ਨਵੀਂ ਦਿੱਲੀ : ਦਿੱਲੀ ਦੇ ਕਈ ਸਕੂਲਾਂ ‘ਚ ਬੰਬ ਦੀ ਧਮਕੀ ਦੇਣ ਵਾਲੇ 12ਵੀਂ ਜਮਾਤ ਦੇ ਵਿਦਿਆਰਥੀ ਨੂੰ ਦਿੱਲੀ ਪੁਲਿਸ (The Delhi Police) ਨੇ ਹਿਰਾਸਤ ‘ਚ ਲਿਆ ਹੈ। ਇਸ ਵਿਦਿਆਰਥੀ ਨੇ ਕਰੀਬ 23 ਸਕੂਲਾਂ ਨੂੰ ਬੰਬ ਦੀ ਧਮਕੀ ਵਾਲੀਆਂ ਈ-ਮੇਲ ਭੇਜੀਆਂ ਸਨ, ਜੋ ਬਾਅਦ ਵਿੱਚ ਝੂਠੀਆਂ ਸਾਬਤ ਹੋਈਆਂ ਸਨ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਵਿਦਿਆਰਥੀ ਨੇ ਜਾਣਬੁੱਝ ਕੇ ਇਹ ਧਮਕੀਆਂ ਦਿੱਤੀਆਂ ਸਨ ਤਾਂ ਜੋ ਉਹ ਆਪਣੀ ਆਉਣ ਵਾਲੀ ਪ੍ਰੀਖਿਆ ਤੋਂ ਬਚ ਸਕੇ। ਪੁਲਿਸ ਮੁਤਾਬਕ ਇਸ ਵਿਦਿਆਰਥੀ ਨੇ ਨਾ ਸਿਰਫ਼ ਆਪਣੇ ਸਕੂਲ ਬਲਕਿ ਹੋਰ ਕਈ ਸਕੂਲਾਂ ਨੂੰ ਵੀ ਧਮਕੀ ਭਰੇ ਈ-ਮੇਲ ਭੇਜੇ ਸਨ।
ਵਿਦਿਆਰਥੀ ਨੇ ਅਜਿਹਾ ਇਸ ਲਈ ਕੀਤਾ ਸੀ ਤਾਂ ਜੋ ਉਸ ਦੀ ਪਛਾਣ ਛੁਪੀ ਰਹੇ ਅਤੇ ਉਹ ਆਸਾਨੀ ਨਾਲ ਫੜਿਆ ਨਾ ਜਾ ਸਕੇ। ਉਸ ਨੇ ਯੋਜਨਾ ਬਣਾਈ ਸੀ ਕਿ ਇਸ ਕਾਰਨ ਸਕੂਲ ਖਾਲੀ ਕਰਵਾ ਦਿੱਤੇ ਜਾਣਗੇ ਅਤੇ ਉਸ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਜਾਣਗੀਆਂ, ਤਾਂ ਜੋ ਉਹ ਪ੍ਰੀਖਿਆ ਦੇਣ ਤੋਂ ਬਚ ਸਕੇ। ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਵਿਦਿਆਰਥੀ ਨੇ ਆਪਣੇ ਈ-ਮੇਲ ‘ਚ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ, ਹਾਲਾਂਕਿ ਬਾਅਦ ‘ਚ ਇਹ ਧਮਕੀਆਂ ਪੂਰੀ ਤਰ੍ਹਾਂ ਝੂਠੀਆਂ ਨਿਕਲੀਆਂ। ਹਾਲਾਂਕਿ, ਪਿਛਲੇ ਕੁਝ ਮਹੀਨਿਆਂ ਵਿੱਚ ਦਿੱਲੀ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਅਜਿਹੀਆਂ ਧਮਕੀਆਂ ਦੇ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਇਨ੍ਹਾਂ ਧਮਕੀਆਂ ਕਾਰਨ ਕਈ ਵਾਰ ਸਕੂਲਾਂ ਨੂੰ ਖਾਲੀ ਕਰਵਾਉਣਾ ਪਿਆ। ਹਾਲਾਂਕਿ, ਜ਼ਿਆਦਾਤਰ ਧਮਕੀਆਂ ਝੂਠੀਆਂ ਸਾਬਤ ਹੋਈਆਂ। ਪੁਲਿਸ ਨੇ ਵਿਦਿਆਰਥੀ ਤੋਂ ਪੁੱਛਗਿੱਛ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਿਛਲੇ ਸਾਲ ਅਕਤੂਬਰ ਵਿੱਚ ਵੀ ਦਿੱਲੀ ਦੇ ਰੋਹਿਣੀ ਇਲਾਕੇ ਵਿੱਚ ਸੀ.ਆਰ.ਪੀ.ਐਫ. ਸਕੂਲ ਨੇੜੇ ਧਮਾਕਾ ਹੋਇਆ ਸੀ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਸੀ, ਹਾਲਾਂਕਿ ਇਸ ਘਟਨਾ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ ਸੀ। ਹੁਣ ਇਹ ਨਵਾਂ ਮਾਮਲਾ ਸਵਾਲ ਖੜ੍ਹਾ ਕਰਦਾ ਹੈ ਕਿ ਅਜਿਹੇ ਝੂਠੇ ਸੰਦੇਸ਼ਾਂ ਨਾਲ ਕਿੰਨਾ ਨੁਕਸਾਨ ਹੋ ਸਕਦਾ ਹੈ ਅਤੇ ਇਸ ਨੂੰ ਰੋਕਣ ਲਈ ਕੀ ਕਦਮ ਚੁੱਕੇ ਜਾਣਗੇ।







