ਚੰਡੀਗੜ੍ਹ : ਹਰਿਆਣਾ ਦੇ ਨੇਤਾਵਾਂ (Haryana leaders) ਦੇ ਫੇਸਬੁੱਕ ਖਾਤੇ ਇਸ ਸਮੇਂ ਹੈਕਰਾਂ ਦੇ ਨਿਸ਼ਾਨੇ ‘ਤੇ ਹਨ। ਹੈਕਰ ਸੂਬੇ ਦੇ ਵੱਡੇ ਨੇਤਾਵਾਂ ਦੇ ਖਾਤਿਆਂ ‘ਤੇ ਲਗਾਤਾਰ ਨਜ਼ਰ ਰੱਖ ਰਹੇ ਹਨ ਅਤੇ ਉਨ੍ਹਾਂ ਨੂੰ ਹੈਕ ਕਰਕੇ ਪੇਜ ‘ਤੇ ਇਤਰਾਜ਼ਯੋਗ ਫੋਟੋਆਂ ਅਤੇ ਵੀਡੀਓਜ਼ ਪੋਸਟ ਕੀਤੀਆਂ ਜਾ ਰਹੀਆਂ ਹਨ। ਵੀਰਵਾਰ ਨੂੰ ਹੈਕਰਾਂ ਨੇ ਹਰਿਆਣਾ ਦੇ ਟਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ (Transport Minister Mulchand Sharma) ਦਾ ਫੇਸਬੁੱਕ ਅਕਾਊਂਟ ਹੈਕ ਕਰ ਲਿਆ ਅਤੇ ਉਨ੍ਹਾਂ ਦੇ ਸਟੇਟਸ ‘ਤੇ ਇਤਰਾਜ਼ਯੋਗ ਵੀਡੀਓ ਪੋਸਟ ਕਰ ਦਿੱਤੀ। ਇਸ ਦਾ ਪਤਾ ਲੱਗਦਿਆਂ ਹੀ ਲੋਕਾਂ ‘ਚ ਦਹਿਸ਼ਤ ਫੈਲ ਗਈ।
ਦੱਸ ਦੇਈਏ ਕਿ ਕਰੀਬ ਇੱਕ ਮਹੀਨਾ ਪਹਿਲਾਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਦਾ ਫੇਸਬੁੱਕ ਪੇਜ ਵੀ ਹੈਕ ਕੀਤਾ ਗਿਆ ਸੀ। ਹਾਲਾਂਕਿ, ਕੁਝ ਸਮੇਂ ਬਾਅਦ ਇਸ ਨੂੰ ਮੁੜ ਪ੍ਰਾਪਤ ਕਰ ਲਿਆ ਗਿਆ। ਹੁਣ ਇੱਕ ਵਾਰ ਫਿਰ ਮੂਲਚੰਦ ਸ਼ਰਮਾ ਦਾ ਅਕਾਊਂਟ ਹੈਕ ਹੋ ਗਿਆ ਹੈ। ਕੈਬਨਿਟ ਮੰਤਰੀ ਸ਼ਰਮਾ ਨੇ ਰਾਜ ਦੇ ਡੀਜੀਪੀ ਅਤੇ ਸੀਪੀ ਫਰੀਦਾਬਾਦ ਨੂੰ ਇਸ ਨੂੰ ਵਾਪਸ ਲੈਣ ਲਈ ਪੱਤਰ ਲਿਖਿਆ ਹੈ। ਮੰਤਰੀ ਨੇ ਇੱਕ ਵੀਡੀਓ ਜਾਰੀ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ ਅਤੇ ਸੰਦੇਸ਼ ਦਿੱਤਾ ਹੈ ਕਿ ਅਜਿਹੀਆਂ ਘਿਨਾਉਣੀਆਂ ਹਰਕਤਾਂ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।