ਹੈਲਥ ਨਿਊਜ਼ : ਉੱਤਰੀ ਭਾਰਤ ਵਿੱਚ ਦਸੰਬਰ ਅਤੇ ਜਨਵਰੀ ਵਿੱਚ ਸਖ਼ਤ ਠੰਡ ਹੁੰਦੀ ਹੈ। ਇੰਨੀ ਠੰਡ ਕਾਰਨ ਘਰੋਂ ਬਾਹਰ ਨਿਕਲਣ ਨੂੰ ਦਿਲ ਨਹੀਂ ਕਰਦਾ ਅਤੇ ਅਗਲੇ ਕੁਝ ਦਿਨਾਂ ਤੱਕ ਅਜਿਹੀ ਕੜਾਕੇ ਦੀ ਠੰਡ ਦੀ ਸੰਭਾਵਨਾ ਹੈ। ਜੇਕਰ ਤੁਸੀਂ ਇਸ ਤਰ੍ਹਾਂ ਦੀ ਠੰਡ ਤੋਂ ਆਪਣੀ ਰੱਖਿਆ ਨਹੀਂ ਕਰਦੇ ਤਾਂ ਨਾ ਸਿਰਫ ਜ਼ੁਕਾਮ ਅਤੇ ਖਾਂਸੀ ਸਗੋਂ ਜੋੜਾਂ ਦਾ ਦਰਦ, ਨਿਮੋਨੀਆ, ਫਲੂ, ਸਾਹ ਦੀਆਂ ਬਿਮਾਰੀਆਂ, ਗਠੀਆ, ਘੱਟ ਬਲੱਡ ਪ੍ਰੈਸ਼ਰ ਆਦਿ ਵਰਗੀਆਂ ਕਈ ਸਮੱਸਿਆਵਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ। ਬੱਚਿਆਂ ਅਤੇ ਬਜ਼ੁਰਗਾਂ ਨੂੰ ਹੋਰ ਵੀ ਜ਼ਿਆਦਾ ਦੇਖਭਾਲ ਦੀ ਲੋੜ ਹੁੰਦੀ ਹੈ। ਆਓ ਜਾਣਦੇ ਹਾਂ ਕਿ ਕਿਹੜੀਆਂ ਗੱਲਾਂ ਨੂੰ ਧਿਆਨ ‘ਚ ਰੱਖ ਕੇ ਤੁਸੀਂ ਠੰਡ ‘ਚ ਵੀ ਸਿਹਤਮੰਦ ਰਹਿ ਸਕਦੇ ਹੋ।
1. ਸਰਦੀਆਂ ਵਿੱਚ ਸਵੇਰੇ ਜਲਦੀ ਸੈਰ ਲਈ ਨਾ ਜਾਓ। ਸੂਰਜ ਚੜ੍ਹਨ ਤੋਂ ਬਾਅਦ ਹੀ ਘਰ ਤੋਂ ਬਾਹਰ ਸੈਰ ਲਈ ਜਾਓ। ਮਾਸਕ ਪਾ ਕੇ ਸੈਰ ਕਰੋ। ਇਹ ਪ੍ਰਦੂਸ਼ਣ ਅਤੇ ਠੰਡੀ ਹਵਾ ਦੋਵਾਂ ਤੋਂ ਸੁਰੱਖਿਆ ਪ੍ਰਦਾਨ ਕਰੇਗਾ।
2. ਦਿਲ, ਬੀਪੀ ਅਤੇ ਸ਼ੂਗਰ ਦੇ ਰੋਗੀਆਂ ਦੀਆਂ ਸਮੱਸਿਆਵਾਂ ਸਰਦੀਆਂ ਵਿੱਚ ਬਹੁਤ ਵੱਧ ਜਾਂਦੀਆਂ ਹਨ, ਅਜਿਹਾ ਸਰੀਰਕ ਗਤੀਵਿਧੀਆਂ ਦੀ ਕਮੀ ਕਾਰਨ ਹੁੰਦਾ ਹੈ। ਬੇਸ਼ੱਕ ਇਸ ਮੌਸਮ ਵਿੱਚ ਸਰੀਰਕ ਗਤੀਵਿਧੀਆਂ ਕਰਨ ਵਿੱਚ ਬਹੁਤ ਆਲਸ ਆਉਦੀ ਹੈ, ਪਰ ਲਾਪਰਵਾਹੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ, ਇਸ ਲਈ ਭਾਵੇਂ ਇਹ ਥੋੜ੍ਹੇ ਸਮੇਂ ਲਈ ਹੀ ਕਿਉਂ ਨਾ ਕਰੋ ਪਰ, ਕਸਰਤ ਜ਼ਰੂਰ ਕਰੋ।
3. ਸਰਦੀਆਂ ‘ਚ ਪਿਆਸ ਘੱਟ ਲੱਗਦੀ ਹੈ, ਜਿਸ ਕਾਰਨ ਸਰੀਰ ‘ਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਸਰੀਰ ‘ਚ ਪਾਣੀ ਦੀ ਕਮੀ ਦਾ ਮਤਲਬ ਕਈ ਸਮੱਸਿਆਵਾਂ ਦੀ ਸ਼ੁਰੂਆਤ ਹੁੰਦੀ ਹੈ, ਇਸ ਲਈ ਇਸ ਮੌਸਮ ‘ਚ ਪਾਣੀ ਦੇ ਸੇਵਨ ਦਾ ਵੀ ਧਿਆਨ ਰੱਖੋ। ਠੰਡੇ ਪਾਣੀ ਦੀ ਬਜਾਏ ਕੋਸਾ ਪਾਣੀ ਪੀਓ। ਨਾਲ ਹੀ, ਜੇਕਰ ਬਾਥਰੂਮ ਆ ਘੱਟ ਰਿਹਾ ਹੈ ਜਾਂ ਇਹ ਗਾੜ੍ਹਾ ਅਤੇ ਪੀਲਾ ਦਿਖਾਈ ਦੇ ਰਿਹਾ ਹੈ, ਤਾਂ ਡਾਕਟਰ ਦੀ ਸਲਾਹ ਲਓ।
4. ਇਸ ਮੌਸਮ ‘ਚ ਸਰੀਰ ਦੀ ਪਾਚਨ ਕਿਰਿਆ ਘੱਟ ਹੋ ਜਾਂਦੀ ਹੈ, ਇਸ ਲਈ ਇਸ ਨੂੰ ਸਿਹਤਮੰਦ ਰੱਖਣ ਲਈ ਜ਼ਿਆਦਾ ਤੇਲ ਵਾਲਾ ਅਤੇ ਮਸਾਲੇਦਾਰ ਭੋਜਨ ਨਾ ਖਾਓ। ਇਸ ਵਿੱਚ ਪੇਟ ਖਰਾਬ ਹੋਣ ਦੇ ਨਾਲ-ਨਾਲ ਮੋਟਾਪਾ ਵੀ ਵਧਦਾ ਹੈ।
5. ਸਰਦੀਆਂ ਦੇ ਮੌਸਮ ‘ਚ ਦਰਦ ਵਧਣ ਦਾ ਸਭ ਤੋਂ ਵੱਡਾ ਕਾਰਨ ਸਰੀਰ ਨੂੰ ਠੀਕ ਤਰ੍ਹਾਂ ਨਾਲ ਨਾ ਢੱਕਣਾ ਹੁੰਦਾ ਹੈ। ਇਸ ਤੋਂ ਬਚਣ ਲਈ ਆਪਣੇ ਪੂਰੇ ਸਰੀਰ ਨੂੰ ਢੱਕੋ, ਖਾਸ ਕਰਕੇ ਆਪਣੇ ਕੰਨ, ਸਿਰ ਅਤੇ ਪੈਰਾਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ।
6. ਘਰ ਦੇ ਅੰਦਰ ਅਤੇ ਬਾਹਰ ਦੇ ਤਾਪਮਾਨ ‘ਤੇ ਵੀ ਨਜ਼ਰ ਰੱਖੋ। ਘਰ ਵਿੱਚ ਜੇ ਤੁਸੀਂ ਕੰਬਲ ‘ਚ ਜਾਂ ਕਿਸੇ ਹੀਟਰ ਦੇ ਨੇੜੇ ਹੋ, ਤਾਂ ਬਾਥਰੂਮ ਜਾਂ ਖੁੱਲ੍ਹੇ ਹਾਲ ਵਿੱਚ ਜਾਣ ਤੋਂ ਪਹਿਲਾਂ ਆਪਣੇ ਸਰੀਰ ਨੂੰ 2 ਤੋਂ 4 ਮਿੰਟ ਲਈ ਬਾਹਰ ਰੱਖੋ। ਇਸੇ ਤਰ੍ਹਾਂ ਜੇਕਰ ਤੁਸੀਂ ਹੀਟਰ ਆਨ ਕਰਕੇ ਗੱਡੀ ਚਲਾ ਰਹੇ ਹੋ, ਤਾਂ ਕਾਰ ਛੱਡਣ ਤੋਂ 5 ਤੋਂ 10 ਮਿੰਟ ਪਹਿਲਾਂ ਹੀਟਰ ਨੂੰ ਬੰਦ ਕਰ ਦਿਓ ਅਤੇ ਤਾਪਮਾਨ ਨੂੰ ਨਾਰਮਲ ਹੋਣ ਦਿਓ।