ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Maan) ਨੇ ਅੱਜ ਚੰਡੀਗੜ੍ਹ ਵਿਖੇ ਸਹਿਕਾਰਤਾ ਵਿਭਾਗ (Cooperation Department) ਦੇ ਨੌਜਵਾਨਾਂ ਨੂੰ ਲੋਹੜੀ ਮੌਕੇ ਤੋਹਫਾ ਦਿੱਤਾ ਹੈ। ਸੀ.ਐਮ. ਮਾਨ ਨੇ ਸਹਿਕਾਰਤਾ ਵਿਭਾਗ ਵਿੱਚ ਨਵ-ਨਿਯੁਕਤ ਕਲਰਕਾਂ ਨੂੰ ਨਿਯੁਕਤੀ ਪੱਤਰ ਵੰਡੇ ਹਨ। ਇਸ ਦੌਰਾਨ ਸੀ.ਐਮ ਮਾਨ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪੰਜਾਬ ਨੂੰ ਲੰਡਨ (London), ਕੈਲੀਫੋਰਨੀਆ (California) ਜਾਂ ਪੈਰਿਸ (Paris) ਨਹੀਂ ਬਲਕਿ ਰੰਗਲਾ ਪੰਜਾਬ ਬਣਾਉਣਗੇ । ਉਨ੍ਹਾਂ ਕਿਹਾ ਕਿ ਪੰਜਾਬ ਪੀਰਾਂ, ਫਕੀਰਾਂ ਅਤੇ ਕਵੀਆਂ ਦੀ ਧਰਤੀ ਹੈ।
ਉਨ੍ਹਾਂ ਕਿਹਾ ਕਿ ਦੁਨੀਆਂ ਭਰ ਵਿੱਚ ਪੰਜਾਬੀਆਂ ਨੂੰ ਪਾਇਆ ਜਾ ਸਕਦਾ ਹੈ। ਪੰਜਾਬੀਆਂ ਨੂੰ ਹਮੇਸ਼ਾ ਕਾਮਯਾਬੀ ਮਿਲਦੀ ਹੈ। ਸੀ.ਐਮ. ਮਾਨ ਨੇ ਕਿਹਾ ਕਿ ਉਹ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀ ਤਰੱਕੀ ਲਈ ਹਰ ਰੋਜ਼ ਦਸਤਖਤ ਕਰਦੇ ਹਨ। ਅੱਜ ਵੀ ਉਹ 70-80 ਫਾਈਲਾਂ ‘ਤੇ ਦਸਤਖਤ ਕਰ ਚੁੱਕੇ ਹਨ। ਸੀ.ਐਮ. ਮਾਨ ਨੇ ਕਿਹਾ ਕਿ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਕੇ ਇਸ ਨੂੰ ਸਰਕਾਰੀ ਬਣਾਇਆ ਹੈ।
ਸੀ.ਐਮ. ਮਾਨ ਨੇ ਵਿਰੋਧੀਆਂ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਵਿਰੋਧੀ ਪੂਰੀ ਤਰ੍ਹਾਂ ਖਾਲੀ ਹੱਥ ਹੋ ਗਏ ਹਨ। ਪਹਿਲਾਂ ਵਾਲੇ ਸਿਰਫ ਆਪਣੇ ਫਾਇਦੇ ਬਾਰੇ ਹੀ ਸੋਚਦੇ ਸਨ। ਸੀ.ਐਮ. ਮਾਨ ਨੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਮਾਲ ਗੱਡੀ ਜਦੋਂ ਭਰ ਜਾਂਦੀ ਹੈ, ਤਾਂ ਇਹ ਆਰਾਮ ਨਾਲ ਲੰਘ ਜਾਂਦੀ ਹੈ। ਖਾਲੀ ਹੋਣ ‘ਤੇ, ਇਸਦੇ ਡੱਬੇ ਰੌਲਾ ਪਾਉਂਦੇ ਹੋਏ ਜਾਂਦੇ ਹਨ । ਇਸੇ ਤਰ੍ਹਾਂ ਵਿਰੋਧੀ ਵੀ ਖਾਲੀ ਹੱਥ ਹੋ ਗਏ ਹਨ। ਵਿਰੋਧੀਆਂ ਦੇ ਨੋਟ ਵਾਲੇ ਬਕਸੇ ਖਾਲੀ ਹੋ ਚੁੱਕੇ ਹਨ। ਇਸੇ ਲਈ ਉਹ ਮੇਰੇ ਖ਼ਿਲਾਫ਼ ਕੁਝ ਵੀ ਕਹਿੰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ 25 ਸਾਲ ਦੋ ਲੋਕਾਂ ਨੇ ਰਾਜ ਕੀਤਾ। ਕੈਪਟਨ ਤੇ ਬਾਦਲ ਦੇ ਸਮੇਂ ਲੋਕ ਦੁੱਖੀ ਰਹੇ। ਉਸ ਸਮੇਂ ਵਿੱਤ ਮੰਤਰੀ ਇਹ ਕਹਿੰਦੇ ਸੁਣੇ ਗਏ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ। ਉਨ੍ਹਾਂ ਕਿਹਾ ਕਿ ਜੇਕਰ ਵਿੱਤ ਮੰਤਰੀ ਆਖਦੇ ਹਨ ਕਿ ਪੰਜਾਬ ਦਾ ਖ਼ਜ਼ਾਨਾ ਖਾਲੀ ਹੈ ਤਾਂ ਪੰਜਾਬ ਦੇ ਲੋਕ ਇਹੀ ਸੋਚਣਗੇ ਕਿ ਇੱਥੇ ਕੁਝ ਨਹੀਂ ਕੀਤੇ ਹੋਰ ਚਲੀਏ ।
ਸੀ.ਐਮ. ਮਾਨ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ‘ਤੇ ਧਿਆਨ ਕੇਂਦਰਿਤ ਕਰਨਾ ਹੈ। ਉਹ ਪੰਜਾਬ ਦੀ ਤਰੱਕੀ ਲਈ ਹੀ ਸੋਚਦੇ ਹਨ। ਪੰਜਾਬ ਵਿੱਚ 2 ਲੱਖ 96 ਹਜ਼ਾਰ ਲੋਕਾਂ ਨੂੰ ਨੌਕਰੀਆਂ ਮਿਲਣਗੀਆਂ। ਉਹ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ ਜਾਣ ਤੋਂ ਰੋਕਣਗੇ। ਨੌਜਵਾਨਾਂ ਨੂੰ ਇੱਥੇ ਹੀ ਨੌਕਰੀਆਂ ਦੇਣਗੇ। ਦੱਸ ਦਈਏ ਕਿ 60 ਤੋਂ 70 ਕਰੋੜ ਰੁਪਏ ਦਾ ਨਿਵੇਸ਼ ਪੰਜਾਬ ‘ਚ ਆਇਆ ਹੈ। ਉਹ ਨਵੇਂ ਵਿਚਾਰ ਪੰਜਾਬ ਵਿੱਚ ਲੈ ਕੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ 18 ਜਨਵਰੀ ਨੂੰ ਉਹ 590 ਹੋਰ ਨਿਯੁਕਤੀ ਪੱਤਰ ਦੇਣਗੇ। ਉਹ ਚਾਹੁੰਦੇ ਹਨ ਕਿ ਲੋਕਾਂ ਦੇ ਘਰਾਂ ਵਿੱਚ ਤਰੱਕੀਆਂ ਦੇ ਦੀਵੇ ਜਗਣ।