ਅਹਿਮਦਾਬਾਦ : ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ, ਜਿਨ੍ਹਾਂ ਨੇ ਅਹਿਮਦਾਬਾਦ ਜਹਾਜ਼ ਹਾਦਸੇ ਵਿੱਚ ਆਪਣੀ ਜਾਨ ਗਵਾਈ ਸੀ, ਉਨ੍ਹਾਂ ਦਾ ਡੀਐਨਏ ਮੈਚ ਹੋ ਗਿਆ ਹੈ। ਉਨ੍ਹਾਂ ਦੀ ਦੇਹ ਉਨ੍ਹਾਂ ਦੇ ਪਰਿਵਾਰ ਨੂੰ ਸੌਂਪੀ ਜਾਵੇਗੀ ਅਤੇ ਰਾਜਕੋਟ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 275 ਹੋ ਗਈ ਹੈ। ਐਤਵਾਰ ਸਵੇਰ ਤੱਕ 248 ਲਾਸ਼ਾਂ ਦੇ ਡੀ.ਐਨ.ਏ ਨਮੂਨੇ ਲਏ ਗਏ ਸਨ। ਇਨ੍ਹਾਂ ਵਿੱਚੋਂ 31 ਮੇਲ ਖਾਂਦੇ ਹਨ, ਜਿਨ੍ਹਾਂ ਵਿੱਚੋਂ 20 ਲਾਸ਼ਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ ਹਨ। ਉਨ੍ਹਾਂ ਦੇ ਮੌਤ ਦੇ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ ਸਨ।
ਐਂਬੂਲੈਂਸਾਂ ਰਾਹੀਂ ਸੁਰੱਖਿਆ ਦੇ ਨਾਲ ਲਾਸ਼ਾਂ ਨੂੰ ਉਨ੍ਹਾਂ ਦੇ ਜੱਦੀ ਸ਼ਹਿਰਾਂ ਵਿੱਚ ਪਹੁੰਚਾਇਆ ਜਾ ਰਿਹਾ ਹੈ। ਇਸ ਲਈ 230 ਟੀਮਾਂ ਬਣਾਈਆਂ ਗਈਆਂ ਹਨ, ਜੋ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨਾਲ ਸਿੱਧੇ ਸੰਪਰਕ ਵਿੱਚ ਹਨ। 192 ਐਂਬੂਲੈਂਸਾਂ ਅਤੇ ਵਾਹਨ ਤਿਆਰ ਹਨ। ਹਾਦਸੇ ਵਿੱਚ ਜਾਨ ਗੁਆਉਣ ਵਾਲੇ 11 ਵਿਦੇਸ਼ੀ ਨਾਗਰਿਕਾਂ ਦੇ ਰਿਸ਼ਤੇਦਾਰ ਅੱਜ ਅਹਿਮਦਾਬਾਦ ਪਹੁੰਚ ਸਕਦੇ ਹਨ।
ਲਾਸ਼ਾਂ ਨੂੰ ਰੱਖਣ ਲਈ 170 ਤਾਬੂਤ ਬਣਾਉਣ ਦਾ ਆਦੇਸ਼ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ ਲਗਭਗ 100 ਤਾਬੂਤ ਵਡੋਦਰਾ ਤੋਂ ਅਹਿਮਦਾਬਾਦ ਲਿਆਂਦੇ ਗਏ ਹਨ। ਬਾਕੀ ਤਾਬੂਤ ਬਣਾਉਣ ਦਾ ਕੰਮ ਜਾਰੀ ਹੈ।