ਰਾਜਸਥਾਨ : ਰਾਜਸਥਾਨ (Rajasthan) ਦੇ ਬੂੰਦੀ ਜ਼ਿਲ਼ੇ ‘ਚ ਦੀਵਾਲੀ ਵਾਲੇ ਦਿਨ ਇਕ ਬਹੁਤ ਹੀ ਦਰਦਨਾਕ ਸੜਕ ਹਾਦਸਾ ਵਾਪਰਿਆ। ਅੱਜ ਤੜਕੇ ਇੱਥੇ ਨੈਸ਼ਨਲ ਹਾਈਵੇ-52 ‘ਤੇ ਇਕ ਟਰੱਕ ਨਾਲ ਕਾਰ ਦੀ ਟੱਕਰ ‘ਚ ਮੱਧ ਪ੍ਰਦੇਸ਼ ਦੇ ਇਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ।
ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਹਿੰਡੋਲੀ ਥਾਣਾ ਖੇਤਰ ‘ਚ ਉਸ ਸਮੇਂ ਵਾਪਰਿਆ ਜਦੋਂ ਪੀੜਤ ਪੁਸ਼ਕਰ ਜਾ ਰਹੇ ਸਨ। ਪੁਲਿਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਮੱਧ ਪ੍ਰਦੇਸ਼ ਦੇ ਅਗਰ-ਮਾਲਵਾ ਜ਼ਿਲ੍ਹੇ ਦੇ ਪਿੰਡ ਗੰਗੂਖੇੜੀ ਦੇ ਵਾਸੀ ਦੇਵੀ ਸਿੰਘ (50), ਉਸ ਦੀ ਪਤਨੀ ਮਾਨਖੋਰ ਕੰਵਰ (45), ਭਰਾ ਰਾਜਾਰਾਮ (40) ਅਤੇ ਭਤੀਜੇ ਜਤਿੰਦਰ (20) ਵਜੋਂ ਹੋਈ ਹੈ। ਹਿੰਡੋਲੀ ਥਾਣੇ ਦੇ ਅਧਿਕਾਰੀ ਮਨੋਜ ਸੀਕਰਵਾਲ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਕਰੀਬ 12.30 ਵਜੇ ਵਾਪਰਿਆ ਜਦੋਂ ਚਾਰ ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਐਸ.ਯੂ.ਵੀ ਨੇ ਹਿੰਡੋਲੀ ਸ਼ਹਿਰ ਦੇ ਨੇੜੇ ਇੱਕ ਟਰੱਕ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ।
ਅੱਗੇ ਜਾ ਰਹੇ ਟਰੱਕ ਨੇ ਅਚਾਨਕ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਤੇਜ਼ ਰਫ਼ਤਾਰ ਕਾਰ ਉਸ ਨਾਲ ਟਕਰਾ ਗਈ। ਉਨ੍ਹਾਂ ਦੱਸਿਆ ਕਿ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਇਕ ਹੋਰ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਸੀਕਰਵਾਲ ਅਨੁਸਾਰ ਟਰੱਕ ਡਰਾਈਵਰ ਵਾਹਨ ਨੂੰ ਪਿੱਛੇ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਦੱਸਿਆ ਕਿ ਚਾਰੇ ਲਾਸ਼ਾਂ ਫਿਲਹਾਲ ਮੁਰਦਾਘਰ ਵਿੱਚ ਰੱਖੀਆਂ ਗਈਆਂ ਹਨ ਅਤੇ ਰਿਸ਼ਤੇਦਾਰਾਂ ਦੇ ਆਉਣ ਤੋਂ ਬਾਅਦ ਅਗਲੇ ਦਿਨ ਉਨ੍ਹਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।