ਪਟਨਾ : ਬਿਹਾਰ (Bihar) ਵਿੱਚ ਅੱਜ ਦੂਜੇ ਪੜਾਅ ਦੇ 96 ਹਜ਼ਾਰ 823 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ। ਉਸ ਤੋਂ ਪਹਿਲਾਂ ਨਿਤੀਸ਼ ਸਰਕਾਰ (Nitish government) ਨੇ ਰੁਜ਼ਗਾਰ ਦੇਣ ਦਾ ਸਿਹਰਾ ਲੈਣਾ ਸ਼ੁਰੂ ਕਰ ਦਿੱਤਾ ਹੈ। ਪਟਨਾ ਦੀਆਂ ਸੜਕਾਂ ‘ਤੇ ਪੋਸਟਰ ਲਗਾਏ ਗਏ ਹਨ, ਜਿਸ ‘ਚ ਲਿਖਿਆ ਹੈ ਕਿ “ਰੋਜ਼ਗਾਰ ਮਤਲਬ ਨਿਤੀਸ਼ ਕੁਮਾਰ”।
ਤੇਜਸਵੀ ਨੇ ਵਾਅਦਾ ਕੀਤਾ ਸੀ 10 ਲੱਖ ਨੌਕਰੀਆਂ ਦੇਣ ਦਾ
ਦਰਅਸਲ 2020 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤੇਜਸਵੀ ਯਾਦਵ ਨੇ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ‘ਤੇ 10 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਹਾਲਾਂਕਿ ਉਸ ਸਮੇਂ ਦੌਰਾਨ ਉਨ੍ਹਾਂ ਦੀ ਸਰਕਾਰ ਨਹੀਂ ਬਣੀ ਸੀ, ਪਰ 2022 ਵਿੱਚ ਮਹਾਗਠਜੋੜ ਦੀ ਸਰਕਾਰ ਬਣੀ ਅਤੇ ਤੇਜਸਵੀ ਯਾਦਵ ਇਸਦੇ ਡਿਪਟੀ ਸੀਐਮ ਬਣੇ। ਉਦੋਂ ਤੋਂ ਬਿਹਾਰ ਵਿੱਚ ਖਾਸ ਕਰਕੇ ਸਿੱਖਿਆ ਵਿਭਾਗ ਵਿੱਚ ਵੱਡੇ ਪੱਧਰ ’ਤੇ ਰੁਜ਼ਗਾਰ ਪੈਦਾ ਹੋ ਰਿਹਾ ਹੈ।
70 ਦਿਨਾਂ ‘ਚ ਦੂਜੀ ਵਾਰ ਨਿਯੁਕਤੀ ਪੱਤਰ ਵੰਡਣ ਜਾ ਰਹੇ ਹਨ ਨਿਤੀਸ਼
ਤੁਹਾਨੂੰ ਦੱਸ ਦੇਈਏ ਕਿ ਬਿਹਾਰ ਪਬਲਿਕ ਸਰਵਿਸ ਦੁਆਰਾ ਆਯੋਜਿਤ ਅਧਿਆਪਕ ਭਰਤੀ ਪ੍ਰੀਖਿਆ ਦੇ ਦੂਜੇ ਪੜਾਅ ਨੂੰ ਪਾਸ ਕਰਨ ਤੋਂ ਬਾਅਦ ਚੁਣੇ ਗਏ 96 ਹਜ਼ਾਰ 823 ਉਮੀਦਵਾਰਾਂ ਨੂੰ ਅੱਜ ਨਿਯੁਕਤੀ ਪੱਤਰ ਦਿੱਤੇ ਜਾਣਗੇ। ਮੁੱਖ ਮੰਤਰੀ ਨਿਤੀਸ਼ ਕੁਮਾਰ 70 ਦਿਨਾਂ ਦੇ ਅੰਦਰ ਦੂਜੀ ਵਾਰ ਨਿਯੁਕਤੀ ਪੱਤਰ ਵੰਡਣ ਜਾ ਰਹੇ ਹਨ। ਪਟਨਾ ਦੇ ਗਾਂਧੀ ਮੈਦਾਨ ‘ਚ ਆਯੋਜਿਤ ਇਸ ਸਮਾਰੋਹ ‘ਚ ਸੀ.ਐੱਮ ਨਿਤੀਸ਼ ਕੁਮਾਰ ਤੋਂ ਇਲਾਵਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ, ਵਿੱਤ ਮੰਤਰੀ ਵਿਜੇ ਕੁਮਾਰ ਚੌਧਰੀ, ਸਿੱਖਿਆ ਮੰਤਰੀ ਪ੍ਰੋ. ਚੰਦਰਸ਼ੇਖਰ ਅਤੇ ਹੋਰ ਮੰਤਰੀ ਸ਼ਾਮਿਲ ਹੋਣਗੇ । ਪੰਜ ਸੌ ਤੋਂ ਵੱਧ ਉਮੀਦਵਾਰਾਂ ਨੂੰ ਮੁੱਖ ਮੰਤਰੀ ਪੱਤਰ ਦੇਣਗੇ। ਹੋਰ ਨਵੇਂ ਚੁਣੇ ਅਧਿਆਪਕਾਂ ਨੂੰ ਉਨ੍ਹਾਂ ਦੇ ਜ਼ਿਲ੍ਹਾ ਹੈੱਡਕੁਆਰਟਰ ਵਿਖੇ ਇਹ ਪੱਤਰ ਦਿੱਤਾ ਜਾਵੇਗਾ।