾ ਰਹਿੰਦਾ ਹੈ, ਜਿਸਨੂੰ ਸਰਹੱਦ ‘ਤੇ ਤਾਇਨਾਤ ਬੀ.ਐੱਸ.ਐੱਫ. ਅਤੇ ਪੰਜਾਬ ਪੁਲਿਸ ਫੇਲ ਕਰ ਰਹੀ ਹੈ। ਇਸ ਦੀ ਇਕ ਹੋਰ ਤਾਜ਼ਾ ਮਿਸਾਲ ਉਦੋਂ ਦੇਖਣ ਨੂੰ ਮਿਲੀ ਜਦੋਂ ਭਾਰਤ-ਪਾਕਿਸਤਾਨ ਸਰਹੱਦ ਨੇੜੇ ਇਕ ਡਰੋਨ ਬਰਾਮਦ ਹੋਇਆ। ਇਸ ਸਬੰਧੀ ਖਾਲੜਾ ਥਾਣੇ ‘ਚ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਤਸਕਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਅਤੇ ਬੀ.ਐਸ.ਐਫ. ਨੂੰ ਬੀਤੀ ਰਾਤ ਕਰੀਬ 8.30 ਵਜੇ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਵੱਲੋਂ ਇਕ ਡਰੋਨ ਭਾਰਤੀ ਖੇਤਰ ਦੇ ਪਿੰਡ ਡੱਲ ‘ਚ ਬੀਓਪੀ ‘ਤੇ ਧਰਮ ਰਾਹੀਂ ਪ੍ਰਵੇਸ਼ ਕੀਤਾ ਹੈ। ਇਸ ਤੋਂ ਬਾਅਦ ਥਾਣਾ ਖਾਲੜਾ ਦੀ ਪੁਲਿਸ ਅਤੇ ਬੀ.ਐੱਸ.ਐੱਫ. ਵੱਲੋਂ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ। ਜਿੱਥੇ ਭਗਵੰਤ ਸਿੰਘ ਪੁੱਤਰ ਰੂੜ ਸਿੰਘ ਵਾਸੀ ਪਿੰਡ ਮਾੜੀ ਕੰਬੋਕੀ ਦੇ ਖੇਤਾਂ ਵਿੱਚ ਇੱਕ ਚਾਈਨੀਜ਼ ਡਰੋਨ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਖਾਲੜਾ ਥਾਣਾ ਵਿੱਚ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।