ਨਵੀਂ ਦਿੱਲੀ : ਲੋਕ ਸਭਾ (Lok Shabha) ਚੋਣਾਂ ‘ਚ ਅਜੇ 6 ਮਹੀਨੇ ਬਾਕੀ ਹਨ ਪਰ ਭਾਜਪਾ ਲੀਡਰਸ਼ਿਪ 5 ਸੂਬਿਆਂ ਦੀਆਂ ਚੋਣਾਂ ਦੇ ਨਾਲ-ਨਾਲ ਜੇਤੂ ਉਮੀਦਵਾਰਾਂ ਦੀ ਚੋਣ ‘ਚ ਵੀ ਰੁੱਝੀ ਹੋਈ ਹੈ। ਭਾਜਪਾ ਹੈੱਡਕੁਆਰਟਰ ਤੋਂ ਆ ਰਹੀਆਂ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਉਹ ਲੋਕ ਸਭਾ ਚੋਣਾਂ ਵਿੱਚ ਮੈਦਾਨ ਵਿੱਚ ਉਤਾਰਨ ਲਈ ਫਿਲਮ ਇੰਡਸਟਰੀ ਤੋਂ ਨਵੇਂ ਚਿਹਰਿਆਂ ਦੀ ਤਲਾਸ਼ ਕਰ ਰਹੀ ਹੈ।
ਹੇਮਾ ਮਾਲਿਨੀ (Hema Malini)ਪਹਿਲਾਂ ਹੀ 75 ਸਾਲ ਦੀ ਉਮਰ ਹੱਦ ਪਾਰ ਕਰ ਚੁੱਕੀ ਹੈ ਇਸ ਲਈ ਸੰਭਵ ਹੈ ਕਿ ਉਨ੍ਹਾਂ ਨੂੰ ਮੈਦਾਨ ਵਿੱਚ ਨਾ ਉਤਾਰਿਆ ਜਾਵੇ ਜਦਕਿ ਸੰਨੀ ਦਿਓਲ ਨੇ ਵੀ ਚੋਣ ਲੜਨ ਤੋਂ ਇਨਕਾਰ ਕੀਤਾ ਹੈ ਅਤੇ ਭਾਜਪਾ ਨੂੰ ਗੁਰਦਾਸਪੁਰ ਵਿੱਚ ਨਵਾਂ ਚਿਹਰਾ ਲੱਭਣਾ ਪਵੇਗਾ। ਭਾਜਪਾ ਬਿਨਾਂ ਕਿਸੇ ਸਹਿਯੋਗੀ ਪਹਿਲਾਂ ਹੀ ਸਖ਼ਤ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ ਅਤੇ ਨਵੇਂ ਚਿਹਰੇ ਦੀ ਤਲਾਸ਼ ਕਰ ਰਹੀ ਹੈ।
ਇਸੇ ਤਰ੍ਹਾਂ ਕਿਰਨ ਖੇਰ ਦੀ ਸਿਹਤ ਵੀ ਪਿਛਲੇ ਕੁਝ ਸਮੇਂ ਤੋਂ ਠੀਕ ਨਹੀਂ ਹੈ ਅਤੇ ਭਾਜਪਾ ਨੂੰ ਚੰਡੀਗੜ੍ਹ ਵਿੱਚ ਵੀ ਨਵੇਂ ਚਿਹਰੇ ਦੀ ਲੋੜ ਪਵੇਗੀ। ਇਸ ਸਿਲਸਿਲੇ ‘ਚ ਇਸ ਵਾਰ ਮਥੁਰਾ ਤੋਂ ਹਿੰਦੀ ਸਿਨੇਮਾ ਦੇ ਮਸ਼ਹੂਰ ਸਿਤਾਰਿਆਂ ਅਕਸ਼ੈ, ਕੰਗਨਾ ਰਣੌਤ ਅਤੇ ਮਾਧੁਰੀ ਦੀਕਸ਼ਿਤ ਦੇ ਨਾਂ ਸਾਹਮਣੇ ਆ ਰਹੇ ਹਨ।
ਅਕਸ਼ੈ ਕੁਮਾਰ
ਅਕਸ਼ੈ ਕੁਮਾਰ ਪ੍ਰਧਾਨ ਮੰਤਰੀ ਮੋਦੀ ਦੇ ਕਰੀਬੀ ਰਹੇ ਹਨ ਅਤੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੀ.ਐੱਮ. ਧਾ ਇੰਟਰਵਿਊ ਲੈਣ ਲਈ ਐਂਕਰ ਵੀ ਬਣਾਏ ਗਏ ਸਨ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਦਿੱਲੀ ਦੀ ਚਾਂਦਨੀ ਚੌਕ ਸੀਟ ਤੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ।
ਕੰਗਨਾ ਰਣੌਤ
ਕੰਗਨਾ ਰਣੌਤ ਪਹਿਲਾਂ ਹੀ ਰਾਜਨੀਤੀ ਵਿੱਚ ਆਉਣ ਦੀ ਇੱਛਾ ਜ਼ਾਹਰ ਕਰ ਚੁੱਕੀ ਹੈ ਅਤੇ ਉਸ ਨੂੰ ਮੰਡੀ ਲੋਕ ਸਭਾ ਸੀਟ ਤੋਂ ਕਾਂਗਰਸ ਦੀ ਪ੍ਰਤਿਭਾ ਸਿੰਘ ਖ਼ਿਲਾਫ਼ ਖੜ੍ਹਾ ਕੀਤਾ ਜਾ ਸਕਦਾ ਹੈ। ਮਾਧੁਰੀ ਦੀਕਸ਼ਿਤ ਨੂੰ ਮੁੰਬਈ ਨਾਰਥ ਜਾਂ ਮਥੁਰਾ ਤੋਂ ਵੀ ਮੈਦਾਨ ‘ਚ ਉਤਾਰਿਆ ਜਾ ਸਕਦਾ ਹੈ।
ਭੋਜਪੁਰੀ ਅਦਾਕਾਰ
ਭੋਜਪੁਰੀ ਅਦਾਕਾਰ ਲਾਕੇਟ ਚੈਟਰਜੀ (ਪੱਛਮੀ ਬੰਗਾਲ) ਅਤੇ ਕੰਨੜ ਫਿਲਮ ਸਟਾਰ ਸੁਮਨ ਲਠਾ (ਕਰਨਾਟਕ) ਤੋਂ ਇਲਾਵਾ ਮਨੋਜ ਤਿਵਾਰੀ, ਰਵੀ ਕਿਸ਼ਨ ਅਤੇ ਦਿਨੇਸ਼ ਲਾਲ ਯਾਦਵ ਪਹਿਲਾਂ ਹੀ ਭਾਜਪਾ ਦੇ ਸੰਸਦ ਮੈਂਬਰ ਹਨ। ਭਾਜਪਾ ਦੱਖਣ ਦੇ ਕੁਝ ਫਿਲਮੀ ਸਿਤਾਰਿਆਂ ਨੂੰ ਵੀ ਚਾਹੁੰਦੀ ਹੈ। ਕ੍ਰਿਕਟ ਸਟਾਰ ਵਰਿੰਦਰ ਸਹਿਵਾਗ ਦਾ ਨਾਂ ਵੀ ਹਰਿਆਣਾ ਤੋਂ ਲੋਕ ਸਭਾ ਚੋਣ ਲੜਨ ਲਈ ਚਰਚਾ ‘ਚ ਹੈ।