ਲੁਧਿਆਣਾ : ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਦੇ ਚੱਲਦਿਆਂ ਸਪੈਸ਼ਲ ਟਾਸਕ ਫੋਰਸ ਦੀ ਟੀਮ ਨੇ ਕਾਰਵਾਈ ਕਰਦੇ ਹੋਏ ਇਕ ਔਰਤ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਡੇਢ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 8 ਕਰੋੜ ਰੁਪਏ ਦੱਸੀ ਜਾ ਰਹੀ ਹੈ। ਮੁਲਜ਼ਮਾਂ ਖ਼ਿਲਾਫ਼ ਨਸ਼ਾ ਤਸਕਰੀ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਫੜੇ ਗਏ ਮੁਲਜ਼ਮਾਂ ਦੀ ਪਛਾਣ ਆਸ਼ੀਸ਼ ਉਰਫ਼ ਆਸ਼ੂ ਵਜੋਂ ਕੀਤੀ ਹੈ, ਜੋ ਕਿ ਜੌਹਰੀ ਦਾ ਕੰਮ ਕਰਦਾ ਹੈ, ਸੁਖਵਿੰਦਰ ਸਿੰਘ ਉਰਫ਼ ਲਾਡੀ ਟੈਕਸੀ ਡਰਾਈਵਰ ਅਤੇ ਵੰਦਨਾ ਨਾਂ ਦੀ ਔਰਤ ਜੋ ਮਿਲਟਰੀ ਹਸਪਤਾਲ ਵਿੱਚ ਪ੍ਰਾਈਵੇਟ ਨਰਸ ਵਜੋਂ ਕੰਮ ਕਰਦੀ ਹੈ।
ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਉਕਤ ਦੋਸ਼ੀ ਪਿਛਲੇ ਕਾਫੀ ਸਮੇਂ ਤੋਂ ਹੈਰੋਇਨ ਦੀ ਤਸਕਰੀ ਦਾ ਧੰਦਾ ਕਰ ਰਹੇ ਹਨ ਅਤੇ ਹੈਰੋਇਨ ਦੀ ਸਪਲਾਈ ਕਰਨ ਲਈ ਦੁੱਗਰੀ ਇਲਾਕੇ ‘ਚ ਈ.ਟੀ.ਓ.ਐੱਸ ਕਾਰ ‘ਚ ਲੁਧਿਆਣਾ ਆ ਰਹੇ ਹਨ। ਜਿਸ ’ਤੇ ਪੁਲਿਸ ਨੇ ਨਾਕਾਬੰਦੀ ਕਰਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ।
ਪੁੱਛਗਿੱਛ ਦੌਰਾਨ ਦੋਸ਼ੀ ਵੰਦਨਾ ਨੇ ਦੱਸਿਆ ਕਿ ਉਸ ਦਾ ਪਤੀ ਪਹਿਲਾਂ ਹੈਰੋਇਨ ਦੀ ਤਸਕਰੀ ਕਰਦਾ ਸੀ, ਜੋ ਕਿ ਜ਼ਮਾਨਤ ‘ਤੇ ਜੇਲ੍ਹ ‘ਚੋਂ ਰਿਹਾਅ ਹੋ ਕੇ ਕਰੀਬ 8 ਸਾਲਾਂ ਤੋਂ ਤਸਕਰੀ ਦਾ ਧੰਦਾ ਕਰ ਰਿਹਾ ਹੈ, ਜਦਕਿ ਮੁਲਜ਼ਮ ਆਸ਼ੀਸ਼ ਅਤੇ ਸੁਖਵਿੰਦਰ ਖ਼ਿਲਾਫ਼ ਪਹਿਲਾਂ ਵੀ ਹੈਰੋਇਨ ਦੀ ਤਸਕਰੀ ਦੇ ਮਾਮਲੇ ਦਰਜ ਸਨ। ਮੁਲਜ਼ਮਾਂ ਤੋਂ ਬਾਰੀਕੀ ਨਾਲ ਪੁੱਛਗਿੱਛ ਕਰਕੇ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਨੱਥ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ। ਮੁਲਜ਼ਮਾਂ ਕੋਲੋਂ ਹੋਰ ਵੀ ਕਈ ਤਸਕਰਾਂ ਬਾਰੇ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ।