ਨਵੀ ਦਿੱਲੀ : ਭਾਰਤੀ ਜਲ ਸੈਨਾ (Recruitment navy) ਦੇ ਅੱਠ ਸਾਬਕਾ ਅਧਿਕਾਰੀਆਂ ਦੀ ਮੌਤ ਦੀ ਸਜ਼ਾ ‘ਤੇ ਰੋਕ ਲੱਗ ਸਕਦੀ ਹੈ। ਦਰਅਸਲ, ਭਾਰਤੀ ਜਲ ਸੈਨਾ ਦੇ ਅੱਠ ਸਾਬਕਾ ਅਧਿਕਾਰੀਆਂ ਦੀ ਪਟੀਸ਼ਨ ਨੂੰ ਕਤਰ ਦੀ ਅਦਾਲਤ ਨੇ ਸਵੀਕਾਰ ਕਰ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਅੱਠ ਸਾਬਕਾ ਜਲ ਸੈਨਾ ਅਧਿਕਾਰੀਆਂ ਨੂੰ ਕਤਰ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਇਨ੍ਹਾਂ ਸਾਰਿਆਂ ‘ਤੇ ਜਾਸੂਸੀ ਦਾ ਦੋਸ਼ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਹਾਲ ਹੀ ‘ਚ ਇਸ ਮਾਮਲੇ ‘ਤੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਇਸ ਦਾ ਕਾਨੂੰਨੀ ਵਿਕਲਪ ਲੱਭਣਗੇ। ਭਾਰਤ ਨੇ ਇਸ ਮਾਮਲੇ ਨੂੰ ਲੈ ਕੇ ਕਤਰ ਦੀ ਇੱਕ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਹੈ। ਇਸ ਨੂੰ ਸਵੀਕਾਰ ਕਰਦੇ ਹੋਏ ਅਦਾਲਤ ਨੇ ਮਾਮਲੇ ਦੀ ਸੁਣਵਾਈ ਕਰਨ ਲਈ ਕਿਹਾ ਹੈ।
ਹੁਣ ਕਤਰ ਦੀ ਅਦਾਲਤ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਦਾ ਅਧਿਐਨ ਕਰ ਰਹੇ ਹਨ ਅਤੇ ਜਲਦੀ ਹੀ ਸੁਣਵਾਈ ਦੀ ਅਗਲੀ ਤਰੀਕ ਦਾ ਐਲਾਨ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਇਹ 8 ਅਧਿਕਾਰੀ ਕਤਰ ਦੀ ਇੱਕ ਨਿੱਜੀ ਕੰਪਨੀ ਅਲ-ਦਹਰਾ ਵਿੱਚ ਕੰਮ ਕਰਦੇ ਸਨ ਅਤੇ ਇਹ ਕੰਪਨੀ ਕਤਰ ਦੇ ਹਥਿਆਰਬੰਦ ਬਲਾਂ ਨੂੰ ਟ੍ਰੇਨਿੰਗ ਦੇਣ ਦੇ ਨਾਲ-ਨਾਲ ਸਬੰਧਤ ਸੇਵਾਵਾਂ ਪ੍ਰਦਾਨ ਕਰਦੀ ਸੀ। ਅਧਿਕਾਰੀਆਂ ‘ਤੇ ਇਜ਼ਰਾਈਲ ਲਈ ਜਾਸੂਸੀ ਕਰਨ ਦਾ ਦੋਸ਼ ਹੈ। ਇਹ ਸਾਰੇ 8 ਭਾਰਤੀ ਜਲ ਸੈਨਾ ਦੇ ਜਵਾਨ ਸੇਵਾਮੁਕਤ ਹੋ ਚੁੱਕੇ ਹਨ। ੳਨ੍ਹਾਂ ਨੂੰ ਲੰਬੇ ਸਮੇਂ ਤੱਕ ਬੰਦੀ ਬਣਾ ਕੇ ਰੱਖਿਆ ਗਿਆ ਸੀ, ਜਿਸ ਤੋਂ ਬਾਅਦ ਕਤਰ ਅਦਾਲਤ ਨੇ 29 ਅਕਤੂਬਰ ਨੂੰ ੳਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ।