ਮਾਛੀਵਾੜਾ ਸਾਹਿਬ : ਵਿਧਾਇਕ ਜਗਤਾਰ ਸਿੰਘ ਦਲੇਲਪੁਰਾ (Jagtar Singh Dalelpura) ਦੇ ਅਣਐਲਾਨੀ ਦੌਰੇ ਦੌਰਾਨ ਅੱਜ ਮਾਛੀਵਾੜਾ ਸਬ-ਤਹਿਸੀਲ ਵਿੱਚ ਹੰਗਾਮਾ ਹੋ ਗਿਆ। ਪ੍ਰਾਪਤ ਸਮਾਚਾਰ ਅਨੁਸਾਰ ਇਸ ਦੌਰਾਨ ਹਲਕਾ ਵਿਧਾਇਕ ਨੇ ਇੱਥੇ ਤਾਇਨਾਤ ਪਟਵਾਰੀ ਅਤੇ ਨੰਬਰਦਾਰ ਗੁਰਇਕਬਾਲ ਸਿੰਘ ਨੂੰ 2500 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਵਿਧਾਇਕ ਦਿਆਲਪੁਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿੰਡ ਝੌੜੀ ਦੇ ਵਸਨੀਕ ਤੇਜਵਿੰਦਰ ਸਿੰਘ ਨੇ ਅਦਾਲਤ ਤੋਂ ਇੱਕ ਪਲਾਟ ’ਤੇ ਸਟੇਅ ਲਈ ਸੀ, ਜਿਸ ਦੀ ਰਜਿਸਟਰੀ ਉਸ ਨੇ ਮਾਲ ਵਿਭਾਗ ਦੇ ਰਿਕਾਰਡ ਵਿੱਚ ਕਰਵਾਉਣੀ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਜਦੋਂ ਉਹ ਇਸ ਪਲਾਟ ਦੀ ਸਟੇਅ ਦੀ ਰਜਿਸਟਰੀ ਕਰਵਾਉਣ ਲਈ ਤਹਿਸੀਲ ਵਿੱਚ ਗਿਆ ਤਾਂ ਪਟਵਾਰੀ ਪਰਮਿੰਦਰ ਸਿੰਘ ਨੇ ਉਸ ਤੋਂ 3000 ਰੁਪਏ ਰਿਸ਼ਵਤ ਮੰਗੀ ਅਤੇ ਸੌਦਾ 2500 ਰੁਪਏ ਵਿੱਚ ਤੈਅ ਹੋ ਗਿਆ।
ਇਸ ਤੋਂ ਬਾਅਦ ਸ਼ਿਕਾਇਤਕਰਤਾ ਤੇਜਵਿੰਦਰ ਸਿੰਘ ਨੇ ਇਹ ਸਾਰਾ ਮਾਮਲਾ ਵਿਧਾਇਕ ਦਿਆਲਪੁਰਾ ਦੇ ਧਿਆਨ ਵਿੱਚ ਲਿਆਂਦਾ, ਜਿਨ੍ਹਾਂ ਨੇ ਰਿਸ਼ਵਤ ਦੇ 2500 ਦੇ ਨੋਟਾਂ ਦੀ ਫੋਟੋ ਲੈ ਕੇ ਆਪਣੇ ਕੋਲ ਰੱਖ ਲਈ ਅਤੇ ਸ਼ਿਕਾਇਤਕਰਤਾ ਰਿਸ਼ਵਤ ਦੀ ਰਕਮ ਦੇਣ ਲਈ ਸਬ-ਤਹਿਸੀਲ ਮਾਛੀਵਾੜਾ ਪਹੁੰਚ ਗਿਆ। ਜਦੋਂ ਤੇਜਵਿੰਦਰ ਸਿੰਘ ਰਿਸ਼ਵਤ ਦੀ ਰਕਮ ਅਦਾ ਕਰਨ ਅਤੇ ਸਟੇਅ ਦੀ ਰਜਿਸਟਰੀ ਕਰਵਾਉਣ ਲਈ ਪਟਵਾਰੀ ਦੇ ਕਮਰੇ ਵਿੱਚ ਪਹੁੰਚਿਆ ਤਾਂ ਉਹ ਉਥੇ ਮੌਜੂਦ ਨਹੀਂ ਸੀ। ਨੰਬਰਦਾਰ ਗੁਰਇਕਬਾਲ ਸਿੰਘ ਪਟਵਾਰੀ ਦੇ ਕਮਰੇ ‘ਚ ਬੈਠਾ ਸੀ, ਜਿਸ ਨੇ ਸ਼ਿਕਾਇਤਕਰਤਾ ਤੇਜਵਿੰਦਰ ਸਿੰਘ ਨਾਲ ਫੋਨ ‘ਤੇ ਗੱਲ ਕਰਵਾਈ ਅਤੇ ਉਸ ਨੇ ਰਿਸ਼ਵਤ ਦੀ ਰਕਮ ਨੰਬਰਦਾਰ ਨੂੰ ਸੌਂਪ ਦਿੱਤੀ। ਇਸ ਦੌਰਾਨ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਮੌਕੇ ’ਤੇ ਪੁੱਜੇ, ਜਿਨ੍ਹਾਂ ਨੇ ਨੰਬਰਦਾਰ ਗੁਰਇਕਬਾਲ ਸਿੰਘ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ।
ਇਸ ਸਬੰਧੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ, ਜਿਸ ’ਤੇ ਡੀ.ਐਸ.ਪੀ ਸਮਰਾਲਾ ਜਸਪਿੰਦਰ ਸਿੰਘ ਅਤੇ ਥਾਣਾ ਮੁਖੀ ਸੰਤੋਖ ਸਿੰਘ ਮੌਕੇ ’ਤੇ ਪੁੱਜੇ ਅਤੇ ਨੰਬਰਦਾਰ ਨੂੰ ਗ੍ਰਿਫ਼ਤਾਰ ਕਰ ਲਿਆ। ਡੀ.ਐਸ.ਪੀ ਸਮਰਾਲਾ ਨੇ ਕਿਹਾ ਕਿ ਸ਼ਿਕਾਇਤਕਰਤਾ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਇਸ ਮਾਮਲੇ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਪਟਵਾਰੀ ਕੋਲ ਜਾ ਰਹੀ ਰਿਸ਼ਵਤ ਦੀ ਰਕਮ ਵਸੂਲਣ ਵਾਲੇ ਨੰਬਰਦਾਰ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਇਸ ਵਿੱਚ ਉਸ ਦਾ ਕੋਈ ਕਸੂਰ ਨਹੀਂ ਹੈ, ਉਸ ਨੇ ਪਟਵਾਰੀ ਦੇ ਕਹਿਣ ’ਤੇ ਤੇਜਵਿੰਦਰ ਸਿੰਘ ਤੋਂ 2500 ਰੁਪਏ ਲਏ ਸਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪੁਲਿਸ ਜੋ ਵੀ ਜਾਂਚ ਕਰੇਗੀ ਉਹ ਉਸ ਵਿੱਚ ਸਹਿਯੋਗ ਕਰਨਗੇ ਕਿਉਂਕਿ ਇਸ ਰਿਸ਼ਵਤ ਦੇ ਪੈਸੇ ਨਾਲ ਉਨ੍ਹਾਂ ਦਾ ਕੋਈ ਲੈਣ-ਦੇਣ ਨਹੀਂ ਹੈ।
ਹਲਕਾ ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ‘ਆਪ’ ਸਰਕਾਰ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਸਰਕਾਰੀ ਦਫ਼ਤਰਾਂ ਨੂੰ ਭ੍ਰਿਸ਼ਟਾਚਾਰ ਮੁਕਤ ਕਰਨਗੇ ਅਤੇ ਅੱਜ ਮਾਛੀਵਾੜਾ ਸਬ ਤਹਿਸੀਲ ਦੇ ਪਟਵਾਰੀ ਨੂੰ ਪੈਸੇ ਲੈਂਦਿਆਂ ਨੰਬਰਦਾਰ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਸਰਕਾਰੀ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਕੋਈ ਰਿਸ਼ਵਤ ਮੰਗਦਾ ਹੈ ਤਾਂ ਲੋਕ ਤੁਰੰਤ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆ ਕੇ ਸਹਿਯੋਗ ਦੇਣ। ਵਿਧਾਇਕ ਦਿਆਲਪੁਰਾ ਨੇ ਰਿਸ਼ਵਤਖੋਰੀ ਦੇ ਮਾਮਲੇ ਨੂੰ ਸਾਹਮਣੇ ਲਿਆਉਣ ਲਈ ਸ਼ਿਕਾਇਤਕਰਤਾ ਤੇਜਵਿੰਦਰ ਸਿੰਘ ਦੀ ਪ੍ਰਸ਼ੰਸਾ ਕੀਤੀ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਹ ਅੱਗੇ ਆਉਣ ਤਾਂ ਹੀ ਭ੍ਰਿਸ਼ਟਾਚਾਰ ਖਤਮ ਹੋਵੇਗਾ।