ਜਲੰਧਰ : ਜਲੰਧਰ (Jalandhar) ਸਿਟੀ ਪੁਲਿਸ ਦੇ ਨਵੇਂ ਕਮਿਸ਼ਨਰ ਆਈ.ਪੀ.ਐੱਸ ਸਵਪਨ ਸ਼ਰਮਾ (IPS Swapan Sharma) ਵਲੋਂ ਅੱਜ ਸਾਰੇ ਥਾਣਿਆਂ ਦੇ ਇੰਚਾਰਜਾਂ, ਮੁਨਸ਼ੀਆਂ, ਏ.ਡੀ.ਸੀ.ਪੀਜ਼, ਐੱਸ.ਐੱਚ.ਓਜ਼, ਏ.ਸੀ.ਪੀਜ਼, ਡੀ.ਸੀ.ਪੀਜ਼ ਨਾਲ ਇਕ ਅਹਿਮ ਮੀਟਿੰਗ ਕੀਤੀ ਗਈ। ਇਸ ਦੌਰਾਨ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਜਲੰਧਰ ਵਿੱਚ ਟ੍ਰੈਫਿਕ ਜਾਮ ਦੀ ਸਮੱਸਿਆ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਗੱਲਬਾਤ ਕੀਤੀ।
ਇਸ ਦੌਰਾਨ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤਾਂ ਦਿੰਦਿਆਂ ਕਿਹਾ ਕਿ ਦੇਰ ਰਾਤ ਤੱਕ ਦੁਕਾਨਾਂ ਖੁੱਲ੍ਹੀਆਂ ਰਹਿਣ ਅਤੇ ਰੇਹੜੀ-ਫੜ੍ਹੀ ਵਾਲਿਆਂ ਨੂੰ ਟ੍ਰੈਫਿਕ ਜਾਮ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਥਾਣਿਆਂ ਵਿੱਚ ਆਉਣ ਵਾਲੇ ਕੇਸਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾਵੇ।
ਦੱਸ ਦੇਈਏ ਕਿ IPS ਸਵਪਨ ਸ਼ਰਮਾ ਨੂੰ ਜਲੰਧਰ ਦਾ ਨਵਾਂ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਪਿਛਲੇ ਮਹੀਨੇ ਹੀ ਚਾਰਜ ਸੰਭਾਲਿਆ ਸੀ। ਉਨ੍ਹਾਂ ਅਹੁਦਾ ਸੰਭਾਲਦਿਆਂ ਕਿਹਾ ਸੀ ਕਿ ਸ਼ਹਿਰ ਨੂੰ ਨਸ਼ਾ ਮੁਕਤ ਬਣਾਉਣਾ ਅਤੇ ਸ਼ਹਿਰ ਨੂੰ ਚੋਰੀਆਂ, ਖੋਹਾਂ, ਲੁੱਟ-ਖੋਹ ਵਰਗੀਆਂ ਘਟਨਾਵਾਂ ਤੋਂ ਮੁਕਤ ਕਰਵਾਉਣਾ ਮੁੱਖ ਟੀਚਾ ਹੋਵੇਗਾ ਅਤੇ ਟ੍ਰੈਫਿਕ ਵਿਵਸਥਾ ਵਿੱਚ ਸੁਧਾਰ ਕਰਕੇ ਸ਼ਹਿਰ ਵਾਸੀਆਂ ਨੂੰ ਸਾਫ਼ ਸੁਥਰਾ ਅਤੇ ਸ਼ਾਂਤਮਈ ਮਾਹੌਲ ਮੁਹੱਈਆ ਕਰਵਾਇਆ ਜਾਵੇਗਾ।