ਗੁਰਦਾਸਪੁਰ : ਪਾਕਿਸਤਾਨ ਆਪਣੀਆਂ ਨਾਪਾਕ ਗਤੀਵਿਧੀਆਂ ‘ਤੇ ਰੋਕ ਲਗਾਉਣ ਤੋਂ ਇਨਕਾਰ ਕਰ ਰਿਹਾ ਹੈ ਅਤੇ ਆਪਣੀ ਭਾਰਤ ਵਿਰੋਧੀ ਡਰੋਨ ਨੀਤੀ ਜਾਰੀ ਰੱਖ ਰਿਹਾ ਹੈ। ਇਸੇ ਨੀਤੀ ਦੇ ਚੱਲਦਿਆਂ ਬੀਤੀ ਰਾਤ ਪਾਕਿਸਤਾਨੀ ਡਰੋਨ ਜ਼ਿਲ੍ਹਾ ਗੁਰਦਾਸਪੁਰ (Gurdaspur) ਵਿੱਚ ਪਾਕਿਸਤਾਨ ਦੀ ਸਰਹੱਦ ’ਤੇ ਸਥਾਪਤ ਭਾਰਤੀ ਬੀ.ਓ.ਪੀ ਅਡੀਅਨ ਵਿੱਚ ਦਾਖ਼ਲ ਹੋ ਗਿਆ। ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਗੋਲੀਬਾਰੀ ਕਰਨ ਅਤੇ ਚਮਕਦਾਰ ਰੌਸ਼ਨੀ ਵਾਲਾ ਗੋਲਾ ਸੁੱਟਣ ਤੋਂ ਬਾਅਦ ਡਰੋਨ ਪਾਕਿਸਤਾਨ ਵੱਲ ਵਾਪਸ ਚਲਾ ਗਿਆ। ਸੀਮਾ ਸੁਰੱਖਿਆ ਬਲ ਅਤੇ ਪੁਲਿਸ ਵੱਲੋਂ ਇਲਾਕੇ ਵਿੱਚ ਸਾਂਝੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਜੋ ਜੇਕਰ ਡਰੋਨ ਰਾਹੀਂ ਹੈਰੋਇਨ ਆਦਿ ਸੁੱਟੀ ਗਈ ਹੈ ਤਾਂ ਉਸ ਨੂੰ ਕਾਬੂ ਕੀਤਾ ਜਾ ਸਕੇ।
ਸੀਮਾ ਸੁਰੱਖਿਆ ਬਲ ਦੇ ਸੂਤਰਾਂ ਮੁਤਾਬਕ ਡਰੋਨ ਪਿੱਲਰ ਨੰਬਰ 1 ਤੋਂ ਅੰਦਰ ਦਾਖਲ ਹੋਇਆ। ਸੀਮਾ ਸੁਰੱਖਿਆ ਬਲ ਦੀ 58 ਬਟਾਲੀਅਨ ਦੇ ਜਵਾਨਾਂ ਨੇ ਜਿਵੇਂ ਹੀ ਡਰੋਨ ਦੀ ਆਵਾਜ਼ ਸੁਣੀ, ਉਨ੍ਹਾਂ ਨੇ 21 ਰਾਉਂਡ ਫਾਇਰ ਕੀਤੇ ਅਤੇ ਇੱਕ ਚਮਕਦਾਰ ਰੌਸ਼ਨੀ ਵਾਲਾ ਗੋਲਾ ਸੁੱਟਿਆ। ਜਿਸ ਵਿੱਚ ਕਾਂਸਟੇਬਲ ਬਿਸ਼ਮ ਕੁਮਾਰ ਨੇ 7, ਹੈੱਡ ਕਾਂਸਟੇਬਲ ਪੁਸ਼ਪੇਂਦਰ ਨੇ 9 ਅਤੇ ਕਾਂਸਟੇਬਲ ਬੀ.ਬੀ.ਬਾਮਰੇ ਨੇ 5 ਫਾਇਰ ਕੀਤੇ ਜਦਕਿ ਕਾਂਸਟੇਬਲ ਅੰਜਨਾ ਕੁਮਾਰ ਨੇ ਡਰੋਨ ਵੱਲ ਚਮਕੀਲਾ ਬੰਬ ਸੁੱਟਿਆ। ਜਿਸ ਕਾਰਨ ਕਰੀਬ ਇੱਕ ਮਿੰਟ ਬਾਅਦ ਡਰੋਨ ਵਾਪਸ ਪਾਕਿਸਤਾਨ ਵੱਲ ਚਲਾ ਗਿਆ। ਡਰੋਨ 700 ਤੋਂ 800 ਮੀਟਰ ਦੀ ਉਚਾਈ ‘ਤੇ ਸੀ। ਡਰੋਨ ਦੇ ਵਾਪਸ ਚਲੇ ਜਾਣ ਤੋਂ ਬਾਅਦ ਸੀਮਾ ਸੁਰੱਖਿਆ ਬਲ ਅਤੇ ਪੁਲਿਸ ਵੱਲੋਂ ਇਲਾਕੇ ਵਿੱਚ ਸਾਂਝੀ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।