ਲੁਧਿਆਣਾ : ਪੰਜਾਬ ‘ਚ ਨਸ਼ਾ ਤਸਕਰੀ ਨੂੰ ਖਤਮ ਕਰਨ ਲਈ ਪੁਲਿਸ ਪੂਰੀ ਮਿਹਨਤ ਕਰ ਰਹੀ ਹੈ। ਨਸ਼ਾ ਤਸਕਰ ਵੀ ਆਪਣਾ ਕਾਰੋਬਾਰ ਚਲਾਉਣ ਲਈ ਨਵੇਂ-ਨਵੇਂ ਹੱਥਕੰਡੇ ਅਜ਼ਮਾ ਰਹੇ ਹਨ। ਡਾਬਾ ਇਲਾਕੇ ‘ਚ ਰਹਿਣ ਵਾਲੇ ਪਿਓ-ਪੁੱਤ ਨੇ ਪੁਲਿਸ ਤੋਂ ਬਚਣ ਅਤੇ ਲੋਕਾਂ ਨੂੰ ਆਪਣਾ ਵਿਖਾਵਾ ਕਰਨ ਲਈ ਕਰਿਆਨਾ ਦੀ ਦੁਕਾਨ ਖੋਲ੍ਹੀ ਸੀ ਪਰ ਕਰਿਆਨਾ ਦੀ ਦੁਕਾਨ ਦੀ ਆੜ ‘ਚ ਵੱਡੇ ਪੱਧਰ ‘ਤੇ ਨਸ਼ਾ ਤਸਕਰੀ ਦਾ ਧੰਦਾ ਚਲਾ ਰਹੇ ਸਨ ਪਰ ਉਹ ਪੁਲਿਸ ਨੂੰ ਜ਼ਿਆਦਾ ਦੇਰ ਤੱਕ ਗੁੰਮਰਾਹ ਨਾ ਕਰ ਸਕੇ। ਐਸ.ਟੀ.ਐਫ ਟੀਮ ਆਖਰਕਾਰ ਉਨ੍ਹਾਂ ਤੱਕ ਪਹੁੰਚ ਗਈ। ਜਦੋਂ ਪੁੱਤਰ ਹੈਰੋਇਨ ਸਪਲਾਈ ਕਰਨ ਜਾ ਰਿਹਾ ਸੀ। ਫਿਰ ਟੀਮ ਨੇ ਉਸ ਨੂੰ ਫੜ ਲਿਆ। ਉਸ ਦੇ ਕਬਜ਼ੇ ‘ਚੋਂ 820 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਕਾਬੂ ਕੀਤਾ ਮੁਲਜ਼ਮ ਨਿਤਿਨ ਉਰਫ਼ ਨੋਚਾ ਵਾਸੀ ਮੁਹੱਲਾ ਗੋਬਿੰਦਸਰ ਹੈ, ਜੋ ਪੁਲਿਸ ਰਿਮਾਂਡ ’ਤੇ ਹੈ। ਜਦਕਿ ਪੁਲਿਸ ਵੱਲੋਂ ਉਸਦੇ ਪਿਤਾ ਮਹਿੰਦਰ ਉਰਫ਼ ਬਾਲੀ ਦੀ ਭਾਲ ਕੀਤੀ ਜਾ ਰਹੀ ਹੈ।
ਐਸ.ਟੀ.ਐਫ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਗਿੱਲ ਰੋਡ ਈਸ਼ਰ ਨਗਰ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਨਿਤਿਨ ਹੈਰੋਇਨ ਦੀ ਤਸਕਰੀ ਦਾ ਧੰਦਾ ਕਰਦਾ ਹੈ ਅਤੇ ਸਕੂਟਰ ’ਤੇ ਕਿਸੇ ਨੂੰ ਹੈਰੋਇਨ ਸਪਲਾਈ ਕਰਨ ਜਾ ਰਿਹਾ ਸੀ। ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ। ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 820 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਨਿਤਿਨ ਦੀ ਘਰ ਦੇ ਨੇੜੇ ਹੀ ਕਰਿਆਨੇ ਦੀ ਦੁਕਾਨ ਹੈ, ਜਿਸ ਨੂੰ ਉਹ ਆਪਣੇ ਪਿਤਾ ਮਹਿੰਦਰ ਸਿੰਘ ਨਾਲ ਚਲਾਉਂਦਾ ਹੈ। ਨਿਤਿਨ ਅਤੇ ਉਸ ਦਾ ਪਿਤਾ ਦੋਵੇਂ ਨਸ਼ੇ ਦੇ ਆਦੀ ਹਨ, ਇਸ ਲਈ ਉਨ੍ਹਾਂ ਨੇ ਖੁਦ ਨਸ਼ਾ ਵੇਚਣਾ ਸ਼ੁਰੂ ਕਰ ਦਿੱਤਾ।
ਕਰਿਆਨੇ ਦੀ ਦੁਕਾਨ ਦੀ ਆੜ ਵਿੱਚ ਦੋਵੇਂ ਕਰੀਬ ਇੱਕ ਸਾਲ ਤੋਂ ਨਸ਼ੇ ਦਾ ਧੰਦਾ ਕਰ ਰਹੇ ਸਨ। ਪਿਤਾ ਨਸ਼ਾ ਲਿਆਉਂਦਾ ਸੀ ਅਤੇ ਪੁੱਤਰ ਗਾਹਕਾਂ ਨੂੰ ਸਪਲਾਈ ਕਰਦਾ ਸੀ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨਿਤਿਨ ਖ਼ਿਲਾਫ਼ ਪਹਿਲਾਂ ਵੀ ਐਨ .ਡੀ.ਪੀ.ਐਸ ਤਹਿਤ ਕੇਸ ਦਰਜ ਹੈ। ਹੁਣ ਪੁਲਿਸ ਨੇ ਦੋਨਾਂ ਦੋਸ਼ੀ ਪਿਓ-ਪੁੱਤ ਦੇ ਖ਼ਿਲਾਫ਼ ਥਾਣਾ ਡਾਬਾ ‘ਚ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਨਿਤਿਨ ਤੋਂ ਪੁੱਛ-ਗਿੱਛ ਅਤੇ ਉਸ ਦੇ ਪਿਤਾ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।