ਫ਼ਰੀਦਕੋਟ: ਫ਼ਰੀਦਕੋਟ ਪੁਲਿਸ (Faridkot police) ਦੀ ਢਿੱਲੀ ਤੇ ਠੰਡੀ ਸੁਸਤ ਕਾਰਵਾਈ ਕਰਕੇ ਸ਼ਹਿਰ ਤੇ ਜ਼ਿਲ੍ਹੇ ਵਿੱਚ ਚੋਰੀ ਲੁੱਟ-ਖੋਹ ਕਰਨ ਵਾਲੇ ਤੇ ਫਿਰੌਤੀਆਂ ਮੰਗਣ ਵਾਲਿਆਂ ਦਾ ਬਾਜ਼ਾਰ ਗਰਮ ਹੈ, ਯਾਨੀ ਇਹਨਾਂ ਦੇ ਕੰਮ ਵਿੱਚ ਤੇਜ਼ੀ ਆਈ ਹੋਈ ਹੈ। ਫ਼ਰੀਦਕੋਟ ‘ਚ ਲੁੱਟ ਦੀ ਤਾਜ਼ਾ ਘਟਨਾ ਵਾਪਰੀ ਹੈ।
ਬੀਤੀ ਰਾਤ ਬਾਬਾ ਫਰੀਦ ਪਬਲਿਕ ਸਕੂਲ ਨੂੰ ਜਾਂਦੀ ਸੜਕ ਤੇ ਇਕ ਮਨੀ ਐਕਸਚੇਂਜਰ (Money exchanger) ਨਾਲ ਲੁੱਟ ਦੀ ਘਟਨਾ ਵਾਪਰੀ ਹੈ। ਲੁੱਟ ਦਾ ਸ਼ਿਕਾਰ ਹੋਏ ਮਨੀ ਐਕਸਚੇਂਜਰ ਨੇ ਦੱਸਿਆ ਕਿ ਉਹ ਹੁਕੀ ਵਾਲਾ ਚੌਂਕ ਵਿਚ ਆਪਣੀ ਦੁਕਾਨ ਬੰਦ ਕਰਕੇ ਵਾਪਸ ਘਰ ਜਾ ਰਿਹਾ ਸੀ ਤਾਂ ਬਾਬਾ ਫਰੀਦ ਪਬਲਿਕ ਸਕੂਲ ਵਾਲੀ ਸੜਕ ਤੇ ਪਹਿਲਾਂ ਤੋਂ ਹੀ ਤਿੰਨ ਵਿਅਕਤੀ ਬੈਠੇ ਹੋਏ ਸਨ ਤੇ ਤਿੰਨਾਂ ਵਿਅਕਤੀਆਂ ਨੇ ਮੋਟਰਸਾਈਕਲ ਤੇ ਉਸਦੇ ਪਿੱਛੇ ਆ ਕੇ ਉਸਨੂੰ ਲੱਤ ਮਾਰੀ ਤੇ ਉਹ ਡਿੱਗ ਪਿਆ। ਉੱਥੇ ਉਨਾਂ ਦੇ ਹੋਰ ਵੀ ਤਿੰਨ ਸਾਥੀ ਆ ਗਏ ਅਤੇ ਛੇਆਂ ਨੇ ਪਹਿਲਾਂ ਕਿਰਪਾਨਾਂ ਦੇ ਨਾਲ ਉਸ ਤੇ ਵਾਰ ਕੀਤਾ ਤੇ ਫਿਰ ਉਸਦੇ ਬੈਗ ਵਿੱਚ ਰੱਖੇ ਸਾਢੇ ਤਿੰਨ ਲੱਖ ਰੁਪਏ ਤੇ ਚਾਰ ਮੋਬਾਇਲ ਲੁੱਟ ਕੇ ਲੈ ਗਏ। ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ ।
ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਜਲਦੀ ਇਸ ਤਰ੍ਹਾਂ ਦੀ ਲੁੱਟ ਖੋਹ ਕਰਨ ਵਾਲੇ ਪੁਲਿਸ ਦੇ ਸ਼ਿਕੰਜੇ ਵਿੱਚ ਹੋਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਰਚਾ ਦਰਜ ਕਰ ਲਿਆ ਗਿਆ ਤੇ ਕੈਮਰੇ ਦੇਖੇ ਜਾ ਰਹੇ ਹਨ ਤੇ ਹੋਰ ਵੀ ਟੈਕਨੀਕਲ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।