ਕੁਰੂਕਸ਼ੇਤਰ : ਅੱਜ ਤੜਕੇ ਕਰੀਬ 2 ਵਜੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਸ਼ਾਹਾਬਾਦ ਸਬ-ਡਵੀਜ਼ਨ ਦੇ ਨੀਲਕੰਠ ਹੋਟਲ ਅਤੇ ਪਿੰਡ ਸ਼ਰੀਫਗੜ੍ਹ ਦੇ ਵਿਚਕਾਰ ਲਿੰਕ ਰੋਡ ‘ਤੇ ਸੀ.ਆਈ.ਏ.-1 ਦੀ ਟੀਮ ਅਤੇ ਦੋ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ। ਦੋਵੇਂ ਬਦਮਾਸ਼ ਬਦਨਾਮ ਗਿਰੋਹ ਨਾਲ ਜੁੜੇ ਹੋਏ ਹਨ ਅਤੇ ਫਿਰੌਤੀ ਵਸੂਲਣ ਦੇ ਇਰਾਦੇ ਨਾਲ ਖੇਤਰ ਵਿੱਚ ਆਏ ਸਨ। ਇਕ ਬਦਮਾਸ਼ ਪੰਜਾਬ, ਪਟਿਆਲਾ ਅਤੇ ਦੂਜਾ ਹਰਿਆਣਾ ਦਾ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਸ਼ਾਹਬਾਦ ਮਾਰਕੰਡਾ ਸ਼ਰੀਫਗੜ੍ਹ ਪਿੰਡ ਨੇੜੇ ਇਹ ਮੁਕਾਬਲਾ ਹੋਇਆ। ਪੁਲਿਸ ਨੂੰ ਬਦਮਾਸ਼ਾਂ ਦੇ ਆਉਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਜਾਲ ਵਿਛਾਇਆ ਅਤੇ ਮੁਲਜ਼ਮ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਆਪਣੇ ਆਪ ਨੂੰ ਘਿਰਿਆ ਦੇਖ ਕੇ ਬਦਮਾਸ਼ਾਂ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਬਦਮਾਸ਼ਾਂ ‘ਤੇ ਗੋਲੀਆਂ ਚਲਾਈਆਂ। ਇਸ ਗੋਲੀਬਾਰੀ ‘ਚ ਦੋਵੇਂ ਬਦਮਾਸ਼ ਜ਼ਖਮੀ ਹੋ ਗਏ ਹਨ।
ਇੰਸਪੈਕਟਰ ਸੁਰੇਂਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਦੋ ਬਦਮਾਸ਼ ਸ਼ਾਹਬਾਦ ਮਾਰਕੰਡਾ ‘ਚ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਆਏ ਹਨ। ਪੁਲਿਸ ਨੇ ਤੁਰੰਤ ਇਕ ਟੀਮ ਬਣਾਈ ਅਤੇ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਉਨ੍ਹਾਂ ਕੋਲੋਂ .315 ਬੋਰ ਦੀ ਪਿਸਤੌਲ ਅਤੇ .32 ਬੋਰ ਦੀ ਪਿਸਤੌਲ ਵੀ ਬਰਾਮਦ ਕੀਤੀ ਹੈ। ਮੁਕਾਬਲੇ ‘ਚ ਦੋਵਾਂ ਦੀ ਲੱਤ ‘ਚ ਗੋਲੀ ਲੱਗੀ ਹੈ। ਦੋਵਾਂ ਦਾ ਇਸ ਸਮੇਂ ਕੁਰੂਕਸ਼ੇਤਰ ਦੇ ਸਰਕਾਰੀ ਹਸਪਤਾਲ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।