ਦਿੱਲੀ : ਦਿੱਲੀ (Delhi) ਦੇ ਕਾਲਕਾਜੀ ਮੰਦਰ (Kalkaji Temple) ‘ਚ ਜਾਗਰਣ ਦੌਰਾਨ ਵੱਡਾ ਹਾਦਸਾ (Accident) ਵਾਪਰ ਗਿਆ ਹੈ। ਇੱਥੇ ਸਟੇਜ ਡਿੱਗਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਹੈ ਜਦਕਿ 17 ਲੋਕ ਜ਼ਖ਼ਮੀ ਹੋ ਗਏ ਹਨ। ਸਾਰੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਇਸ ਦੇ ਨਾਲ ਹੀ ਪੁਲਿਸ ਨੇ ਇਸ ਮਾਮਲੇ ‘ਚ ਪ੍ਰਬੰਧਕਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਵੀ ਦਰਜ ਕਰ ਲਿਆ ਹੈ। ਇਹ ਘਟਨਾ ਰਾਤ ਕਰੀਬ 12.30 ਵਜੇ ਵਾਪਰੀ।
ਪ੍ਰਾਪਤ ਜਾਣਕਾਰੀ ਅਨੁਸਾਰ ਗਾਇਕ ਬੀ ਪਰਾਕ ਜਾਗਰਣ ਵਿੱਚ ਪਹੁੰਚੇ ਹੋਏ ਸਨ ਅਤੇ ਉਨ੍ਹਾਂ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਸਨ। ਜਦੋਂ ਬੀ ਪਰਾਕ ਨੇ ਸਟੇਜ ‘ਤੇ ਆਪਣਾ ਪ੍ਰਦਰਸ਼ਨ ਸ਼ੁਰੂ ਕੀਤਾ ਤਾਂ ਸਟੇਜ ਡਿੱਗ ਗਈ। ਸਟੇਜ ਡਿੱਗਣ ਤੋਂ ਬਾਅਦ ਭਗਦੜ ਮੱਚ ਗਈ। ਜਾਗਰਣ ‘ਚ ਬੀ ਪਰਾਕ ਦੇਖਣ ਲਈ ਵੱਡੀ ਗਿਣਤੀ ‘ਚ ਲੋਕ ਸਟੇਜ ਵੱਲ ਵਧ ਰਹੇ ਸਨ ਤਾਂ ਮੰਦਰ ਅਤੇ ਪੁਲਿਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਲੋਕ ਨਹੀਂ ਮੰਨੇ ਅਤੇ ਇਹ ਹਾਦਸਾ ਵਾਪਰ ਗਿਆ। ਕਈ ਲੋਕ ਸਟੇਜ ਦੇ ਹੇਠਾਂ ਵੀ ਦੱਬ ਗਏ। ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਸਟੇਜ ਹੇਠਾਂ ਦੱਬੇ ਲੋਕਾਂ ਨੂੰ ਬਾਹਰ ਕੱਢਿਆ। ਬੀ ਪਰਾਕ ਅਤੇ ਉਨ੍ਹਾਂ ਦੀ ਟੀਮ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਗਾਇਕ ਬੀ ਪਰਾਕ ਨੇ ਵੀਡੀਓ ਜਾਰੀ ਕਰਕੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਇਕ ਸਟੋਰੀ ਰਾਹੀਂ ਉਨ੍ਹਾਂ ਨੇ ਕਿਹਾ ਕਿ ਮੈਂ ਬਹੁਤ ਨਿਰਾਸ਼ ਅਤੇ ਦੁਖੀ ਹਾਂ। ਜੋ ਲੋਕ ਜ਼ਖਮੀ ਹੋਏ ਹਨ, ਮੈਨੂੰ ਉਮੀਦ ਹੈ ਕਿ ਉਹ ਸਾਰੇ ਠੀਕ ਹੋ ਜਾਣਗੇ। ਅਜਿਹੀ ਘਟਨਾ ਮੈਂ ਪਹਿਲੀ ਵਾਰ ਆਪਣੇ ਸਾਹਮਣੇ ਵਾਪਰਦੀ ਦੇਖੀ ਹੈ। ਸਾਨੂੰ ਭਵਿੱਖ ਵਿੱਚ ਬਹੁਤ ਸਾਵਧਾਨ ਰਹਿਣਾ ਪਵੇਗਾ। ਪ੍ਰਬੰਧਨ ਬਹੁਤ ਮਹੱਤਵਪੂਰਨ ਹੈ। ਸਾਨੂੰ ਬੱਚਿਆਂ ਅਤੇ ਬਜ਼ੁਰਗਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜ਼ਿੰਦਗੀ ਤੋਂ ਵੱਡਾ ਕੁਝ ਨਹੀਂ ਹੈ।