ਅਯੁੱਧਿਆ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਰੋਡ ਸ਼ੋਅ ਕਰਦੇ ਹੋਏ ਅਯੁੱਧਿਆ (Ayodhya) ਪਹੁੰਚੇ ਹਨ, ਇੱਥੇ ਉਨ੍ਹਾਂ ਨੇ ਅਯੁੱਧਿਆ ਵਾਸੀਆਂ ਨੂੰ ਅੰਤਰਰਾਸ਼ਟਰੀ ਹਵਾਈ ਅੱਡਾ ਤੋਹਫ਼ੇ ਵਜੋਂ ਦਿੱਤਾ ਹੈ। ਭਗਵਾਨ ਸ਼੍ਰੀ ਰਾਮ ਦੀ ਨਗਰੀ ਅਯੁੱਧਿਆ ਦੇ ਨਵੇਂ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂ ਰਾਮਾਇਣ ਦੇ ਲੇਖਕ ਮਹਾਰਿਸ਼ੀ ਵਾਲਮੀਕਿ ਦੇ ਨਾਂ ‘ਤੇ ਰੱਖਿਆ ਹੈ। ਖ਼ਬਰਾਂ ਮੁਤਾਬਕ ਇਸ ਏਅਰਪੋਰਟ ਦਾ ਨਾਂ ‘ਮਹਾਰਿਸ਼ੀ ਵਾਲਮੀਕਿ ਇੰਟਰਨੈਸ਼ਨਲ ਏਅਰਪੋਰਟ ਅਯੁੱਧਿਆ ਧਾਮ’ ਹੋਵੇਗਾ। ਦਿੱਲੀ ਤੋਂ ਅਯੁੱਧਿਆ ਲਈ ਪਹਿਲੀ ਫਲਾਈਟ ਪਹੁੰਚੇਗੀ। ਡੇਢ ਘੰਟੇ ‘ਚ ਫਲਾਈਟ ਅਯੁੱਧਿਆ ਪਹੁੰਚ ਜਾਵੇਗੀ। ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨੇ ਮੁੜ ਵਿਕਸਤ ‘ਅਯੁੱਧਿਆ ਧਾਮ ਜੰਕਸ਼ਨ’ ਦਾ ਉਦਘਾਟਨ ਕੀਤਾ।
ਪੀ.ਐਮ ਮੋਦੀ ਸਵੇਰੇ ਭਗਵਾਨ ਰਾਮ ਦੀ ਜਨਮ ਭੂਮੀ ਅਯੁੱਧਿਆ ਪਹੁੰਚੇ, ਜਿੱਥੇ ਉੱਤਰ ਪ੍ਰਦੇਸ਼ ਦੇ ਰਾਜਪਾਲ ਆਨੰਦੀਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ। ਜਿਸ ਤੋਂ ਬਾਅਦ ਪੀਐਮ ਮੋਦੀ ਨੇ 8 ਕਿਲੋਮੀਟਰ ਦਾ ਰੋਡ ਸ਼ੋਅ ਕੀਤਾ। ਇਸ ਦੌਰਾਨ ਲੋਕਾਂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ। ਲੋਕਾਂ ਨੇ ਉਨ੍ਹਾਂ ‘ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਔਰਤਾਂ ਨੇ ਉਨ੍ਹਾਂ ਦੀ ਆਰਤੀ ਵੀ ਕੀਤੀ। ਮੋਦੀ ਵੀ ਹੱਥ ਹਿਲਾ ਕੇ ਅਯੁੱਧਿਆ ਵਾਸੀਆਂ ਨੂੰ ਵਧਾਈ ਦਿੰਦੇ ਰਹੇ। ਲੋਕਾਂ ਵਿੱਚ ਪੀਐਮ ਮੋਦੀ ਦੀ ਇੱਕ ਝਲਕ ਪਾਉਣ ਦਾ ਉਤਸ਼ਾਹ ਸਾਫ਼ ਨਜ਼ਰ ਆ ਰਿਹਾ ਸੀ।
ਇਸ ਤੋਂ ਬਾਅਦ ਪੀਐਮ ਮੋਦੀ ਨੇ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਅੰਮ੍ਰਿਤ ਭਾਰਤ ਐਕਸਪ੍ਰੈਸ ਅਤੇ ਵੰਦੇ ਭਾਰਤ ਸਮੇਤ 8 ਟਰੇਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਪੀ. ਐਮ ਨੇ ਮੋਦੀ ਆਪਣੀ ਅਯੁੱਧਿਆ ਯਾਤਰਾ ਦੌਰਾਨ ਹਜ਼ਾਰਾਂ ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਸੂਤਰਾਂ ਮੁਤਾਬਕ ਇਸ ਤੋਂ ਬਾਅਦ ਪੀਐਮ ਮੋਦੀ ਰੈਣ ਬਸੇਰੇ ‘ਚ ਜਾ ਸਕਦੇ ਹਨ।