ਮੁੰਬਈ: ਸੰਦੀਪ ਰੈੱਡੀ ਵਾਂਗਾ (Sandeep Reddy Vanga) ਦੁਆਰਾ ਡਾਇਰੈਕਟ ‘ਐਨੀਮਲ’ (Animal) ਪਿਛਲੇ ਸਾਲ ਸਿਨੇਮਾਘਰਾਂ ਵਿੱਚ ਆਈ ਸੀ । ਰਣਬੀਰ ਕਪੂਰ-ਬੌਬੀ ਦਿਓਲ (Ranbir Kapoor-Bobby Deol) ਅਤੇ ਰਸ਼ਮਿਕਾ ਮੰਡਾਨਾ (Rashmika Mandana) ਸਟਾਰਰ ਫਿਲਮ ਨੂੰ ਨਾ ਸਿਰਫ ਦਰਸ਼ਕਾਂ ਦਾ ਪਿਆਰ ਮਿਲਿਆ ਬਲਕਿ ਬਾਕਸ ਆਫਿਸ ‘ਤੇ ਵੀ ਇਹ ਫਿਲਮ ਸਫਲ ਰਹੀ ਹੈ।
ਰਣਬੀਰ ਕਪੂਰ ਦੀ ਫਿਲਮ ਦੇ ਓ.ਟੀ.ਟੀ ਪਲੇਟਫਾਰਮ ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਪਰ ਸਿਨੇ 1 ਸਟੂਡੀਓ ਅਤੇ ਟੀ-ਸੀਰੀਜ਼ ਵਿਚਾਲੇ ਮੁਨਾਫੇ ਦੇ ਸ਼ੇਅਰ ਸਮਝੌਤੇ ਨੂੰ ਲੈ ਕੇ ਅਦਾਲਤੀ ਵਿਵਾਦ ਕਾਰਨ ਇਸ ਦੀ ਰਿਲੀਜ਼ ਡੇਟ ਨੂੰ ਲੈ ਕੇ ਕੋਈ ਸਪੱਸ਼ਟ ਤਸਵੀਰ ਨਹੀਂ ਦਿੱਤੀ ਜਾ ਰਹੀ ਸੀ।
ਹਾਲਾਂਕਿ ਹੁਣ ਪ੍ਰਸ਼ੰਸਕ ਸੁੱਖ ਦਾ ਸਾਹ ਲੈ ਸਕਦੇ ਹਨ ਕਿਉਂਕਿ ‘ਐਨੀਮਲ’ ਦੀ ਰਿਲੀਜ਼ ਡੇਟ ਤੋਂ ਪਹਿਲਾਂ ਹੀ ਦੋਵਾਂ ਧਿਰਾਂ ਵਿਚਾਲੇ ਮਾਮਲਾ ਸੁਲਝ ਗਿਆ ਹੈ ਅਤੇ ਫਿਲਮ ਦੀ ਰਿਲੀਜ਼ ਡੇਟ ਵੀ ਮਿਲ ਗਈ ਹੈ।
ਅਦਾਲਤ ਦੇ ਬਾਹਰ ਸੁਲਝਿਆ ‘ਐਨੀਮਲ’ ਦਾ ਸਾਂਝਾ ਮੁਨਾਫ਼ਾ ਮਾਮਲਾ
ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਸਿਨੇ 1 ਸਟੂਡੀਓ ਦੇ ਮਾਲਕ ਮੁਰਾਦ ਖੇਤਾਨੀ ਨੇ ਦਿੱਲੀ ਹਾਈਕੋਰਟ ‘ਚ ਟੀ-ਸੀਰੀਜ਼ ਦੇ ਖ਼ਿਲਾਫ਼ ਕੇਸ ਦਾਇਰ ਕੀਤਾ ਸੀ, ਜਿਸ ‘ਚ ਉਨ੍ਹਾਂ ਦੇ ਵਕੀਲ ਨੇ ਆਪਣਾ ਪੱਖ ਪੇਸ਼ ਕਰਦੇ ਹੋਏ ਕਿਹਾ ਸੀ ਕਿ ਟੀ-ਸੀਰੀਜ਼ ਨੇ ਪ੍ਰਮੋਸ਼ਨ ‘ਤੇ ਕਾਫੀ ਖਰਚ ਕੀਤਾ ਹੈ ਅਤੇ ਸਮਝੌਤੇ ਅਨੁਸਾਰ ‘ਐਨੀਮਲ’ ਦੇ ਮੁਨਾਫ਼ੇ ਦੀ ਵੰਡ ਦਾ ਇਕ ਪੈਸਾ ਵੀ ਉਨ੍ਹਾਂ ਨੂੰ ਨਹੀਂ ਦਿੱਤਾ ਗਿਆ, ਜਿਸ ‘ਤੇ ਟੀ-ਸੀਰੀਜ਼ ਨੂੰ ਦਿੱਲੀ ਹਾਈਕੋਰਟ ‘ਚ ਪੇਸ਼ ਕਰਨ ਵਾਲੇ ਵਕੀਲ ਅਮਿਤ ਸਿੱਬਲ ਨੇ ਸਪੱਸ਼ਟ ਕੀਤਾ ਸੀ ਕਿ ਉਨ੍ਹਾਂ ਨੇ ਸਿਨੇ 1 ਸਟੂਡੀਓ ਨੂੰ 2.6 ਕਰੋੜ ਰੁਪਏ ਦਿੱਤੇ ਸਨ।
ਹੁਣ ਬਾਲੀਵੁੱਡ ਹੰਗਾਮਾ ‘ਚ ਪ੍ਰਕਾਸ਼ਿਤ ਖ਼ਬਰਾਂ ਮੁਤਾਬਕ ਇਸ ਵਿਵਾਦ ਦੇ ਵਿਚਕਾਰ ਟੀ-ਸੀਰੀਜ਼ ਅਤੇ ਮੁਰਾਦ ਖੇਤਾਨੀ ਨੇ ਮੁਨਾਫਾ ਵੰਡ ਮਾਮਲੇ ਨੂੰ ਅਦਾਲਤ ਦੇ ਬਾਹਰ ਸੁਲਝਾਇਆ ਹੈ। ਰਿਪੋਰਟਾਂ ਅਨੁਸਾਰ, 22 ਜਨਵਰੀ ਨੂੰ ਦੋਵਾਂ ਧਿਰਾਂ ਦੇ ਵਕੀਲਾਂ ਨੇ ਦਿੱਲੀ ਹਾਈ ਕੋਰਟ ਨੂੰ ਸੂਚਿਤ ਕੀਤਾ ਕਿ, ‘ਉਹ ਆਪਣੇ ਕੇਸ ਨੂੰ ਸੁਲਝਾਉਣ ਲਈ ਸਮਝੌਤੇ ‘ਤੇ ਪਹੁੰਚ ਗਏ ਹਨ। ਇਸ ਦਾ ਮਤਲਬ ਹੈ ਕਿ ਸਮਝੌਤਾ ਹੋ ਗਿਆ ਹੈ ਅਤੇ ਹੁਣ ਉਨ੍ਹਾਂ ਨੂੰ ਅਦਾਲਤ ਦੀ ਮਨਜ਼ੂਰੀ ਦੀ ਉਡੀਕ ਹੈ।
ਵਿਵਾਦਾਂ ਤੋਂ ਬਾਅਦ ਇਸ ਦਿਨ ‘ਐਨੀਮਲ’ OTT ਪਲੇਟਫਾਰਮ ‘ਤੇ ਕਰੇਗੀ ਸਟ੍ਰੀਮ
ਰਿਪੋਰਟਾਂ ਮੁਤਾਬਕ ਬੀਤੇ ਦਿਨ ਜਸਟਿਸ ਸੰਜੀਵ ਨਰੂਲਾ ਨੇ ਦੋਵਾਂ ਧਿਰਾਂ ਦੀ ਸਹਿਮਤੀ ਨੂੰ ਦੇਖਿਆ ਅਤੇ ਅਧਿਕਾਰਤ ਦਸਤਾਵੇਜ਼ਾਂ ਨੂੰ ਸਵੀਕਾਰ ਕੀਤਾ। ਇਸ ਮਾਮਲੇ ਦੀ ਅਗਲੀ ਸੁਣਵਾਈ 24 ਜਨਵਰੀ ਨੂੰ ਹੋਵੇਗੀ, ਜਿੱਥੇ ਅਦਾਲਤ ਇਸ ਮਾਮਲੇ ‘ਤੇ ਆਪਣਾ ਅੰਤਿਮ ਫ਼ੈਸਲਾ ਦੇਵੇਗੀ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ‘ਐਨੀਮਲ’ 26 ਜਨਵਰੀ ਦੀ ਨਿਰਧਾਰਤ ਮਿਤੀ ਨੂੰ ਓਟੀਟੀ ਪਲੇਟਫਾਰਮ ਨੈੱਟਫਲਿਕਸ ‘ਤੇ ਰਿਲੀਜ਼ ਕੀਤੀ ਜਾਵੇਗੀ।