ਮੱਧ ਪ੍ਰਦੇਸ਼: ਛੁੱਟੀ ‘ਤੇ ਆਏ ਫ਼ੌਜੀ ਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਟੀਕਮਗੜ੍ਹ (Tikamgarh) ,(ਮੱਧ ਪ੍ਰਦੇਸ਼), 23 ਜਨਵਰੀ (ਭਾਸ਼ਾ) ਮੱਧ ਪ੍ਰਦੇਸ਼ (Madhya Pradesh) ਦੇ ਟੀਕਮਗੜ੍ਹ ਜ਼ਿਲ੍ਹੇ ‘ਚ ਛੁੱਟੀ ‘ਤੇ ਆਏ 35 ਸਾਲਾ ਫ਼ੌਜੀ ਜਵਾਨ ਦੀ ਕ੍ਰਿਕਟ ਖੇਡਦੇ ਸਮੇਂ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਇਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ। ਇਹ ਘਟਨਾ ਐਤਵਾਰ ਨੂੰ ਮਰਗੁਵਾ ਪਿੰਡ ‘ਚ ਘਟੀ ਹੈ। ਜ਼ਿਲ੍ਹਾ ਹਸਪਤਾਲ ਦੇ ਡਾਕਟਰ ਯੋਗੇਸ਼ ਯਾਦਵ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਲਾਂਸ ਨਾਇਕ ਵਿਨੋਦ ਬੰਸਕਰ ਵਜੋਂ ਹੋਈ ਹੈ।
ਉਸ ਦੇ ਵੱਡੇ ਭਰਾ ਜਗਦੀਸ਼ ਬਾਂਸਕਰ ਨੇ ਦੱਸਿਆ ਕਿ ਵਿਨੋਦ ਬਾਂਸਕਰ ਐਤਵਾਰ ਦੁਪਹਿਰ ਲਾਗਲੇ ਪਿੰਡ ਬੀਰਾਊ ‘ਚ ਕ੍ਰਿਕਟ ਖੇਡਣ ਗਏ ਸੀ, ਜਿੱਥੇ ਉਨ੍ਹਾਂ ਨੇ ਛਾਤੀ ‘ਚ ਦਰਦ ਦੀ ਸ਼ਿਕਾਇਤ ਕੀਤੀ। ਉਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਟੀਕਮਗੜ੍ਹ ਦੇ ਜ਼ਿਲ੍ਹਾ ਹਸਪਤਾਲ ਲੈ ਗਏ, ਜਿੱਥੇ ਦੇਰ ਰਾਤ ਫ਼ੌਜੀ ਜਵਾਨ ਦੀ ਮੌਤ ਹੋ ਗਈ। ਫੌਜੀ ਦੇ ਭਰਾ ਨੇ ਦੱਸਿਆ ਕਿ ਵਿਨੋਦ ਗੁਆਂਢੀ ਸੂਬੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ‘ਚ ਤਾਇਨਾਤ ਸਨ । ਉਹ ਛੁੱਟੀ ‘ਤੇ ਘਰ ਆਏ ਸਨ ਅਤੇ ਫਰਵਰੀ ਦੇ ਪਹਿਲੇ ਹਫ਼ਤੇ ਵਾਪਸ ਜਾਣ ਵਾਲੇ ਸਨ।
ਸਿਪਾਹੀ ਨੂੰ ਸਨਮਾਨਜਨਕ ਵਿਦਾਇਗੀ ਦਿੱਤੀ ਗਈ
ਫੌਜੀ ਜਵਾਨ ਦੀ ਮੌਤ ਤੋਂ ਬਾਅਦ ਪੁਲਿਸ ਵੀ ਮੌਕੇ ‘ਤੇ ਉਨ੍ਹਾਂ ਦੇ ਘਰ ਪਹੁੰਚ ਗਈ। ਪੁਲਿਸ ਨੇ ਦੱਸਿਆ ਕਿ ਸਾਗਰ ਆਰਮੀ ਕੈਂਪ ਤੋਂ ਫੌਜ ਦੇ ਅਧਿਕਾਰੀ ਵੀ ਪਹੁੰਚੇ, ਜਿਸ ਤੋਂ ਬਾਅਦ ਫੌਜੀ ਨੂੰ ਸਨਮਾਨਤ ਵਿਦਾਇਗੀ ਦਿੱਤੀ ਗਈ। ਇਸ ਘਟਨਾ ਤੋਂ ਬਾਅਦ ਉਨ੍ਹਾਂ ਦੇ ਘਰ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਇਸ ਦੌਰਾਨ ਸਾਰੇ ਪਿੰਡ ਦੀਆਂ ਅੱਖਾਂ ਨਮ ਹੋ ਗਈਆਂ।