ਲੁਧਿਆਣਾ : ਨਵੇਂ ਸਾਲ ਤੋਂ ਪਹਿਲਾਂ ਮਹਾਨਗਰ ਦੇ ਲੋਕਾਂ ਨੂੰ ਵੱਡੀ ਰਾਹਤ ਮਿਲਣ ਵਾਲੀ ਹੈ। ਮਹਾਂਨਗਰ ਵਿੱਚ ਲਟਕ ਰਹੇ ਪ੍ਰੋਜੈਕਟ ਇੱਕ ਤੋਂ ਬਾਅਦ ਇੱਕ ਅੰਤਿਮ ਪੜਾਅ ‘ਤੇ ਪਹੁੰਚਣ ਲੱਗੇ ਹਨ। ਇਸ ਤਹਿਤ ਐਲੀਵੇਟਿਡ ਰੋਡ ਦਾ ਨਿਰਮਾਣ ਲਗਭਗ ਮੁਕੰਮਲ ਹੋਣ ਤੋਂ ਬਾਅਦ ਹੁਣ ਪੱਖੋਵਾਲ ਰੋਡ ਫਲਾਈਓਵਰ ’ਤੇ ਵਾਹਨਾਂ ਦੀ ਆਵਾਜਾਈ ਸ਼ੁਰੂ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਗੱਲ ਦਾ ਸੰਕੇਤ ਵਿਧਾਇਕ ਗੁਰਪ੍ਰੀਤ ਗੋਗੀ ਨੇ ਬੀਤੇ ਦਿਨ ਨਗਰ ਨਿਗਮ ਦੇ ਬੀ.ਐਂਡ.ਆਰ ਬ੍ਰਾਂਚ ਦੇ ਅਧਿਕਾਰੀਆਂ ਦੇ ਨਾਲ ਸਾਈਟ ਵਿਜ਼ਿਟ ਕਰਨ ਤੇ ਮਿਲ ਰਹੇ ਹਨ।
ਇਸ ਪ੍ਰਾਜੈਕਟ ਵਿੱਚ ਹੁਣ ਤੱਕ 3 ਅੰਡਰਬ੍ਰਿਜ ਚਾਲੂ ਹੋ ਚੁੱਕੇ ਹਨ, ਜਦੋਂ ਕਿ ਡਿਜ਼ਾਇਨ ਵਿੱਚ ਤਬਦੀਲੀ ਕਾਰਨ ਫਲਾਈਓਵਰ ਬਣਾਉਣ ਦਾ ਕੰਮ ਲੰਮੇ ਸਮੇਂ ਤੋਂ ਲਟਕਿਆ ਹੋਇਆ ਸੀ। ਇਸ ਸਬੰਧੀ ਸਰਕਾਰੀ ਮਨਜ਼ੂਰੀ ਨਾ ਮਿਲਣ ਕਾਰਨ ਹੁਣ ਪੁਰਾਣੇ ਡਿਜ਼ਾਈਨ ਅਨੁਸਾਰ ਹੀ ਕੰਮ ਮੁਕੰਮਲ ਕੀਤਾ ਜਾ ਰਿਹਾ ਹੈ। ਇਸ ਤਹਿਤ ਰੇਲਵੇ ਲਾਈਨ ਅਤੇ ਪੱਖੋਵਾਲ ਰੋਡ ਨਹਿਰ ਦੇ ਉਪਰਲੇ ਹਿੱਸੇ ਤੋਂ ਆਉਂਦੇ ਅੱਪ ਰੈਂਪ ਤੋਂ ਬਾਅਦ ਹੁਣ ਭਾਈ ਬਾਲਾ ਚੌਕ ਨੂੰ ਜਾਣ ਵਾਲੇ ਡਾਊਨ ਰੈਂਪ ’ਤੇ ਸਲੈਬਾਂ ਵਿਛਾਉਣ ਦਾ ਕੰਮ ਵੀ ਮੁਕੰਮਲ ਕਰ ਲਿਆ ਗਿਆ ਹੈ।
ਇਸ ਗੱਲ ਦੀ ਪੁਸ਼ਟੀ ਐੱਸ.ਈ. ਸੰਜੇ ਕੰਵਰ ਨੇ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਨਵੇਂ ਸਾਲ ਤੋਂ ਪਹਿਲਾਂ ਪੱਖੋਵਾਲ ਰੋਡ ਫਲਾਈਓਵਰ ’ਤੇ ਵਾਹਨਾਂ ਦੀ ਆਵਾਜਾਈ ਸ਼ੁਰੂ ਹੋ ਸਕਦੀ ਹੈ, ਜਿਸ ਲਈ ਸੜਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਹਾਲਾਂਕਿ ਫਲਾਈਓਵਰ ਖੋਲ੍ਹਣ ਤੋਂ ਪਹਿਲਾਂ ਲੋਡ ਟੈਸਟਿੰਗ ਜ਼ਰੂਰ ਕੀਤੀ ਜਾਵੇਗੀ।