Breaking News
Home / Punjab / ਇਰਾਕ ‘ਚ ਲਾਪਤਾ 39 ਭਾਰਤੀਆਂ ਦਾ ਮਾਮਲਾ ਪੀੜਤਾਂ ਦੇ ਪਰਿਵਾਰਾਂ ਵੱਲੋਂ

ਇਰਾਕ ‘ਚ ਲਾਪਤਾ 39 ਭਾਰਤੀਆਂ ਦਾ ਮਾਮਲਾ ਪੀੜਤਾਂ ਦੇ ਪਰਿਵਾਰਾਂ ਵੱਲੋਂ

ਅਦਾਲਤ ‘ਚ ਜਾਣ ਦਾ ਫੈਸਲਾ
ਚੰਡੀਗੜ੍ਹ, 20 ਜੂਨ (ਚ.ਨ.ਸ.) : ਦੋ ਸਾਲ ਤੱਕ ਵਿਦੇਸ਼ ਮੰਤਰਾਲੇ ਦੇ ਲਾਰਿਆਂ ਤੋਂ ਅੱਕ ਕੇ ਇਰਾਕ ਵਿੱਚ ਲਾਪਤਾ 39 ਭਾਰਤੀਆਂ ਦੇ ਪਰਿਵਾਰਕ ਮੈਂਬਰਾਂ ਦੀ ਉਮੀਦ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਟਿਕ ਗਈ ਹੈ। ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਧਾਨ ਮੰਤਰੀ ਵੀ ਇਸ ਮੁੱਦੇ ‘ਤੇ ਕੁਝ ਨਹੀਂ ਕਰਨਗੇ ਤਾਂ ਉਹ ਅਦਾਲਤ ਦੀ ਮਦਦ ਲੈਣਗੇ। 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਚੰਡੀਗੜ੍ਹ ਵਿੱਚ ਮੁਲਾਕਾਤ ਕਰਨ ਦੇ ਇਰਾਦੇ ਨਾਲ ਆਈ ਅੰਮ੍ਰਿਤਸਰ ਦੀ ਗੁਰਪਿੰਦਰ ਕੌਰ ਤੇ ਕਪੂਰਥਲਾ ਦੇ ਗੁਰਵਿੰਦਰ ਸਿੰਘ ਨੇ ‘ਏਬੀਪੀ ਸਾਂਝਾ’ ਨਾਲ ਖ਼ਾਸ ਤੌਰ ਉੱਤੇ ਗੱਲਬਾਤ ਕਰਦਿਆਂ ਇਹ ਗੱਲ ਆਖੀ। ਉਧਰ, ਚੰਡੀਗੜ੍ਹ ਪ੍ਰਸ਼ਾਸਨ ਨੇ ਇਰਾਕ ਪੀੜਤਾਂ ਨੂੰ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦਾ ਭਰੋਸਾ ਦੇ ਕੇ ਵਾਪਸ ਤੋਰ ਦਿੱਤਾ। ਫਿਰ ਵੀ ਪੀੜਤਾਂ ਵੱਲੋਂ ਮੰਗ ਪੱਤਰ
ਚੰਡੀਗੜ੍ਹ ਪ੍ਰਸ਼ਾਸਨ ਦੇ ਸਲਾਹਕਾਰ ਪਰਮਲ ਰਾਏ ਨੂੰ ਸੌਂਪਿਆ ਗਿਆ। ਚੰਡੀਗੜ੍ਹ ਪ੍ਰਸ਼ਾਸਨ ਨੇ ਛੇਤੀ ਹੀ ਇਰਾਕ ਪੀੜਤਾਂ ਨੂੰ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਵਾਉਣ ਦਾ ਭਰੋਸਾ ਦਿੱਤਾ ਹੈ। 39 ਭਾਰਤੀਆਂ ਵਿੱਚ ਜ਼ਿਆਦਾਤਰ ਮੁੰਡੇ ਪੰਜਾਬ ਤੋਂ ਹਨ। ਇਨ੍ਹਾਂ ਨੌਜਵਾਨਾਂ ਵਿੱਚ ਸ਼ਾਮਲ ਅੰਮ੍ਰਿਤਸਰ ਦੇ ਮਨਜਿੰਦਰ ਸਿੰਘ ਦੀ ਭੈਣ ਗੁਰਪਿੰਦਰ ਕੌਰ ਨੇ ਆਖਿਆ ਹੈ ਕਿ ਦੋ ਸਾਲ ਬੀਤ ਜਾਣ ਤੋਂ ਬਾਅਦ ਵੀ ਵਿਦੇਸ਼ ਮੰਤਰਾਲਾ ਪੂਰੇ ਮਾਮਲੇ ਸਬੰਧੀ ਹਾਲਤ ਸਪਸ਼ਟ ਨਹੀਂ ਕਰ ਸਕਿਆ। ਉਨ੍ਹਾਂ ਆਖਿਆ ਕਿ 10 ਵਾਰ ਉਨ੍ਹਾਂ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਕਾਤਾ ਹੋਈ ਪਰ ਹਰ ਵਾਰ ਭਰੋਸਾ ਹੀ ਮਿਲਿਆ। ਉਨ੍ਹਾਂ ਆਖਿਆ ਕਿ ਵਿਦੇਸ਼ ਮੰਤਰੀ ਦੇ ਵਾਰ-ਵਾਰ ਮਿਲ ਰਹੇ ਭਰੋਸੇ ਤੋਂ ਉਨ੍ਹਾਂ ਦਾ ਯਕੀਨ ਹੁਣ ਉੱਠ ਚੁੱਕਾ ਹੈ। ਗੁਰਪਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਉਮੀਦ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਹੈ ਪਰ ਨਾਲ ਹੀ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਜੇਕਰ ਪ੍ਰਧਾਨ ਮੰਤਰੀ ਵੀ ਇਸ ਮੁੱਦੇ ਉੱਤੇ ਕੁਝ ਨਹੀਂ ਕਰਦੇ ਤਾਂ ਉਹ ਮਾਮਲੇ ਨੂੰ ਅਦਾਲਤ ਵਿੱਚ ਲੈ ਕੇ ਵੀ ਜਾਣਗੇ।

About admin

Check Also

ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ  

ਆਨੰਦਪੁਰ ਸਾਹਿਬ, 21 ਮਈ(ਪੱਤਰ ਪ੍ਰੇਰਕ) : ਰਾਸ਼ਟਰ ਮੰਚ ਦੇ ਆਗੂ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ …

Leave a Reply

Your email address will not be published. Required fields are marked *