ਫਾਜ਼ਿਲਕਾ : ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਖੇਤਰਾਂ ਵਿੱਚ ਖੇਤੀ ਕਰ ਰਹੇ ਕਿਸਾਨਾਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਆਪਰੇਸ਼ਨ ਸਿੰਦੂਰ ਤੋਂ ਬਾਅਦ ਬੀ.ਐੱਸ.ਐੱਫ. ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਜਾਣਕਾਰੀ ਅਨੁਸਾਨ ਹੁਣ ਕਿਸਾਨਾਂ ਨੂੰ ਸਰਹੱਦ ਪਾਰ ਖੇਤੀ ਕਰਨ ਲਈ ਵਾਧੂ ਸਮਾਂ ਦਿੱਤਾ ਜਾਵੇਗਾ। ਇਹ ਫੈਸਲਾ ਬੀ.ਐਸ.ਐਫ ਦੀ ਮੁਰਾਦਵਾਲਾ ਚੌਕੀ ਵਿਖੇ ਹੋਈ ਬੈਠਕ ‘ਚ ਲਿਆ ਗਿਆ ਹੈ |
ਬੀ.ਐਸ.ਐਫ ਦੇ ਫੈਸਲੇ ਮੁਤਾਬਕ ਕਿਸਾਨ ਹੁਣ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਅੰਤਰਰਾਸ਼ਟਰੀ ਸਰਹੱਦ ਦੇ ਪਾਰ ਆਪਣੇ ਖੇਤਾਂ ‘ਚ ਕੰਮ ਕਰ ਸਕਣਗੇ। ਪਹਿਲਾਂ ਇਹ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੀ। ਪੰਜਾਬ ਬਾਰਡਰ ਏਰੀਆ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਉਪ ਪ੍ਰਧਾਨ ਸੁਭਾਸ਼ ਚੰਦਰ ਨੇ ਕਿਹਾ ਕਿ ਬੈਠਕ ‘ਚ ਕਿਸਾਨਾਂ ਦੀਆਂ ਹੋਰ ਸਮੱਸਿਆਵਾਂ ਦਾ ਵੀ ਹੱਲ ਕੀਤਾ ਜਾਵੇਗਾ।
ਇਸ ਬੈਠਕ ਦੌਰਾਨ ਬੀ.ਐੱਸ.ਐੱਫ. ਕਮਾਂਡੇਟ ਅਜੇ ਕੁਮਾਰ ਨੇ ਕਿਹਾ ਕਿ ਝੋਨੇ ਦੀ ਬਿਜਾਈ ਦੇ ਮੌਸਮ ‘ਚ ਕਿਸਾਨਾਂ ਨੂੰ ਹੋਣ ਵਾਲੀਆਂ ਪਰੇਸ਼ਾਨੀਆਂ ਨੂੰ ਦੇਖਦੇ ਹੋਏ ਇਹ ਅਹਿਮ ਬੈਠਕ ਬੁਲਾਈ ਗਈ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਜੰਗਲੀ ਸੂਰਾਂ ਵੱਲੋਂ ਫਸਲਾਂ ਨੂੰ ਨੁਕਸਾਨ ਪਹੁੰਚਾਉਣ ‘ਤੇ ਵੀ ਚਰਚਾ ਕੀਤੀ ਗਈ।
ਉਥੇ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਸਖਤ ਹਿਦਾਇਤਾਂ ਵੀ ਜਾਰੀ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਬਾਰਡਰ ਏਰੀਆ ‘ਚ ਤਾਰਬੰਦੀ ਨੇੜੇ 4 ਫੁੱਟ ਤੋਂ ਉਪਰ ਦੀ ਫਸਲ ਦੀ ਖੇਤੀ ਨਹੀਂ ਕੀਤੀ ਜਾਵੇਗੀ। ਬਿਨਾਂ ਕਿਸੇ ਕੰਮ ਦੇ ਕਿਸਾਨ ਫੇਂਸਿੰਗ ਨੇੜੇ ਨਹੀਂ ਜਾਣਗੇ ਅਤੇ ਇਸੇ ਦੇ ਨਾਲ ਪਿੰਡ ‘ਚ ਦੇਰ ਰਾਤ ਹੋਣ ਵਾਲੇ ਪ੍ਰੋਗਰਾਮ ‘ਚ ਮਿਊਜ਼ਿਕ ਸਿਸਟਮ ਨਹੀਂ ਚਲਾਏ ਜਾਣਗੇ।