ਰਾਂਚੀ: ਜ਼ਮੀਨ ਘੁਟਾਲੇ ਦੇ ਮਾਮਲੇ (Land Scam Case) ਵਿੱਚ ਈਡੀ ਦੀ ਟੀਮ ਰਾਜਧਾਨੀ ਦਿੱਲੀ ਵਿੱਚ ਹੇਮੰਤ ਸੋਰੇਨ (Hemant Soren) ਦੇ ਘਰ ਪਹੁੰਚ ਗਈ ਹੈ। ਹੇਮੰਤ ਸੋਰੇਨ ਦੇ ਦੱਖਣੀ ਦਿੱਲੀ ਦੇ ਪਾਸ਼ ਇਲਾਕੇ ‘ਚ ਸ਼ਾਂਤੀ ਨਿਕੇਤਨ ਨਿਵਾਸ ‘ਤੇ ਪਹੁੰਚਣ ਤੋਂ ਬਾਅਦ ਈਡੀ ਜ਼ਮੀਨ ਘੁਟਾਲੇ ‘ਚ ਉਸ ਤੋਂ ਪੁੱਛਗਿੱਛ ਕਰੇਗੀ। ਦੂਜੇ ਪਾਸੇ ਮੁੱਖ ਮੰਤਰੀ ਨਿਵਾਸ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ।
ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਜ਼ਮੀਨ ਘੁਟਾਲੇ ਦੇ ਮਾਮਲੇ ‘ਚ ਅੱਜ ਹੇਮੰਤ ਸੋਰੇਨ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਅਤੇ ਅੰਦਰ ਵੱਡੀ ਗਿਣਤੀ ‘ਚ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਰਾਜ ਵਿਚ ਕਾਨੂੰਨ ਵਿਵਸਥਾ ਨੂੰ ਲੈ ਕੇ ਮੁੱਖ ਸਕੱਤਰ ਐਲ ਖਿਆਂਗਟੇ ਨੇ ਪੁਲਿਸ ਡਾਇਰੈਕਟਰ ਜਨਰਲ ਸਮੇਤ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਹੈ। ਮੀਟਿੰਗ ਮੁੱਖ ਸਕੱਤਰ ਦੀ ਰਿਹਾਇਸ਼ ‘ਤੇ ਹੋਵੇਗੀ ।
ਦੱਸ ਦੇਈਏ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਜਾਂਚ ਵਿੱਚ ਸ਼ਾਮਲ ਹੋਣ ਲਈ 10ਵਾਂ ਸੰਮਨ ਜਾਰੀ ਕੀਤੇ ਜਾਣ ਦੌਰਾਨ ਉਹ ਸ਼ਨੀਵਾਰ ਨੂੰ ਅਚਾਨਕ ਦਿੱਲੀ ਲਈ ਰਵਾਨਾ ਹੋ ਗਏ ਸਨ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਈਡੀ ਦੇ ਅਧਿਕਾਰੀ ਸੋਰੇਨ ਦੇ ਘਰ 20 ਜਨਵਰੀ ਨੂੰ ਦੁਪਹਿਰ 1 ਵਜੇ ਪਹੁੰਚੇ ਅਤੇ ਕਰੀਬ ਸਾਢੇ 8 ਵਜੇ ਉਥੋਂ ਚਲੇ ਗਏ।
ਇਸ ਦੌਰਾਨ ਵੱਡੀ ਗਿਣਤੀ ਵਿਚ ਸੁਰੱਖਿਆ ਬਲਾਂ ਦੀ ਤਾਇਨਾਤੀ ਕਾਰਨ ਪੂਰਾ ਇਲਾਕਾ ਕਿਲੇ ਵਿਚ ਤਬਦੀਲ ਹੋ ਗਿਆ। ਈਡੀ ਦੀ ਪੁੱਛਗਿੱਛ ਦੌਰਾਨ ਮੌਕੇ ‘ਤੇ ਤਾਇਨਾਤ ਵੱਡੀ ਗਿਣਤੀ ਸੁਰੱਖਿਆ ਮੁਲਾਜ਼ਮਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਆਲੇ-ਦੁਆਲੇ ਦੀਆਂ ਗਤੀਵਿਧੀਆਂ ‘ਤੇ ਤਿੱਖੀ ਨਜ਼ਰ ਰੱਖੀ। ਇਸ ਤੋਂ ਪਹਿਲਾਂ ਈਡੀ ਵੱਲੋਂ 7 ਵਾਰ ਤਲਬ ਕੀਤੇ ਜਾਣ ‘ਤੇ ਉਹ ਪੁੱਛਗਿੱਛ ਲਈ ਏਜੰਸੀ ਦੇ ਸਾਹਮਣੇ ਪੇਸ਼ ਨਹੀਂ ਹੋਏ ਸਨ। ਈਡੀ ਨੇ ਜਦੋਂ ਅੱਠਵੀਂ ਵਾਰ ਉਨ੍ਹਾਂ ਨੂੰ ਸੰਮਨ ਜਾਰੀ ਕੀਤਾ ਤਾਂ ਆਖਰਕਾਰ ਉਨ੍ਹਾਂ ਨੇ ਆਪਣੀ ਸਹਿਮਤੀ ਦੇ ਦਿੱਤੀ ।
ਇਸ ਦੇ ਨਾਲ ਹੀ ਸੀਐਮ ਹੇਮੰਤ ਨੇ ਈਡੀ ਦੇ ਨੌਵੇਂ ਸੰਮਨ ਦਾ ਜਵਾਬ ਦਿੱਤਾ ਹੈ। ਸੀਐਮ ਹੇਮੰਤ ਨੇ ਪੱਤਰ ਵਿੱਚ ਲਿਖਿਆ ਕਿ ਉਹ 31 ਮਾਰਚ ਤੱਕ ਰੁੱਝੇ ਹੋਏ ਹਨ, ਇਸ ਲਈ ਉਹ ਪੁੱਛਗਿੱਛ ਲਈ ਉਪਲਬਧ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਤੋਂ ਪੁੱਛਗਿੱਛ ਕਰਨੀ ਹੈ ਤਾਂ ਮਾਰਚ ਤੋਂ ਬਾਅਦ ਹੀ ਹੋ ਸਕੇਗੀ। ਇਸ ਤੋਂ ਬਾਅਦ ਈਡੀ ਨੇ ਸੀਐਮ ਹੇਮੰਤ ਸੋਰੇਨ ਨੂੰ 10ਵਾਂ ਸੰਮਨ ਭੇਜਿਆ ਹੈ। ਈਡੀ ਨੇ ਸੰਮਨ ‘ਚ ਲਿਖਿਆ, ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਜਲਦ ਤੋਂ ਜਲਦ ਦੱਸਣਾ ਚਾਹੀਦਾ ਹੈ ਕਿ ਜਾਂਚ ਕਦੋਂ ਅਤੇ ਕਿੱਥੇ ਹੋਵੇਗੀ।
ਈਡੀ ਨੇ ਲਿਖਿਆ ਹੈ ਕਿ ਜ਼ਮੀਨ ਘੁਟਾਲੇ ਦੀ ਜਾਂਚ ਪੂਰੀ ਕਰਨੀ ਲਾਜ਼ਮੀ ਹੈ, ਇਸ ਲਈ ਇਸ ‘ਤੇ ਜਲਦੀ ਵਿਚਾਰ ਕਰਕੇ ਜਾਣਕਾਰੀ ਦਿੱਤੀ ਜਾਵੇ। ਈਡੀ ਨੇ ਪੱਤਰ ‘ਚ ਸਪੱਸ਼ਟ ਤੌਰ ‘ਤੇ 29 ਜਨਵਰੀ ਤੋਂ 31 ਜਨਵਰੀ ਤੱਕ ਦਾ ਸਮਾਂ ਦੇਣ ਲਈ ਕਿਹਾ ਹੈ। ਸਮੇਂ ਦੀ ਘਾਟ ਕਾਰਨ ਈਡੀ ਨੇ ਕਿਹਾ ਹੈ ਕਿ ਜੇਕਰ ਉਹ ਆਪਣਾ ਬਿਆਨ ਦਰਜ ਕਰਵਾਉਣ ਨਹੀਂ ਆਏ ਤਾਂ ਈਡੀ ਦੇ ਅਧਿਕਾਰੀ ਉਨ੍ਹਾਂ ਕੋਲ ਪਹੁੰਚ ਜਾਣਗੇ। ਸੂਤਰਾਂ ਮੁਤਾਬਕ ਈਡੀ ਨੇ ਆਉਣ ਦਾ ਸਮਾਂ 30 ਜਨਵਰੀ ਨੂੰ ਦਿੱਤਾ ਹੈ।