ਸਪੋਰਟਸ : ਟੀ-20 ਮੈਚ ਜਿੱਤਣ ਤੋਂ ਬਾਅਦ ਟੀਮ ਇੰਡੀਆ ਦਾ ਮਨੋਬਲ ਉੱਚਾ ਹੋ ਗਿਆ ਹੈ। ਇਸ ਵਿੱਚ ਟੀਮ 5 ਮੈਚਾਂ ਦੀ ਸੀਰੀਜ਼ ‘ਚ 1-0 ਨਾਲ ਅੱਗੇ ਹੈ। ਹੁਣ 26 ਨਵੰਬਰ ਨੂੰ ਭਾਰਤ ਦੀ ਦੂਜੇ ਮੈਚ ‘ਚ ਆਸਟ੍ਰੇਲੀਆ (Australia) ਨਾਲ ਟੱਕਰ ਹੋਵੇਗੀ। ਇਹ ਮੈਚ ਤਿਰੂਵਨੰਤਪੁਰਮ (Trivantpuram) ਦੇ ਗ੍ਰੀਨ ਫੀਲਡ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਹੋਵੇਗਾ। ਪਹਿਲੇ ਮੈਚ ‘ਚ ਕਪਤਾਨੀ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਿਵਾਉਣ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸੂਰਿਆਕੁਮਾਰ ਯਾਦਵ ਕੋਲ ਇਸ ਮੈਚ ‘ਚ ਵਿਰਾਟ ਕੋਹਲੀ ਦਾ ਵੱਡਾ ਰਿਕਾਰਡ ਤੋੜਨ ਦਾ ਮੌਕਾ ਹੈ। ਇੰਨਾ ਹੀ ਨਹੀਂ ਉਹ ਵਿਸ਼ਵ ਰਿਕਾਰਡ ਆਪਣੇ ਨਾਂ ਕਰਨ ਤੋਂ ਵੀ ਕੁਝ ਦੌੜਾਂ ਦੂਰ ਹੈ।
ਕੋਹਲੀ ਦਾ ਟੁੱਟ ਸਕਦਾ ਹੈ ਇਹ ਵੱਡਾ ਰਿਕਾਰਡ
ਦੁਨੀਆ ਦੇ ਨੰਬਰ ਵਨ ਟੀ-20 ਬੱਲੇਬਾਜ਼ ਸੂਰਿਆਕੁਮਾਰ (Suria Kumar) ਨੇ ਆਸਟ੍ਰੇਲੀਆ ਖ਼ਿਲਾਫ਼ ਪਹਿਲੇ ਮੈਚ ‘ਚ ਆਪਣੇ ਬੱਲੇ ਦੀ ਧਮਕ ਦੁਨੀਆ ਨੂੰ ਦਿਖਾਈ। ਉਨ੍ਹਾਂ ਨੇ ਸ਼ਾਨਦਾਰ ਪਾਰੀ ਖੇਡ ਕੇ 80 ਦੌੜਾਂ ਬਣਾ ਕੇ ਟੀਮ ਦੀ ਜਿੱਤ ਦੀ ਨੀਂਹ ਰੱਖੀ। ਸੂਰਿਆ ਉਨ੍ਹਾਂ ਭਾਰਤੀ ਕ੍ਰਿਕਟਰਾਂ ਦੀ ਸੂਚੀ ‘ਚ ਸ਼ਾਮਿਲ ਹੋ ਗਿਆ ਹੈ, ਜਿਨ੍ਹਾਂ ਨੇ ਟੀ-20 ਅੰਤਰਰਾਸ਼ਟਰੀ ਮੈਚਾਂ ‘ਚ ਲਗਾਤਾਰ 3 ਅਰਧ ਸੈਂਕੜੇ ਲਗਾਏ ਹਨ। ਸੂਰਿਆਕੁਮਾਰ ਯਾਦਵ ਨੇ ਪਿਛਲੇ ਤਿੰਨ ਟੀ-20 ਮੈਚਾਂ ਵਿੱਚ ਅਰਧ ਸੈਂਕੜੇ ਲਗਾਏ ਹਨ। ਹੁਣ ਉਨ੍ਹਾਂ ਕੋਲ ਬਹੁਤ ਵਾਰ ਅਜਿਹਾ ਕਰਨ ਦਾ ਵਧੀਆ ਮੌਕਾ ਹੈ। ਜੇਕਰ ਉਹ ਆਸਟ੍ਰੇਲੀਆ ਦੇ ਖ਼ਿਲਾਫ਼ ਦੂਜੇ ਟੀ-20 ‘ਚ ਅਰਧ ਸੈਂਕੜਾ ਲਗਾਉਣ ‘ਚ ਸਫਲ ਰਹਿੰਦਾ ਹੈ ਤਾਂ ਉਹ ਲਗਾਤਾਰ 4 ਮੈਚਾਂ ‘ਚ ਅਰਧ ਸੈਂਕੜੇ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਜਾਣਗੇ।
ਟੀ 20 ਵਿੱਚ ਭਾਰਤੀ ਕ੍ਰਿਕਟਰਾਂ ਵੱਲੋਂ ਲਗਾਤਾਰ ਸਭ ਤੋਂ ਵੱਧ ਅਰਧ ਸੈਂਕੜੇ
3 – ਵਿਰਾਟ ਕੋਹਲੀ 2012, 2014 ਅਤੇ 2016 ਵਿੱਚ
3 – 2018 ਵਿੱਚ ਰੋਹਿਤ ਸ਼ਰਮਾ
3- 2020 ਅਤੇ 2021 ਵਿੱਚ ਕ.ੇਐਲ ਰਾਹੁਲ
3- 2022 ਵਿੱਚ ਸ਼੍ਰੇਅਸ ਅਈਅਰ
3- ਸੂਰਿਆਕੁਮਾਰ ਯਾਦਵ 2022 ਅਤੇ 2023 ਵਿੱਚ
ਟੀ-20 ‘ਚ ਇਹ ਨਾਂ ਬਣਾ ਸਕਦੇ ਹਨ ਵਿਸ਼ਵ ਰਿਕਾਰਡ
ਸੂਰਿਆ ਆਸਟ੍ਰੇਲੀਆ ਖ਼ਿਲਾਫ਼ ਟੀ-20 ਸੀਰੀਜ਼ ਦੇ ਦੂਜੇ ਮੈਚ ‘ਚ ਵਿਸ਼ਵ ਰਿਕਾਰਡ ਬਣਾਉਣ ਤੋਂ ਕੁਝ ਹੀ ਦੌੜਾਂ ਦੂਰ ਹਨ। ਦਰਅਸਲ, ਕ੍ਰਿਕਟ ਦੇ ਇਸ ਸਭ ਤੋਂ ਛੋਟੇ ਫਾਰਮੈਟ ਵਿੱਚ ਸਭ ਤੋਂ ਤੇਜ਼ 2000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਪਾਕਿਸਤਾਨ ਦੇ ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਹਨ। ਦੋਵਾਂ ਨੇ 52 ਪਾਰੀਆਂ ‘ਚ 2000 ਦੌੜਾਂ ਪੂਰੀਆਂ ਕੀਤੀਆਂ ਸਨ। ਸੂਰਿਆਕੁਮਾਰ ਨੇ 51 ਪਾਰੀਆਂ ‘ਚ 1921 ਦੌੜਾਂ ਬਣਾਈਆਂ ਹਨ, ਜਿਸ ਦਾ ਮਤਲਬ ਹੈ ਕਿ ਉਹ ਹੁਣ 2000 ਦੌੜਾਂ ਪੂਰੀਆਂ ਕਰਨ ਤੋਂ ਸਿਰਫ਼ 79 ਦੌੜਾਂ ਦੂਰ ਹਨ। ਜੇਕਰ ਸੂਰਿਆ ਦੂਜੇ ਟੀ-20 ਮੈਚ ‘ਚ ਇੰਨੀਆਂ ਦੌੜਾਂ ਬਣਾਉਂਦੇ ਹਨ ਤਾਂ ਉਹ ਬਾਬਰ-ਰਿਜ਼ਵਾਨ ਦੇ ਨਾਲ ਮਿਲ ਕੇ ਸਭ ਤੋਂ ਤੇਜ਼ 2000 ਦੌੜਾਂ ਪੂਰੀਆਂ ਕਰਨ ਵਾਲੇ ਬੱਲੇਬਾਜ਼ ਬਣ ਜਾਣਗੇ।
ਸੂਰਿਆਕੁਮਾਰ ਯਾਦਵ ਨੇ ਟੀ-20 ਫਾਰਮੈਟ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ ਹੈ। ਉਨ੍ਹਾਂ ਨੇ ਟੀ-20 ਇੰਟਰਨੈਸ਼ਨਲ ਦੀਆਂ 51 ਪਾਰੀਆਂ ‘ਚ 46.85 ਦੀ ਔਸਤ ਅਤੇ 173.38 ਦੀ ਬੇਹੱਦ ਖਤਰਨਾਕ ਸਟ੍ਰਾਈਕ ਰੇਟ ਨਾਲ 1921 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਹ 3 ਸੈਂਕੜੇ ਅਤੇ 16 ਅਰਧ ਸੈਂਕੜੇ ਲਗਾਉਣ ‘ਚ ਵੀ ਸਫਲ ਰਹੇ ਹਨ। ਉਹ ਇਸ ਸਮੇਂ 863 ਰੇਟਿੰਗ ਅੰਕਾਂ ਦੇ ਨਾਲ ਆਈ.ਸੀ.ਸੀ ਟੀ-20 ਰੈਂਕਿੰਗ ਵਿੱਚ ਵਿਸ਼ਵ ਦਾ ਨੰਬਰ 1 ਬੱਲੇਬਾਜ਼ ਵੀ ਹੈ। ਆਸਟ੍ਰੇਲੀਆ ਖ਼ਿਲਾਫ਼ ਪਹਿਲੇ ਟੀ-20 ਮੈਚ ‘ਚ ਉਨ੍ਹਾਂ ਨੇ 80 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ ਸੀ।