Breaking News
Home / Punjab / ਦੇਸ਼ ਦੀ ਖੇਤੀ ਆਰਥਿਕਤਾ ਨੂੰ ਮਜ਼ਬੂਤ ਬਣਾਉਣ ਲਈ ਉਚ ਪੱਧਰੀ ਕਮੇਟੀ ਕਾਇਮ ਕੀਤੀ ਜਾਵੇ: ਬਾਦਲ

ਦੇਸ਼ ਦੀ ਖੇਤੀ ਆਰਥਿਕਤਾ ਨੂੰ ਮਜ਼ਬੂਤ ਬਣਾਉਣ ਲਈ ਉਚ ਪੱਧਰੀ ਕਮੇਟੀ ਕਾਇਮ ਕੀਤੀ ਜਾਵੇ: ਬਾਦਲ

ਜੇਤਲੀ ਤੇ ਸਮ੍ਰਿਤੀ ਨੇ ਰੱÎਖਿਆ ਆਈ.ਆਈ.ਐਮ. ਦਾ ਨੀਂਹ ਪੱਥਰ

ਅੰਮ੍ਰਿਤਸਰ,19 ਜੂਨ (ਗੁਰਦਿਆਲ ਸਿੰਘ) :ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਮੁਲਕ ਦੀ ਲੜਖੜਾ ਰਹੀ ਖੇਤੀ ਆਰਥਿਕਤਾ ਨੂੰ ਪੈਰਾਂ ਸਿਰ ਕਰਨ ਕਰਨ ਲਈ ਢੰਗ-ਤਰੀਕੇ ਲੱਭਣ ਵਾਸਤੇ ਪ੍ਰਗਤੀਸ਼ੀਲ ਕਿਸਾਨਾਂ, ਖੇਤੀ ਮਾਹਿਰਾਂ ਅਤੇ ਨੀਤੀਵਾਨਾਂ ‘ਤੇ ਅਧਾਰਿਤ ਇਕ ਉਚ ਪੱਧਰੀ ਕਮੇਟੀ ਕਾਇਮ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਸਮੇਂ ਦੀ ਬਹੁਤ ਵੱਡੀ ਲੋੜ ਹੈ ਅਤੇ ਅਜਿਹਾ ਨਾ ਕੀਤੇ ਜਾਣ ਦੀ ਸੂਰਤ ਵਿੱਚ ਕੌਮੀ ਆਰਥਿਕਤਾ ਖੇਰੂ-ਖੇਰੂ ਹੋ ਜਾਵੇਗੀ।
ਅੱਜ ਇੱਥੇ ਮਾਣਮੱਤੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (ਆਈ.ਆਈ.ਐਮ.) ਦਾ ਨੀਂਹ ਪੱਥਰ ਰੱਖਣ ਮੌਕੇ ਕਰਵਾਏ ਸਮਾਰੋਹ ਦੌਰਾਨ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਵਿੱਚ ਕਾਂਗਰਸ ਦੀ
ਅਗਵਾਈ ਵਾਲੀਆਂ ਸਰਕਾਰਾਂ ਦੀਆਂ ਮਾਰੂ ਖੇਤੀ ਨੀਤੀਆਂ ਕਾਰਨ ਕਿਸਾਨਾਂ ਵਿੱਚ ਘੋਰ ਨਿਰਾਸ਼ਾ ਬਣੀ ਹੋਈ ਹੈ ਜੋ ਉਨ੍ਹਾਂ ਨੂੰ ਇਹ ਧੰਦਾ ਹੀ ਛੱਡ ਦੇਣ ਲਈ ਮਜਬੂਰ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਬਹੁਤ ਹੀ ਦੁਖਦਾਇਕ ਹਾਲਾਤ ਬਣੇ ਹੋਏ ਹਨ ਕਿ 1960ਵਿਆਂ ਵਿੱਚ ਹਰੀ ਕ੍ਰਾਂਤੀ ਰਾਹੀਂ ਮੁਲਕ ਨੂੰ ਅਨਾਜ ਉਤਪਾਦਨ ਵਿੱਚ ਸਵੈ-ਨਿਰਭਰ ਬਣਾਉਣ ਵਾਲੇ ਸਾਡੇ ਕਿਸਾਨ ਹੁਣ ਖੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ। ਉਨ੍ਹਾਂ ਨੇ ਖੇਤੀ ਸੰਕਟ ਦੇ ਖਾਤਮੇ ਲਈ ਠੋਸ ਨੀਤੀ ਲਿਆਉਣ ਲਈ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਦੇ ਫੌਰੀ ਦਖ਼ਲ ਦੀ ਮੰਗ ਕੀਤੀ ਹੈ। ਸ. ਬਾਦਲ ਨੇ ਉਮੀਦ ਜ਼ਾਹਰ ਕੀਤੀ ਕਿ ਕਿਸਾਨਾਂ ਦੀ ਭਲਾਈ ਲਈ ਖੇਤੀ ਨੀਤੀਆਂ ਘੜਨ ਵਾਸਤੇ ਆਈ.ਆਈ.ਐਮ. ਸੂਬੇ ਲਈ ਰਾਹ ਦਸੇਰਾ ਸਿੱਧ ਹੋਵੇਗਾ।
Êਪੰਜਾਬ ਪ੍ਰਤੀ ਕਾਂਗਰਸ ਦੇ ਨਾਂਹ-ਪੱਖੀ ਰਵੱਈਆ ਦੀ ਅਲੋਚਨਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਹੀ ਸੂਬੇ ਦੇ ਵਿਕਾਸ ਤੇ ਲੋਕਾਂ ਦੀ ਖੁਸ਼ਹਾਲੀ ਦੇ ਖਿਲਾਫ਼ ਰਹੀ ਹੈ। ਉਨ੍ਹਾਂ ਨੇ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ‘ਤੇ ਦੋਸ਼ ਲਾਇਆ ਕਿ ਇਸ ਦੀਆਂ ਪੰਜਾਬ ਵਿਰੋਧੀ ਨੀਤੀਆਂ ਨੇ ਸਮਾਜਿਕ, ਆਰਥਿਕ ਅਤੇ ਸਿਆਸੀ ਤੌਰ ‘ਤੇ ਸੂਬਾ ਤਬਾਹ ਕਰ ਦਿੱਤਾ। ਉਨ੍ਹਾਂ ਨੇ ਚੇਤੇ ਕਰਵਾਇਆ ਕਿ ਯੂ.ਪੀ.ਏ. ਨੇ ਸਾਡੇ ਗੁਆਂਢੀ ਪਹਾੜੀ ਸੂਬਿਆਂ ਉਤਰਾਖੰਡ, ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰੇਦਸ਼ ਨੂੰ ਵਿੱਤੀ ਰਿਆਇਤਾਂ ਦਿੱਤੀਆਂ ਅਤੇ ਪੰਜਾਬ ਦੀ ਸਨਅਤ ਇਨ੍ਹਾਂ ਸੂਬਿਆਂ ਵੱਲ ਹਿਜਰਤ ਕਰ ਗਈ ਜਿਸ ਨਾਲ ਸੂਬੇ ਨੂੰ ਹੋਏ ਨੁਕਸਾਨ ਦੀ ਕਦੀ ਵੀ ਭਰਪਾਈ ਨਹੀਂ ਕੀਤੀ ਜਾ ਸਕਦੀ। ਸ. ਬਾਦਲ ਨੇ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਜੇਕਰ ਸਮੁੱਚੇ ਸੂਬੇ ਨੂੰ ਨਹੀਂ ਤਾਂ ਘੱਟੋ-ਘੱਟ ਸਰਹੱਦੀ ਜ਼ਿਲਿਅ੍ਹਾਂ ਲਈ ਵਿਸ਼ੇਸ਼ ਸਨਅਤੀ ਪੈਕੇਜ ਦਿੱਤਾ ਜਾਵੇ।
ਸ. ਬਾਦਲ ਨੇ ਕੇਂਦਰੀ ਵਿੱਤ ਮੰਤਰੀ ਨੂੰ ਜ਼ੋਰ ਦੇ ਕੇ ਆਖਿਆ ਕਿ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਲੋਕਾਂ ਲਈ ਵਿਸ਼ੇਸ਼ ਵਿੱਤੀ ਪੈਕੇਜ ਦਿੱਤਾ ਜਾਵੇ ਕਿਉਂ ਜੋ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਲੋਕ ਭਾਰਤ-ਪਾਕਿ ਵੰਡ ਦੀ ਮਾਰ ਦਾ ਸਭ ਤੋਂ ਵੱਧ ਸ਼ਿਕਾਰ ਹੋਏ ਸਨ ਅਤੇ ਅਜੇ ਤੱਕ ਇਹ ਉਸ ਵਿੱਚੋਂ ਉੱਭਰ ਨਹੀਂ ਸਕੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾ ਐਨ.ਡੀ.ਏ. ਦੀ ਸਰਕਾਰ ਸਮੇਂ ਭਾਰਤ ਦੇ ਉਪ ਪ੍ਰਧਾਨ ਮੰਤਰੀ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਭਾਰਤ ਸਰਕਾਰ ਵੱਲੋਂ ਸਰਹੱਦ ‘ਤੇ ਲਗਾਈ ਗਈ ਕੰਡਿਆਲੀ ਵਾੜ ਤੋਂ ਪਾਰ ਜਾ ਕੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਵਿਸ਼ੇਸ਼ ਪੈਕੇਜ ਦਿੱਤਾ ਸੀ। ਇਸ ਮੌਕੇ ਉਨ੍ਹਾਂ ਅੱਪਰ ਬਾਰੀ ਦੁਆਬ ਨਹਿਰ ਦੇ ਨਵੀਨੀਕਰਨ ਹਿੱਤ ਵਿਸ਼ੇਸ਼ ਫੰਡਾਂ ਦੀ ਮੰਗ ਕਰਦਿਆ ਕਿਹਾ ਕਿ ਮੌਜੂਦਾ ਸਮੇਂ ਵਿੱਚ ਇਸ ਨਹਿਰ ਦੀ ਹਾਲਤ ਤਰਸਯੋਗ ਬਣੀ ਹੋਈ ਅਤੇ ਇਸ ਵਿੱਚ ਪਾਣੀ ਵਹਾਅ ਦੀ ਸਮਰੱਥ ਵਿੱਚ ਕਾਫੀ ਗਿਰਾਵਟ ਆ ਗਈ ਹੈ।
ਇਸ ਮੌਕੇ ਮੁੱਖ ਮੰਤਰੀ ਨੇ ਰਾਜ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਸੂਬੇ ਨੂੰ ਨਵੀਂਆਂ ਉਚਾਈਆਂ ‘ਤੇ ਲਿਜਾਣ ਲਈ ਕੀਤੇ ਗਏ ਕਾਰਜਾਂ ਨੂੰ ਲੋਕਾਂ ਅੱਗੇ ਪੇਸ਼ ਕਰਦਿਆਂ ਕਿਹਾ ਅਕਾਲੀ-ਭਾਜਪਾ ਗੱਠਜੋੜ ਨੇ ਰਾਜ ਵਿੱਚ ਯੂਨੀਵਰਸਿਟੀ ਦੀ ਗਿਣਤੀ 4 ਤੋਂ ਵਧਾ ਕੇ 13 ਕਰ ਦਿੱਤੀ ਹੈ ਜਦਕਿ ਪਹਿਲਾਂ ਤੋਂ ਚੱਲ ਰਹੇ 48 ਕਾਲਜਾਂ ਦੀ ਗਿਣਤੀ ਵਿੱਚ 30 ਕਾਲਜ ਹੋਰ ਜੋੜ ਕੇ ਸੂਬੇ ਨੂੰ ਉਚੇਰੀ ਸਿੱਖਿਆ ਦਾ ਧੁਰਾ ਬਣਾ ਦਿੱਤਾ ਹੈ। ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਰਾਜ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਲਈ ਯਾਦਗਾਰਾਂ ਦਾ ਨਿਰਮਾਣ ਕਰਵਾਉਣ ਦਾ ਹੰਭਲਾ ਮਾਰਿਆ ਜਿਨ੍ਹਾਂ ਵਿੱਚ ਜਲੰਧਰ ਨੇੜੇ ਜੰਗ-ਏ-ਅਜ਼ਾਦੀ ਯਾਦਗਾਰ, ਅੰਮ੍ਰਿਤਸਰ ਵਿਖੇ ਭਗਵਾਨ ਵਾਲਮੀਕਿ ਮੰਦਰ ਅਤੇ ਪੈਨੋਰਮਾ ਅਤੇ ਜੰਗੀ ਯਾਦਗਾਰ  ਅਤੇ ਹੁਸ਼ਿਅਰਪੁਰ ਦੇ ਖੁਰਾਲਗੜ੍ਹ ਵਿੱਚ ਗੁਰੁ ਰਵਿਦਾਸ ਮੈਮੋਰੀਅਲ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਸਿੱਖਿਆ ਦੇ ਬੁਨਿਆਦੀ ਢਾਂਚੇ ਵਿੱਚ ਬਿਹਤਰੀਨ ਕਾਰਗੁਜ਼ਾਰੀ ਵਾਲੇ ਸਿਖਰਲੇ ਸੂਬਿਆਂ ਦੀ ਸੂਚੀ ਵਿੱਚ ਪੰਜਾਬ ਨੂੰ ਸ਼ਾਮਲ ਕੀਤਾ ਜਿਸ ਨਾਲ ਪੰਜਾਬ 14ਵੇਂ ਤੋਂ ਤੀਜੇ ਸਥਾਨ ‘ਤੇ ਪਹੁੰਚ ਗਿਆ ਹੈ।
ਕੇਂਦਰੀ ਵਿੱਚ ਮੰਤਰੀ ਸ੍ਰੀ ਅਰੁਣ ਜੇਤਲੀ ਨੇ ਆਪਣੇ ਭਾਸ਼ਣ ਵਿੱਚ ਆਈ.ਆਈ.ਐਮ., ਆਈ.ਆਈ.ਟੀ. ਵਰਗੀ ਵਿਦਿਅਕ ਸੰਸਥਾਵਾਂ ਨੂੰ ਮੁਲਕ ਵਿੱਚ ਵਿਕਾਸ ਤੇ ਤਰੱਕੀ ਦਾ ਇੰਜਨ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਖੁਸ਼ਕਿਸਮਤ ਸੂਬਾ ਹੈ ਕਿ ਮੋਦੀ ਸਰਕਾਰ ਨੇ ਦੋ ਸਾਲਾਂ ਵਿੱਚ ਪਵਿੱਤਰ ਨਗਰੀ ਅੰਮ੍ਰਿਤਸਰ ਨੂੰ ਆਈ.ਆਈ.ਐਮ. ਅਤੇ ਰੋਪੜ ਨੂੰ ਆਈ.ਆਈ.ਟੀ. ਦਿੱਤਾ ਜਿਸ ਨਾਲ ਸੂਬੇ ਦੇ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਅਜਿਹੀਆਂ ਸੰਸਥਾਵਾਂ ਕਿਸੇ ਖੇਤਰ ਦੇ ਆਰਥਿਕ ਵਿਕਾਸ ਲਈ ਲੋੜੀਂਦਾ ਢਾਂਚਾ ਮੁਹੱਈਆ ਕਰਦੀਆਂ ਹਨ।
ਖੇਤੀ ਆਮਦਨ ਅਤੇ ਕੌਮੀ ਜੀ.ਡੀ.ਪੀ. ਵਿੱਚ ਇਸ ਹਿੱਸੇਦਾਰੀ ਘਟਣ ‘ਤੇ ਚਿੰਤਾ ਜ਼ਾਹਰ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਕਿੱਤੇ ‘ਤੇ ਮੁਲਕ ਦੀ 55 ਫੀਸਦੀ ਆਬਾਦੀ ਨਿਰਭਰ ਹੈ ਜਦਕਿ ਜੀ.ਡੀ.ਪੀ. ਵਿੱਚ ਇਸ ਦੀ ਹਿੱਸੇਦਾਰੀ ਸਿਰਫ 15 ਫੀਸਦੀ ਹੈ। ਤਾਇਵਾਨ, ਵੀਅਤਨਾਮ ਅਤੇ ਹੋਰ ਦਿੱਗਜ ਏਸ਼ੀਅਨ ਮੁਲਕਾਂ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਅਤੇ ਖੇਤੀਬਾੜੀ ਸਮੇਤ ਕੌਮੀ ਆਰਥਿਕਤਾ ਵਿੱਚ ਸਨਅਤ ਵਿੱਚ ਵਾਧਾ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਮੁਲਕ ਦੇ ਸੰਤੁਲਿਤ ਤੇ ਵਿਆਪਕ ਆਰਥਿਕ ਵਿਕਾਸ ਨੂੰ ਯਕੀਨੀ ਬਣਾਉਣ ਵਿੱਚ ਮਦਦ ਮਿਲੇਗੀ।
ਸੂਬੇ ਵਿੱਚ ਲਾਮਿਸਾਲ ਵਿਕਾਸ ਨੂੰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੀ ਸ਼ਲਾਘਾ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਆਏ ਦਿਨ ਮੁਹਾਂਦਰਾ ਬਦਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਇਕ ਤੋਂ ਬਾਅਦ ਇਕ ਪ੍ਰਾਜੈਕਟ ਆਰੰਭ ਕੇ ਸੂਬੇ ਨੂੰ ਨਿਵੇਕਲੀ ਦਿੱਖ ਪ੍ਰਦਾਨ ਕੀਤੀ ਹੈ। ਸ੍ਰੀ ਜੇਤਲੀ ਨੇ ਕਿਹਾ ਕਿ ਜਦੋਂ ਵੀ ਮੈਂ ਸੂਬੇ ਵਿੱਚ ਆਉਂਦਾ ਹਾਂ ਤਾਂ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੀ ਸਮਰਪਿਤ ਭਾਵਨਾ ਤੇ ਮਿਹਨਤ ਸਦਕਾ ਨਵੇਂ ਉੱਭਰ ਰਹੇ ਪੰਜਾਬ ਨੂੰ ਨਿਹਾਰਦਾ ਹਾਂ।
ਸੂਬੇ ਵਿੱਚ ਮੈਰੀਟੋਰੀਅਸ ਸਕੂਲਾਂ ਦੀ ਸਥਾਪਨਾ ਦੀ ਸ਼ਲਾਘਾ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਸਕੂਲ ਸੂਬੇ ਵਿੱਚ ਗਰੀਬ ਬੱਚਿਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਵਰਦਾਨ ਸਾਬਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਨਿਵੇਕਲਾ ਮਾਡਲ ਕੇਂਦਰ ਸਰਕਾਰ ਵੱਲੋਂ ਮੁਲਕ ਭਰ ਵਿੱਚ ਲਾਗੂ ਕੀਤਾ ਜਾ ਸਕਦਾ ਹੈ ਜਿਸ ਨਾਲ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ ਵਿੱਚ ਯਕੀਨਨ ਸੁਧਾਰ ਹੋਵੇਗਾ।
ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਅਤੇ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਤੇ ਕੇਂਦਰੀ ਮਨੁੱਖੀ ਵਸੀਲਾ ਵਿਕਾਸ ਮੰਤਰੀ ਸ੍ਰੀਮਤੀ ਸਮਰਿਤੀ ਇਰਾਨੀ ਦਾ ਅੰਮ੍ਰਿਤਸਰ ਵਿਖੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਸਥਾਪਿਤ ਕਰਨ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਤੋਂ ਪਹਿਲਾਂ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਨੇ ਪੰਜਾਬ ਨਾਲ ਹਮੇਸ਼ਾਂ ਮਤਰੇਇਆ ਸਲੂਕ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾਂ ਜਨਮ ਦਿਹਾੜੇ ਨੂੰ ਮਨਾਉਣ ਸਬੰਧੀ ਵੀ ਕੇਂਦਰੀ ਬਜਟ ਵਿਚ 100 ਕਰੋੜ ਰੁਪਏ ਰੱਖੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਬਾਂਹ ਹੁਣ ਐਨ.ਡੀ.ਏ. ਸਰਕਾਰ ਨੇ ਫੜ੍ਹੀ ਹੈ ਅਤੇ ਪੰਜਾਬ ਦਾ ਖਿਆਲ ਇਸ ਕਰਕੇ ਰੱਖਿਆ ਜਾ ਰਿਹਾ ਹੈ ਕਿਉਂ ਕਿ ਪੰਜਾਬ ਅਤੇ ਕੇਂਦਰ ਵਿਚ ਭਾਈਵਾਲ ਸਰਕਾਰਾਂ ਹਨ ਅਤੇ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਸੂਬੇ ਦੇ ਵਿਕਾਸ ਲਈ 2017 ਵਿਚ ਵੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੀ ਹੈਟ੍ਰਿਕ ਮਾਰੀ ਜਾਵੇ ਤਾਂ ਜੋ ਪੰਜਾਬ ਦੇ ਵਿਕਾਸ ਨੂੰ ਹੋਰ ਬੁਲੰਦੀਆਂ ‘ਤੇ ਲੈ ਕੇ ਜਾਇਆ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਬਣਦਿਆਂ ਹੀ ਪੰਜਾਬ ਦੀਆਂ ਸੜਕਾਂ ਨੂੰ 4-6 ਮਾਰਗੀ ਬਣਾਉਣ ਲਈ 20000 ਕਰੋੜ ਰੁਪਏ ਮੰਜ਼ੂਰ ਕਰ ਦਿੱਤੇ ਗਏ ਸਨ ਜਦਕਿ ਕਾਂਗਰਸ ਸਰਕਾਰ ਨੇ 10 ਸਾਲਾਂ ਦੇ ਰਾਜ ਦੌਰਾਨ ਪੰਜਾਬ ਦੀ ਬਾਤ ਤੱਕ ਨਹੀਂ ਪੁੱਛੀ।
ਸ. ਬਾਦਲ ਨੇ ਕਿਹਾ ਕਿ ਪੰਜਾਬ ਦਾ ਵਿਕਾਸ ਉਦੋਂ ਹੀ ਹੋਇਆ ਹੈ ਜਦੋਂ-ਜਦੋਂ ਇੱਥੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਸਰਕਾਰ ਬਣੀ ਹੈ। ਇਸ ਮੌਕੇ ਉਨ੍ਹਾਂ ਸੂਬਾ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ, ਕਿਸਾਨ ਤੇ ਵਪਾਰੀਆਂ ਲਈ ਸਕੀਮਾਂ ਅਤੇ ਸਰਕਾਰ ਦੀਆਂ ਹੋਰ ਪ੍ਰਾਪਤੀਆਂ ਵੀ ਗਿਣਾਈਆਂ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੌਰਾਨ ਬਿਜਲੀ ਦਾ ਇਕ ਨਵਾਂ ਯੂਨਿਟ ਵੀ ਪੈਦਾ ਨਹੀਂ ਕੀਤਾ ਗਿਆ ਸੀ ਜਦਕਿ ਅਕਾਲੀ-ਭਾਜਪਾ ਸਰਕਾਰ ਨੇ ਤਿੰਨ ਨਵੇਂ ਥਰਮਲ ਪਲਾਂਟ ਲਗਾਉਣ ਤੋਂ ਇਲਾਵਾ ਸੂਬੇ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਇਆਂ ਅਤੇ ਪੰਜਾਬ ਵਾਸੀਆਂ ਨੂੰ ਹੁਣ 24 ਘੰਟੇ ਬਿਜਲੀ ਸਪਲਾਈ ਮਿਲ ਰਹੀ ਹੈ।
ਉਨ੍ਹਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ‘ਤੇ ਹੱਲਾ ਬੋਲਦਿਆਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਸੱਤਾ ਦੀਆਂ ਭੁੱਖੀਆਂ ਹਨ ਅਤੇ ਇਸ ਮੰਤਵ ਲਈ ਕਿਸੇ ਵੀ ਹੱਦ ਤੱਕ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਪ ਵਾਲਿਆਂ ਨੇ ਸੌੜੇ ਸਿਆਸੀ ਹਿੱਤਾਂ ਖਾਤਰ ਪੰਜਾਬ ਅਤੇ ਪੰਜਾਬੀਆਂ ਨੂੰ ਬਦਨਾਮ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਅਤੇ ਪੰਜਾਬ ਦਾ ਮਾਹੌਲ ਅਤੇ ਅਕਸ ਖਰਾਬ ਕਰਨ ਵਿਚ ਇਹ ਦੋਵੇਂ ਪਾਰਟੀਆਂ ਪੂਰਾ ਜ਼ੋਰ ਲਾ ਰਹੀਆਂ ਹਨ। ਸ. ਬਾਦਲ ਨੇ ਕਿਹਾ ਕਿ ਇਨ੍ਹਾਂ ਦੋਵਾਂ ਪਾਰਟੀਆਂ ਨੂੰ ਪੰਜਾਬੀ ਸਿਰੇ ਤੋਂ ਨਕਾਰਨ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਡੱਟਵਾਂ ਸਾਥ ਦੇਣ ਕਿਉਂ ਕਿ ਪੰਜਾਬ ਦਾ ਵਿਕਾਸ ਅਕਾਲੀ-ਭਾਜਪਾ ਗੱਠਜੋੜ ਨੇ ਕੀਤਾ ਹੈ ਅਤੇ ਅੱਗੋਂ ਵੀ ਕਰੇਗਾ। ਉੱਪ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਵਿਸ਼ਵ ਵਿਚ ਵੱਸਦੇ ਸਿੱਖ ਭਾਈਚਾਰੇ ਦੀ ਇੱਕੋ-ਇਕ ਨੁਮਾਇੰਦਾ ਪਾਰਟੀ ਹੈ ਜਿਸ ਨੇ ਹਰ ਮੁਸ਼ਕਿਲ ਦੀ ਘੜੀ ਵਿਚ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਵੱਸਦੇ ਸਿੱਖ ਨੂੰ ਆਈ ਮੁਸ਼ਕਿਲ ਮੌਕੇ ਉਸਦਾ ਸਾਥ ਦਿੱਤਾ ਹੈ।
ਆਪਣੇ ਸੰਬੋਧਨ ਵਿੱਚ ਕੇਂਦੀ ਰਾਜ ਮੰਤਰੀ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਵਿਜੇ ਸਾਂਪਲਾ ਨੇ ਕਿਹਾ ਕਿ ਦੇਸ਼ ਵਿੱਚ ਐਨ.ਡੀ.ਏ. ਸਰਕਾਰ ਦੇ ਦੋ ਸਾਲਾਂ ਦੇ ਕਾਰਜਾਕਲ ਦੌਰਾਨ  ਹਰੇਕ ਖੇਤਰ ਵਿੱਚ ਮਿਸਾਲੀ ਵਿਕਾਸ ਹੋਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਦਰਮਿਆਨ ਬਿਹਤਰੀਨ ਤਾਲਮੇਲ ਸੂਬੇ ਦੇ ਵਿਕਾਸ ਤੇ ਲੋਕਾਂ ਦੀ ਭਲਾਈ ਲਈ ਬਹੁਤ ਕਾਰਗਰ ਸਿੱਧ ਹੋ ਰਿਹਾ ਹੈ। ਸੂਬੇ ਨੂੰ ਇੰਡੀਆਨ ਇੰਸਟੀਚਿਊਟ ਆਫ ਮੈਨੇਜਮੈਂਟ ਵਰਗੀ ਵੱਕਾਰੀ ਸੰਸਥਾ ਦੇਣ ਲਈ ਸ੍ਰੀ ਜੇਤਲੀ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਜਦੋਂ ਵੀ ਪੰਜਾਬ ਆਏ ਤਾਂ ਉਨ੍ਹਾਂ ਨੇ ਸੂਬੇ ਨੂੰ ਵੱਡੀ ਗਿਣਤੀ ਵਿੱਚ ਤੋਹਫੇ ਦਿੱਤੇ।
ਕੇਂਦਰੀ ਮਨੁੱਖੀ ਵਸੀਲਿਆਂ ਬਾਰੇ ਮੰਤਰੀ ਸ੍ਰੀਮਤੀ ਸਮ੍ਰਿਤੀ ਇਰਾਨੀ ਨੇ ਆਪਣੇ ਭਾਸ਼ਣ ਵਿੱਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਸੂਬਾ ਸਰਕਾਰ ਦੇ ਲਾਮਿਸਾਲ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਆਈ.ਆਈ.ਐਮ. ਅੰਮ੍ਰਿਤਸਰ ਸੂਬੇ ਵਿੱਚ ਸਿੱਖਿਆ ਖੇਤਰ ਨੂੰ ਨਵੀਆਂ ਪੁਲਾਂਘਾਂ ‘ਤੇ ਲੈ ਕੇ ਜਾਵੇਗਾ।
ਇਸ ਮੌਕੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ, ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ, ਜਥੇਦਾਰ ਤੋਤਾ ਸਿੰਘ, ਸ. ਸੁਰਜੀਤ ਸਿੰਘ ਰੱਖੜਾ, ਸ. ਗੁਲਜ਼ਾਰ ਸਿੰਘ ਰਣੀਕੇ ਅਤੇ ਸ੍ਰੀ ਅਨਿਲ ਜੋਸ਼ੀ, ਮੁੱਖ ਸੰਸਦੀ ਸਕੱਤਰ ਸ. ਅਮਰਪਾਲ ਸਿੰਘ ਬੋਨੀ, ਸ੍ਰੀ ਕੇ.ਡੀ. ਭੰਡਾਰੀ ਅਤੇ ਸ. ਮਨਜੀਤ ਸਿੰਘ ਮੀਆਂਵਿੰਡ, ਵਿਧਾਇਕ ਸ. ਰਵਿੰਦਰ ਸਿੰਘ ਬ੍ਰਹਮਪੁਰਾ, ਸ. ਬਲਜੀਤ ਸਿੰਘ ਜਲਾਲ ਉਸਮਾਂ ਅਤੇ ਸ੍ਰੀ ਮੋਨਰੰਜਨ ਕਾਲੀਆ, ਕੇਂਦਰੀ ਰਾਜ ਮੰਤਰੀ ਸ੍ਰੀ ਉਪਿੰਦਰ ਕੁਸ਼ਵਾਹਾ, ਭਾਜਪਾ ਦੇ ਕੌਮੀ ਸਕੱਤਰ ਸ੍ਰੀ ਪ੍ਰਭਾਤ ਝਾਅ, ਰਾਜ ਸਭਾ ਮੈਂਬਰ ਸ੍ਰੀ ਸ਼ਵੇਤ ਮਲਿਕ, ਯੂਥ ਅਕਾਲੀ ਦਲ ਦੇ ਮਾਝਾ ਜ਼ੋਨ ਦੇ ਚੇਅਰਮੈਨ  ਸ. ਰਵੀਕਰਨ ਸਿੰਘ ਕਾਹਲੋਂ, ਮੁੱਖ ਸੰਸਦੀ ਸਕੱਤਰ ਸ੍ਰੀ ਸਰਵੇਸ਼ ਕੌਸ਼ਲ ਅਤੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ.ਕੇ. ਸੰਧੂ ਹਾਜ਼ਰ ਸਨ।

About admin

Check Also

ਬਾਦਲ ਨੇ ਅਮਿਤ ਨੂੰ ਕੀਤੇ ਅਣਗੌਲਿਆਂ ਕਰਨ ਦੇ ਗਿਲੇ

ਕਮਲਾ ਸ਼ਰਮਾ ================ ਚੰਡੀਗੜ੍ਹ, 7 ਜੂਨ : ਚੰਡੀਗੜ੍ਹ ਵਿਖੇ ਬੰਦ ਕਮਰਾ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ …

Leave a Reply

Your email address will not be published. Required fields are marked *