ਲੁਧਿਆਣਾ: 67ਵੀਆਂ ਰਾਸ਼ਟਰੀ ਸਕੂਲ ਖੇਡਾਂ (67th National School Games) ਅੱਜ ਤੋਂ ਸ਼ਹਿਰ ਦੇ ਵੱਖ-ਵੱਖ ਖੇਡ ਮੈਦਾਨਾਂ ਵਿੱਚ ਸ਼ੁਰੂ ਹੋ ਰਹੀਆਂ ਹਨ, ਜਿਸ ਦਾ ਉਦਘਾਟਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Education Minister Harjot Singh Bains) ਕਰਨਗੇ। ਰਾਸ਼ਟਰੀ ਖੇਡ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਖਿਡਾਰੀ ਅਤੇ ਅਧਿਕਾਰੀ ਰੇਲ ਗੱਡੀਆਂ ਅਤੇ ਬੱਸਾਂ ਰਾਹੀਂ ਸ਼ਹਿਰ ਪਹੁੰਚੇ ਹਨ।
11 ਜਨਵਰੀ ਤੱਕ ਚੱਲਣ ਵਾਲੀਆਂ ਨੈਸ਼ਨਲ ਸਕੂਲ ਖੇਡਾਂ ਵਿੱਚ ਫੁੱਟਬਾਲ ਅੰਡਰ-19 ਲੜਕੀਆਂ, ਜੂਡੋ ਅੰਡਰ-17 ਲੜਕੇ ਅਤੇ ਲੜਕੀਆਂ ਅਤੇ ਕਰਾਟੇ ਅੰਡਰ-19 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਜਾਣਗੇ। ਇਹ ਮੈਚ ਪੀ.ਏ.ਯੂ, ਸੈਕਰਡ ਹਾਰਟ ਸਕੂਲ, ਬੀ.ਵੀ.ਐਮ. ਸਕੂਲ ਅਤੇ ਗੁਰੂ ਨਾਨਕ ਸਟੇਡੀਅਮ ਵਿੱਚ ਕਰਵਾਏ ਜਾ ਰਹੇ ਹਨ। ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਸਕੂਲਾਂ ਵਿੱਚ ਖਿਡਾਰੀਆਂ ਦੇ ਠਹਿਰਣ ਦਾ ਪ੍ਰਬੰਧ ਕੀਤਾ ਗਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਨ੍ਹਾਂ ਖੇਡਾਂ ਵਿੱਚ 1472 ਖਿਡਾਰੀ ਹਿੱਸਾ ਲੈਣਗੇ।