ਮੋਗਾ : ਜ਼ਿਲ੍ਹੇ ‘ਚ ਲੱਗੇ ਮੇਲੇ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਸੁਧਾਰ ਟਰੱਸਟ (Town Improvement Trust) ਵਿੱਚ ਲੱਗੇ ਮੇਲੇ ਨੂੰ ਬੰਦ ਕਰਵਾਉਣ ਨੂੰ ਲੈ ਕੇ ਨਿਹੰਗਾਂ ਵੱਲੋਂ ਭਾਰੀ ਹੰਗਾਮਾ ਕੀਤਾ ਗਿਆ ਹੈ। ਇੰਨਾ ਹੀ ਨਹੀਂ ਨਿਹੰਗ ਸਿੰਘ ਕਰਮਜੀਤ ਸਿੰਘ ਪੁੱਤਰ ਲਾਲ ਸਿੰਘ ਵਾਸੀ ਪਿੰਡ ਲੰਡੇ ਨੇ ਮੇਲਾ ਬੰਦ ਕਰਵਾਉਣ ਲਈ ਅੜੇ ਹੋਏ ਬੀ.ਐਸ.ਐਨ.ਐਲ ਟਾਵਰ ’ਤੇ ਚੜ੍ਹ ਗਏ।
ਹੰਗਾਮਾ ਕਰ ਰਹੇ ਨਿਹੰਗਾਂ ਦਾ ਕਹਿਣਾ ਹੈ ਕਿ ਅੱਜਕੱਲ੍ਹ 4 ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਅਤੇ ਅਜਿਹੇ ਵਿੱਚ ਥਾਂ-ਥਾਂ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਹਨ ਪਰ ਨਗਰ ਸੁਧਾਰ ਟਰੱਸਟ ਵੱਲੋਂ ਇੱਥੇ ਮੇਲਾ ਲਗਾਇਆ ਗਿਆ ਹੈ, ਜਿੱਥੇ ਅਸ਼ਲੀਲ ਗੀਤ ਅਤੇ ਰੌਲਾ ਪਾਇਆ ਜਾ ਰਿਹਾ ਹੈ। ਨਿਹੰਗ ਸਿੰਘ ਕਰਮਜੀਤ ਸਿੰਘ ਨੇ ਕਿਹਾ ਕਿ ਉਹ ਮੇਲਾ ਬੰਦ ਹੋਣ ਤੱਕ ਟਾਵਰ ’ਤੇ ਬੈਠੇ ਰਹਿਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਾਇਬ ਤਹਿਸੀਲ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਪ੍ਰਸ਼ਾਸਨ ਵੱਲੋਂ ਮੇਲੇ ਵਿੱਚ ਲਗਾਏ ਗਏ ਸਪੀਕਰਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ਅਤੇ ਨਿਹੰਗ ਸਿੰਘ ਕਰਮਜੀਤ ਸਿੰਘ ਨੂੰ ਟਾਵਰ ਤੋਂ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।