ਦੀਨਾਨਗਰ : ਦੀਨਾਨਗਰ ਦੇ ਪਿੰਡ ਆਨੰਦਪੁਰ (Anandpur village) ਵਿੱਚ ਫਾਈਨਾਂਸਰ ਵੱਲੋਂ ਵਾਰ-ਵਾਰ ਜ਼ਲੀਲ ਕੀਤੇ ਜਾਣ ਤੋਂ ਬਾਅਦ ਇੱਕ ਵਿਅਕਤੀ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਰਾਜਕੁਮਾਰ (45) ਪੁੱਤਰ ਸੰਤੋਖ ਰਾਜ ਵਾਸੀ ਆਨੰਦਪੁਰ ਵਜੋਂ ਹੋਈ ਹੈ। ਪੁਲਿਸ ਨੇ ਉਸ ਦੇ ਭਰਾ ਵਿਜੇ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਫਾਈਨਾਂਸਰ ਹਰਦੀਪ ਸਿੰਘ ਉਰਫ਼ ਕਾਲਾ ਪੁੱਤਰ ਜਰਨੈਲ ਸਿੰਘ ਵਾਸੀ ਹਰੀਜਨ ਕਲੋਨੀ, ਦੀਨਾਨਗਰ ਖ਼ਿਲਾਫ਼ ਧਾਰਾ 306 ਤਹਿਤ ਕੇਸ ਦਰਜ ਕਰ ਲਿਆ ਹੈ।
ਮ੍ਰਿਤਕ ਦੇ ਭਰਾ ਵਿਜੇ ਕੁਮਾਰ ਅਨੁਸਾਰ ਰਾਜ ਕੁਮਾਰ ਉਰਫ਼ ਰਾਜੂ ਨੇ ਉਕਤ ਫਾਈਨਾਂਸਰ ਤੋਂ 8 ਹਜ਼ਾਰ ਰੁਪਏ ਵਿਆਜ ‘ਤੇ ਲਏ ਸਨ, ਜਿਸ ਨੂੰ ਵਾਪਸ ਕਰਨ ਲਈ ਫਾਈਨਾਂਸਰ ਉਸ ‘ਤੇ ਦਬਾਅ ਪਾ ਰਿਹਾ ਸੀ। ਵਿਜੇ ਕੁਮਾਰ ਅਨੁਸਾਰ ਫਾਈਨਾਂਸਰ ਸੋਮਵਾਰ ਸਵੇਰੇ ਰਾਜੂ ਦੇ ਘਰ ਆਇਆ ਅਤੇ ਉਸ ‘ਤੇ ਸ਼ਾਮ ਤੱਕ ਸਾਰੇ ਪੈਸੇ ਵਾਪਸ ਕਰਨ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਪੈਸੇ ਵਾਪਸ ਨਾ ਕਰਨ ‘ਤੇ ਉਸ ਦੇ ਘਰ ਨੂੰ ਤਾਲਾ ਲਗਾਉਣ ਦੀ ਧਮਕੀ ਵੀ ਦਿੱਤੀ। ਮ੍ਰਿਤਕ ਦੀ ਪਤਨੀ ਕੰਸੋ ਦੇਵੀ ਨੇ ਇਹ ਵੀ ਦੋਸ਼ ਲਾਇਆ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਉਸ ਦੇ ਪਤੀ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕਰ ਰਿਹਾ ਸੀ ਅਤੇ ਫਾਈਨਾਂਸਰ ਨੇ ਉਸ ਦੇ ਪੇਕੇ ਘਰ ਪਹੁੰਚ ਕੇ ਪਰਿਵਾਰ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ।
ਸੋਮਵਾਰ ਨੂੰ ਜਦੋਂ ਫਾਈਨਾਂਸਰ ਨੇ ਉਸ ਨਾਲ ਹੱਦੋਂ ਵੱਧ ਦੁਰਵਿਹਾਰ ਕੀਤਾ ਤਾਂ ਉਸ ਨੇ ਸਲਫਾਸ ਦੀਆਂ ਗੋਲੀਆਂ ਖਾ ਲਈਆਂ ਅਤੇ ਆਪਣੇ ਨਾਲ ਰਹਿੰਦੇ ਆਪਣੇ ਭਰਾਵਾਂ ਨੂੰ ਦੱਸਿਆ ਕਿ ਉਸ ਨੇ ਫਾਈਨਾਂਸਰ ਹਰਦੀਪ ਸਿੰਘ ਉਰਫ ਕਾਲਾ ਤੋਂ ਤੰਗ ਆ ਕੇ ਇਹ ਕਦਮ ਚੁੱਕਿਆ ਹੈ। ਪਰਿਵਾਰ ਵਾਲੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਗੁਰਦਾਸਪੁਰ ਅਤੇ ਫਿਰ ਨਿੱਜੀ ਹਸਪਤਾਲ ਲੈ ਗਏ। ਜਿੱਥੋਂ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਇਕ ਰਿਸ਼ਤੇਦਾਰ ਨੇ ਇਸ ਦੀ ਵੀਡੀਓ ਵੀ ਬਣਾਈ ਸੀ, ਜਿਸ ਵਿਚ ਉਹ ਆਪਣੀ ਮੌਤ ਲਈ ਉਕਤ ਫਾਈਨਾਂਸਰ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ।
ਬੀਤੇ ਦਿਨ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਫਾਈਨਾਂਸਰ ਖ਼ਿਲਾਫ਼ ਮਾਮਲਾ ਦਰਜ ਕਰਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। ਇਸ ਦੌਰਾਨ ਪਰਿਵਾਰ ਨੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕਰਦਿਆਂ ਇਹ ਵੀ ਮੰਗ ਕੀਤੀ ਕਿ ਲੋਕਾਂ ਨੂੰ ਵਿਆਜ ’ਤੇ ਪੈਸੇ ਉਧਾਰ ਦੇਣ ਵਾਲੇ ਹਰਦੀਪ ਸਿੰਘ ਉਰਫ਼ ਕਾਲਾ ਦੇ ਲਾਇਸੈਂਸ ਦੀ ਜਾਂਚ ਕੀਤੀ ਜਾਵੇ ਕਿਉਂਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਕਤ ਵਿਅਕਤੀ ਬਿਨਾਂ ਕਿਸੇ ਮਨਜ਼ੂਰੀ ਤੋਂ ਕਾਰੋਬਾਰ ਕਰ ਰਿਹਾ ਹੈ। ਇਸ ਦੌਰਾਨ ਕੁਝ ਹੋਰ ਵਿਅਕਤੀਆਂ ਨੇ ਉਕਤ ਫਾਈਨਾਂਸਰ ‘ਤੇ ਲਗਾਤਾਰ ਵਿਆਜ ਵਧਾਉਣ, ਧਮਕੀਆਂ ਦੇਣ ਅਤੇ ਉਨ੍ਹਾਂ ਦਾ ਕੀਮਤੀ ਸਮਾਨ ਜ਼ਬਤ ਕਰਨ ਦੇ ਦੋਸ਼ ਲਗਾਉਂਦੇ ਹੋਏ ਦਸਤਾਵੇਜ਼ ਵੀ ਜਮ੍ਹਾਂ ਕਰਵਾਏ ਹਨ।