ਚੰਡੀਗੜ : ਪੰਜਾਬੀ ਗਾਇਕਾ ਨਿਮਰਤ ਖਹਿਰਾ (Punjabi singer Nimrat Khaira) ਨੇ ਸਾਫ-ਸੁਥਰੀ ਗਾਇਕੀ ਨਾਲ ਲੋਕਾਂ ਦੇ ਦਿਲਾਂ ‘ਚ ਖਾਸ ਜਗ੍ਹਾ ਬਣਾਈ ਹੈ। ਨਿਮਰਤ ਖਹਿਰਾ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦੇ ਜਨਮਦਿਨ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫ਼ੀ ਉਤਸ਼ਾਹ ਹੈ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।
ਨਿਮਰਤ ਖਹਿਰਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਨਿਮਰਤ ਖਹਿਰਾ ਦਾ ਜਨਮ ਗੁਰਦਾਸਪੁਰ ‘ਚ 1992 ‘ਚ ਹੋਇਆ। ਉਨ੍ਹਾਂ ਦਾ ਪੂਰਾ ਨਾਂ ਨਿਮਰਤਪਾਲ ਕੌਰ ਖਹਿਰਾ ਹੈ। ਨਿਮਰਤ ਖਹਿਰਾ ਉਨ੍ਹਾਂ ਨਾਮੀ ਗਾਇਕਾਂ ‘ਚ ਮਸ਼ਹੂਰ ਹੈ, ਜੋ ਸਾਫ-ਸੁਥਰੀ ਤੇ ਸੱਭਿਆਚਾਰਕ ਗਾਇਕੀ ਨਾਲ ਜਾਣੇ ਜਾਂਦੇ ਹਨ। ਨਿਮਰਤ ਖਹਿਰਾ ਨੇ ਸਾਲ 2012 ‘ਚ ਵਾਇਸ ਆਫ਼ ਪੰਜਾਬ ‘ਚ ਭਾਗ ਲੈ ਕੇ ਵਾਇਸ ਆਫ਼ ਪੰਜਾਬ ਦਾ ਖ਼ਿਤਾਬ ਜਿੱਤਿਆ ਸੀ। ਇਸ ਤੋਂ ਬਾਅਦ ਹੀ ਉਨ੍ਹਾਂ ਦੀ ਗਾਇਕੀ ਦਾ ਸਫ਼ਰ ਸ਼ੁਰੂ ਹੋ ਗਿਆ ਸੀ। ਉਨ੍ਹਾਂ ਨੂੰ ਗਾਇਕੀ ਤੋਂ ਇਲਾਵਾ ਪੜ੍ਹਨ, ਜਿੰਮ, ਯੋਗਾ ਅਤੇ ਅਦਾਕਾਰੀ ਦਾ ਵੀ ਸ਼ੌਕ ਹੈ। 2014 ‘ਚ ਉਨ੍ਹਾਂ ਨੂੰ ਇੱਕ ਗਾਣੇ ‘ਚ ਕੰਮ ਕਰਨ ਦਾ ਮੌਕਾ ਮਿਲਿਆ।
ਤੁਹਾਨੂੰ ਦੱਸ ਦੇਈਏ ਕਿ ਨਿਮਰਤ ਖਹਿਰਾ ਨੂੰ ਆਪਣੀ ਜ਼ਿੰਦਗੀ ‘ਚ ਅਸਲੀ ਪਛਾਣ ਗੀਤ ‘ਇਸ਼ਕ ਕਚਹਿਰੀ’ ਰਾਹੀਂ ਮਿਲੀ ਸੀ। ਇਸ ਗੀਤ ਤੋਂ ਇਲਾਵਾ ਉਹ ‘ਸੈਲਿਊਟ ਵੱਜਦੇ’, ‘ਰੌਹਬ ਰੱਖਦੀ’, ‘ਤਾਂ ਵੀ ਚੰਗਾ ਲੱਗਦਾ’, ‘ਅੱਖਰ’, ‘ਡੇ. ਜੇ. ਵਾਲਿਆ’, ‘ਲਕੀਰਾਂ’, ‘ਗਾਨੀ’, ‘ਵੇਖ ਨੱਚਦੀ’, ‘ਦੀਦਾਰ’, ‘ਰੂਲ ਬ੍ਰੇਕਰ’ ਵਰਗੇ ਗੀਤਾਂ ਨਾਲ ਲੋਕਾਂ ਦੇ ਦਿਲਾਂ ‘ਚ ਆਪਣੀ ਜਗ੍ਹਾ ਬਣਾਈ।