ਬਠਿੰਡਾ : ਪੰਜਾਬ ਦੇ ਬਠਿੰਡਾ ਜ਼ਿਲ੍ਹੇ (Bathinda District) ਵਿੱਚ ਪੰਜਾਬ ਪੁਲਿਸ ਦੇ ਸਾਬਕਾ ਇੰਸਪੈਕਟਰ (A Former Inspector) ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਓਮ ਪ੍ਰਕਾਸ਼ ਵਜੋਂ ਹੋਈ ਹੈ, ਜੋ ਬਤੌਰ ਇੰਸਪੈਕਟਰ ਪੰਜਾਬ ਪੁਲਿਸ ‘ਚੋਂ ਰਿਟਾਇਰ ਹੋ ਚੁੱਕੇ ਸਨ। ਉਹ ਮੌਜੂਦਾ ਸਮੇਂ ਦੌਰਾਨ ਡੀ.ਡੀ. ਟਾਵਰ ਮਿੱਤਲ ਵਿਖੇ ਰਹਿ ਰਹੇ ਸਨ। ਸੂਤਰਾਂ ਮੁਤਾਬਕ ਉਨ੍ਹਾਂ ਦਾ ਪਰਿਵਾਰਕ ਮੈਂਬਰਾਂ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਸੀ ਤੇ ਉਹ ਆਪਣੀ ਜਾਇਦਾਦ ਵੀ ਵੇਚ ਰਹੇ ਸਨ।
ਉਨ੍ਹਾਂ ‘ਤੇ ਇਹ ਹਮਲਾ ਉਸ ਵੇਲੇ ਹੋਇਆ, ਜਦੋਂ ਉਹ ਨੇੜੇ ਇਕ ਦੁਕਾਨ ਤੋਂ ਦੁੱਧ ਲੈਣ ਗਏ ਹੋਏ ਸਨ। ਜਾਣਕਾਰੀ ਮੁਤਾਬਕ ਕਾਤਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਸਨ, ਜੋ ਕਿ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋਣ ‘ਚ ਕਾਮਯਾਬ ਹੋ ਗਏ। ਫਿਲਹਾਲ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਹੈ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁਲਜ਼ਮਾਂ ਦੀ ਭਾਲ ਵੀ ਸ਼ੁਰੂ ਦਿੱਤੀ ਗਈ ਹੈ। ਬਠਿੰਡਾ ਪੁਲਿਸ ਦੇ ਐੱਸ.ਐੱਸ.ਪੀ. ਅਮਨੀਤ ਕੌਂਡਲ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਿਸ ਜ਼ਮੀਨੀ ਵਿਵਾਦ ਵਾਲੇ ਐਂਗਲ ਨੂੰ ਵੀ ਧਿਆਨ ‘ਚ ਰੱਖ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਮੁਲਜ਼ਮਾਂ ਦੀ ਪਛਾਣ ਲਈ ਇਲਾਕੇ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਖੰਗਾਲੀ ਜਾ ਰਹੀ ਹੈ।