ਚੰਡੀਗੜ੍ਹ : ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ (Sports Minister Sandeep Singh) ਖ਼ਿਲਾਫ਼ ਚਲ ਰਹੇ ਕੇਸ ਦੀ ਸੁਣਵਾਈ ਅੱਜ ਹੋਵੇਗੀ। ਮਹਿਲਾ ਕੋਚ ਵੱਲੋਂ ਲਗਾਏ ਗਏ ਦੋਸ਼ਾਂ ‘ਤੇ ਦੋਵੇਂ ਧਿਰਾਂ ਆਪੋ-ਆਪਣੀਆਂ ਦਲੀਲਾਂ ਪੇਸ਼ ਕਰਨਗੀਆਂ। ਹਾਲ ਹੀ ਵਿੱਚ, ਮਹਿਲਾ ਕੋਚ ਨੇ ਅਰਜ਼ੀ ਦੇ ਕੇ ਆਪਣੀ ਪਛਾਣ ਉਜਾਗਰ ਕਰਨ ਅਤੇ ਦੋਸ਼ੀ ਦੀ ਅਗਾਊਂ ਜ਼ਮਾਨਤ ਕਾਰਨ ਆਪਣੀ ਜਾਨ ਨੂੰ ਖ਼ਤਰਾ ਹੋਣ ਦਾ ਡਰ ਵੀ ਜਤਾਇਆ ਸੀ। ਇਸ ਦਾ ਜਵਾਬ ਵੀ ਦੋਸ਼ੀ ਧਿਰ ਵੱਲੋਂ ਦਿੱਤਾ ਜਾ ਚੁੱਕਾ ਹੈ। ਅੱਜ ਅਦਾਲਤ ਵਿੱਚ ਦੋਵੇਂ ਧਿਰਾਂ ਇਸ ਸਬੰਧੀ ਆਪਣੀਆਂ ਦਲੀਲਾਂ ਦੇਣਗੀਆਂ।
ਪੀੜਤ ਵੱਲੋਂ ਇੱਕ ਅਰਜ਼ੀ ਦਾਇਰ ਕਰਕੇ ਮੰਗ ਕੀਤੀ ਗਈ ਹੈ ਕਿ ਉਸਦੇ ਕੇਸ ਦੀ ਸੁਣਵਾਈ ਮੈਜਿਸਟਰੇਟ ਤੋਂ ਸੈਸ਼ਨ ਕੋਰਟ ਵਿੱਚ ਤਬਦੀਲ ਕੀਤੀ ਜਾਵੇ। ਇਸ ਤੋਂ ਇਲਾਵਾ ਕੇਸ ਦੀ ਡੇਟ ਟੂ ਡੇਟ ਸੁਣਵਾਈ ਕਰਨ ਦੀ ਅਰਜ਼ੀ ਵੀ ਦਿੱਤੀ ਗਈ ਸੀ। ਪੀੜਤਾ ਨੇ ਪੰਚਕੂਲਾ ‘ਚ ਪ੍ਰੈੱਸ ਕਾਨਫਰੰਸ ਕਰਕੇ ਉਸ ਦਾ ਨਾਂ ਉਜਾਗਰ ਕਰਨ ਅਤੇ ਜਨਤਕ ਤੌਰ ‘ਤੇ ਬਦਨਾਮ ਕਰਨ ਵਾਲੇ ਕੁਝ ਲੋਕਾਂ ਖ਼ਿਲਾਫ਼ ਆਈ.ਪੀ.ਸੀ ਦੀ ਧਾਰਾ 228ਏ, 449 ਅਤੇ 500 ਤਹਿਤ ਕਾਰਵਾਈ ਲਈ ਅਰਜ਼ੀ ਦਾਇਰ ਕੀਤੀ ਸੀ। ਇਸ ਦੀ ਸੁਣਵਾਈ ਵੀ ਅਦਾਲਤ ਵਿੱਚ ਹੋਵੇਗੀ।
ਦੱਸ ਦੇਈਏ ਕਿ ਹਰਿਆਣਾ ‘ਚ ਜੂਨੀਅਰ ਮਹਿਲਾ ਕੋਚ ਨਾਲ ਛੇੜਛਾੜ ਦੇ ਮਾਮਲੇ ‘ਚ ਰਾਜ ਮੰਤਰੀ ਸੰਦੀਪ ਸਿੰਘ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਪੁਲਿਸ ਕੋਲ ਉਸ ਖ਼ਿਲਾਫ਼ ਅਹਿਮ ਸਬੂਤ ਹਨ, ਜਿਨ੍ਹਾਂ ਦਾ ਖੁਲਾਸਾ ਚਾਰਜਸ਼ੀਟ ਵਿੱਚ ਹੋਇਆ ਹੈ। ਚਾਰਜਸ਼ੀਟ ਵਿੱਚ ਇੱਕ ਗੱਲ ਸਾਫ਼ ਹੈ ਕਿ ਸੰਦੀਪ ਵੱਲੋਂ ਐਸ.ਆਈ.ਟੀ ਨੂੰ ਦਿੱਤੇ ਬਿਆਨਾਂ ਵਿੱਚ ਕਈ ਗੱਲਾਂ ਮੇਲ ਨਹੀਂ ਖਾਂ ਰਹੀਆ। ਮੰਤਰੀ ਨੇ ਪੁਲਿਸ ਨੂੰ ਦੱਸਿਆ ਸੀ ਕਿ ਪੀੜਤਾ ਨਾਲ ਉਸ ਦੇ ਕੋਈ ਨਿੱਜੀ ਸਬੰਧ ਨਹੀਂ ਸਨ, ਜਾਂਚ ਤੋਂ ਪਤਾ ਚੱਲਿਆ ਹੈ ਕਿ ਉਨ੍ਹਾਂ ਦਾ ਰਿਸ਼ਤਾ ਪੇਸ਼ੇਵਰ ਸਬੰਧਾਂ ਤੋਂ ਵੱਧ ਕੇ ਸੀ। ਜਿਨਸੀ ਸ਼ੋਸ਼ਣ ਮਾਮਲੇ ‘ਚ ਸੰਦੀਪ ਸਿੰਘ ਖ਼ਿਲਾਫ਼ ਦਾਇਰ ਚਾਰਜਸ਼ੀਟ ‘ਚ ਕਈ ਅਹਿਮ ਖੁਲਾਸੇ ਹੋਏ ਹਨ। ਚੰਡੀਗੜ੍ਹ ਪੁਲਿਸ ਨੇ ਚਾਰਜਸ਼ੀਟ ਵਿੱਚ ਲਿਿਖਆ ਹੈ ਕਿ ਕੋਚ ਜਿਨਸੀ ਸ਼ੋਸ਼ਣ ਦੇ ਅਪਰਾਧ ਸਥਾਨ ਤੋਂ ਪਹਿਲਾਂ ਹੀ ਜਾਣੂ ਸੀ।