ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਐੱਸ.ਐੱਸ.ਪੀ ਭਗੀਰਥ ਸਿੰਘ ਮੀਨਾ ਵੱਲੋਂ ਜ਼ਿਲ੍ਹੇ ‘ਚ ਸ਼ਰਾਰਤੀ ਅਨਸਰਾਂ ਅਤੇ ਨਸ਼ਿਆਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਦੇ ਤਹਿਤ ਪੁਲਿਸ ਟੀਮ ਨੇ 2 ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਇਸ ਦੌਰਾਨ ਮੁਲਜ਼ਮਾਂ ਕੋਲੋਂ 2025 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਸਹਾਇਕ ਐਸ.ਐਚ.ਓ ਰਾਜਦਵਿੰਦਰ ਸਿੰਘ ਚੌਂਕੀ ਪੰਨੀਵਾਲਾ ਅਤੇ ਪੁਲਿਸ ਪਾਰਟੀ ਪਿੰਡ ਪੰਨੀਵਾਲਾ ਵਿਖੇ ਗਸ਼ਤ ਅਤੇ ਚੈਕਿੰਗ ਦੌਰਾਨ ਸ਼ੱਕੀ ਵਿਅਕਤੀਆਂ ਸਬੰਧੀ ਮੌਜੂਦ ਸਨ।
ਇਸ ਦੌਰਾਨ ਮੋਟਰਸਾਈਕਲ ‘ਤੇ ਆ ਰਹੇ ਦੋ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ‘ਤੇ ਰੋਕਿਆ ਗਿਆ। ਪੁੱਛਗਿੱਛ ਕਰਨ ‘ਤੇ ਉਸ ਨੇ ਆਪਣਾ ਨਾਮ ਬੇਅੰਤ ਸਿੰਘ ਉਰਫ਼ ਬੰਟਾ ਪੁੱਤਰ ਦਾਨਾ ਸਿੰਘ ਵਾਸੀ ਪਿੰਡ ਪੰਨੀਵਾਲਾ ਫੱਤਾ ਅਤੇ ਦੂਜੇ ਨੌਜਵਾਨ ਨੇ ਆਪਣਾ ਨਾਮ ਹਰਪ੍ਰੀਤ ਸਿੰਘ ਉਰਫ਼ ਪਿੰਟੂ ਪੁੱਤਰ ਰਾਮ ਸਿੰਘ ਵਾਸੀ ਪਿੰਡ ਉੜੰਗ ਦੱਸਿਆ। ਪੁਲਿਸ ਵੱਲੋਂ ਤਲਾਸ਼ੀ ਲੈਣ ‘ਤੇ ਉਕਤ ਵਿਅਕਤੀਆਂ ਕੋਲੋਂ 2025 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਿਸ ਨੇ ਉਕਤ ਵਿਅਕਤੀਆਂ ਖਿਲਾਫ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।