ਮਹਾਰਾਸ਼ਟਰ: ਮਹਾਰਾਸ਼ਟਰ (Maharashtra) ਦੇ ਅਹਿਮਦਨਗਰ (Ahmednagar) ਜ਼ਿਲੇ ‘ਚ ਬੀਤੀ ਦੇਰ ਰਾਤ ਰਾਜ ਟਰਾਂਸਪੋਰਟ ਦੀ ਬੱਸ ਨੇ ਇਕ ਟਰੈਕਟਰ ਅਤੇ ਕਾਰ ਨੂੰ ਟੱਕਰ ਮਾਰ ਦਿੱਤੀ ਸੀ। ਇਸ ਘਟਨਾ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।
ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਤੜਕੇ ਕਰੀਬ 2.30 ਵਜੇ ਪਾਰਨੇਰ ਤਹਿਸੀਲ ਦੇ ਅਹਿਮਦਨਗਰ-ਕਲਿਆਣ ਰੋਡ ‘ਤੇ ਧਵਲੀਪੁਰੀ ਫਾਟਾ ਨੇੜੇ ਵਾਪਰਿਆ ਹੈ। ਉਨ੍ਹਾਂ ਨੇ ਦੱਸਿਆ ਕਿ ਗੰਨਾ ਲੈ ਕੇ ਜਾ ਰਿਹਾ ਇੱਕ ਟਰੈਕਟਰ ਪਲਟ ਗਿਆ ਸੀ ਅਤੇ ਉਸ ਵਿੱਚੋਂ ਗੰਨਾ ਉਤਾਰਨ ਲਈ ਇੱਕ ਹੋਰ ਟਰੈਕਟਰ ਲਿਆਂਦਾ ਗਿਆ ਸੀ।
ਮੌਕੇ ‘ਤੇ ਹੀ ਹੋ ਗਈ ਛੇ ਲੋਕਾਂ ਦੀ ਮੌਤ
ਪਾਰਨੇਰ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇੱਕ ਕਾਰ ਦਾ ਡਰਾਈਵਰ ਵੀ ਗੱਡੀ ਰੋਕ ਕੇ ਸਮਾਨ ਉਤਾਰਨ ਵਿੱਚ ਲੋਕਾਂ ਦੀ ਮਦਦ ਕਰ ਰਿਹਾ ਸੀ। ਅਧਿਕਾਰੀ ਨੇ ਦੱਸਿਆ, “ਇਸ ਦੌਰਾਨ, ਜਿਵੇਂ ਹੀ ਟਰੈਕਟਰ ਸੜਕ ‘ਤੇ ਮੁੜਿਆ, ਉਲਟ ਦਿਸ਼ਾ ਤੋਂ ਆ ਰਹੀ ਇੱਕ ਰਾਜ ਟਰਾਂਸਪੋਰਟ ਦੀ ਬੱਸ ਨੇ ਟਰੈਕਟਰ ਅਤੇ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ‘ਚ ਕੁਝ ਮਜ਼ਦੂਰਾਂ ਸਮੇਤ 6 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।