Breaking News
Home / Politics / ਐਸ.ਵਾਈ.ਐਲ ‘ਤੇ ਫੈਸਲਾ ਲੈਣ ਤੋਂ ਪਹਿਲਾਂ ਨਦੀਆਂ ਦੇ ਮੌਜੂਦਾ ਪਾਣੀ ਦੇ ਪੱਧਰ ‘ਤੇ ਨੋਟਿਸ ਜ਼ਰੂਰ ਲੈਣ ਚੀਫ ਜਸਟਿਸ: ਕੈਪਟਨ

ਐਸ.ਵਾਈ.ਐਲ ‘ਤੇ ਫੈਸਲਾ ਲੈਣ ਤੋਂ ਪਹਿਲਾਂ ਨਦੀਆਂ ਦੇ ਮੌਜੂਦਾ ਪਾਣੀ ਦੇ ਪੱਧਰ ‘ਤੇ ਨੋਟਿਸ ਜ਼ਰੂਰ ਲੈਣ ਚੀਫ ਜਸਟਿਸ: ਕੈਪਟਨ

ਪਟਿਆਲਾ, 11 ਜੂਨ (ਚ.ਨ.ਸ.) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਚੀਫ ਜਸਟਿਸ ਆਫ ਇੰਡੀਆ ਨੂੰ ਸਤਲੁਜ਼ ਯਮੁਨਾ ਲਿੰਕ ਨਹਿਰ ਦੇ ਮੁੱਦੇ ‘ਤੇ ਫੈਸਲਾ ਲੈਣ ਤੋਂ ਪਹਿਲਾਂ ਨਦੀਆਂ ‘ਚ ਵੱਗ ਰਹੇ ਪਾਣੀਆਂ ਦੇ ਮੌਜੂਦਾ ਅਸਲੀ ਪੱਧਰ ‘ਤੇ ਜ਼ਰੂਰ ਨੋਟਿਸ ਲੈਣ ਦੀ ਅਪੀਲ ਕੀਤੀ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਹਮਖਿਆਲੀ ਧਰਮ ਨਿਰਪੱਖ ਤੇ ਲੋਕਤਾਂਤਰਿਕ ਤਾਕਤਾਂ ਤੇ ਪਾਰਟੀਆਂ, ਜਿਵੇਂ ਸੀ.ਪੀ.ਆਈ, ਸੀ.ਪੀ.ਐਮ ਤੇ ਬੀ.ਐਸ.ਪੀ ਨੂੰ ਪੰਜਾਬ ਤੇ ਇਸਦੇ ਭਵਿੱਖ ਵਾਸਤੇ ਇਕ ਮੰਚ ‘ਤੇ ਆਉਣ ਦੀ ਅਪੀਲ ਕੀਤੀ ਹੈ।ਯੂਨਾਈਟਿਡ ਕਮਿਊਨਿਸਟ ਪਾਰਟੀ ਆਫ ਇੰਡੀਆ (ਯੂ.ਸੀ.ਪੀ.ਆਈ) ਦੇ ਸਟੇਟ ਚੈਪਟਰ ਦੇ ਇਕ ਡੈਲੀਗੇਟ ਸੈਸ਼ਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪੰਜਾਬ ਕੋਲ ਦੂਜਿਆਂ ਸੂਬਿਆਂ ਨੂੰ ਦੇਣ ਵਾਸਤੇ ਕੋਈ ਵੀ ਵਾਧੂ ਪਾਣੀ ਨਹੀਂ ਬੱਚਿਆ ਹੈ। ਅਜਿਹੇ ‘ਚ ਜੇ ਸੁਪਰੀਮ ਕੋਰਟ ਪੰਜਾਬ ਖਿਲਾਫ ਫੈਸਲਾ ਦਿੰਦਾ ਹੈ, ਤਾਂ ਇਥੋਂ ਦੇ ਮਾਲਵਾ ਖੇਤਰ ਦੀ ਘੱਟੋਂ ਘੱਟ 10 ਲੱਖ ਏਕੜ ਜ਼ਮੀਨ ਸੁੱਕ ਕੇ ਬੰਜਰ ਹੋ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ 1921 ਤੋਂ 1945 ਤੱਕ ਦੇ ਪੁਰਾਣੇ ਪੰਜਾਬ ਦੀਆਂ ਨਦੀਆਂ ‘ਚ ਪਾਣੀ ਦਾ ਬਹਾਅ 15.8 ਐਮ.ਏ.ਐਫ (ਮਿਲੀਅਨ ਏਕੜ ਫੀਟ) ਸੀ। ਉਸ ਤੋਂ ਬਾਅਦ ਗਲੇਸ਼ਿਅਰ ਪਿਘਲ ਚੁੱਕੇ ਹਨ, ਜਿਸ ਕਾਰਨ ਪਾਣੀ ਦਾ ਪੱਧਰ ਹੁਣ ਡਿੱਗ ਕੇ 13 ਐਮ.ਏ.ਐਫ ਨੂੰ ਪਹੁੰਚ ਚੁੱਕਾ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਇਰਾਡੀ ਕਮਿਸ਼ਨ ਵੱਲੋਂ 18 ਐਮ.ਏ.ਐਫ ਪਾਣੀ ਦਾ ਬਹਾਅ ਹੋਣ ਸਬੰਧੀ ਕੀਤਾ ਗਿਆ ਦਾਅਵਾ ਗਲਤ ਹੈ, ਕਿਉਂਕਿ ਇਹ ਅੰਕੜੇ ਪੰਜਾਬ ‘ਚ ਹੜ੍ਹਾਂ ਦੌਰਾਨ ਦੇ ਹਨ। ਉਨ੍ਹਾਂ ਨੇ ਕਿਹਾ ਕਿ ਇਰਾਡੀ ਕਮਿਸ਼ਨ ਦੇ ਅਧਾਰ ‘ਤੇ ਹਰਿਆਣਾ ਸਰਕਾਰ ਆਪਣੇ ਹਿੱਸੇ ਦਾ ਦਾਅਵਾ ਕਰਦੀ ਹੈ, ਜੋ ਅਨਿਆਂ ਹੈ। ਇਹੋ ਕਾਰਨ ਹੈ ਕਿ ਉਹ ਸੁਪਰੀਮ ਕੋਰਟ ਆਫ ਇੰਡੀਆ ਨੂੰ ਮਾਮਲੇ ‘ਚ ਫੈਸਲਾ ਦੇਣ ਤੋਂ ਪਹਿਲਾਂ ਪਾਣੀ ਦੇ ਅਸਲੀ ਬਹਾਅ ਦੀ ਸਮੀਖਿਆ ਕਰਨ ਦੀ ਅਪੀਲ ਕਰਦੇ ਹਾਂ।
ਕੈਪਟਨ ਅਮਰਿੰਦਰ ਨੇ ਇਕ ਵਾਰ ਫਿਰ ਤੋਂ ਦੁਹਰਾਇਆ ਕਿ ਕਿਸੇ ਹੋਰ ਹੱਥ ਪੰਜਾਬ ਦੇ ਪਾਣੀਆਂ ਨੂੰ ਜਾਣ ਤੋਂ ਬਚਾਉਣ ਲਈ ਉਹ ਹਰ ਤਰ੍ਹਾਂ ਦੀ ਕੋਸ਼ਿਸ਼ ਕਰਨਗੇ। ਐਸ.ਵਾਈ.ਐਲ ‘ਤੇ ਆਪਣਾ ਪੱਖ ਸਪੱਸ਼ਟ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਅਜਿਹਾ ਨਹੀਂ ਹੈ ਕਿ ਅਸੀਂ ਕਿਸੇ ਨੂੰ ਪਾਣੀ ਨਹੀਂ ਦੇਣਾ ਚਾਹੁੰਦੇ, ਲੇਕਿਨ ਸਾਡੇ ਕੋਲ ਆਪਣੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਵੀ ਪਾਣੀ ਨਹੀਂ ਹੈ ਅਤੇ ਅਸੀਂ ਸਿਰਫ ਸਾਡਾ ਪਾਣੀ ਖੋਹੇ ਜਾਣ ਦਾ ਵਿਰੋਧ ਕਰ ਰਹੇ ਹਾਂ। ਇਹ ਮੇਰੇ ਪੰਜਾਬ ਤੇ ਇਸਦੇ ਭਵਿੱਖ ਦੀਆਂ ਪੀੜ੍ਹੀਆਂ ਦੀ ਹੋਂਦ ਦਾ ਮੁੱਦਾ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੇਂਦਰ ਸਾਹਮਣੇ ਪ੍ਰਭਾਵੀ ਤਰੀਕੇ ਨਾਲ ਕੇਸ ਰੱਖਣ ਲਈ ਬਜਾਏ, ਇਸ ਮਾਮਲੇ ‘ਤੇ ਸਿਰਫ ਸਿਆਸਤ ਕਰਨਾ ਚਾਹੁੰਦੇ ਹਨ। ਉਨ੍ਹਾਂ ਦੀ ਪਾਰਟੀ ਕੇਂਦਰ ਸਰਕਾਰ ‘ਚ ਸਾਂਝੇਦਾਰ ਹੈ, ਅਜਿਹੇ ‘ਚ ਉਨ੍ਹਾਂ ਨੂੰ ਮੋਦੀ ਨੂੰ ਇਹ ਕਹਿਣ ਤੋਂ ਕੌਣ ਰੋਕਦਾ ਹੈ ਕਿ ਸਾਡੇ ਕੋਲ ਹਰਿਆਣਾ ਵਾਸਤੇ ਇਕ ਬੂੰਦ ਵੀ ਪਾਣੀ ਵਾਧੂ ਨਹੀਂ ਹੈ? ਉਹ ਕਿਸ ਗੱਲ ਤੋਂ ਡਰ ਰਹੇ ਹਨ? ਇਸ ਦੌਰਾਨ ਉਨ੍ਹਾਂ ਨੇ ਯਾਦ ਦਿਲਾਇਆ ਕਿ ਉਨ੍ਹਾਂ ਨੇ ਸੱਭ ਕੁਝ ਦਾਅ ‘ਤੇ ਲਗਾ ਕੇ ਵਿਧਾਨ ਸਭਾ ‘ਚ ਕਾਨੂੰਨ ਪਾਸ ਕੀਤਾ ਸੀ ਤੇ ਪੰਜਾਬ ਦੇ ਪਾਣੀਆਂ ਨੂੰ ਬਚਾਇਆ ਸੀ।
ਇਸ ਮੌਕੇ ਕਾਂਗਰਸ ਪਾਰਟੀ ਨੂੰ ਬਗੈਰ ਸ਼ਰਤ ਸਮਰਥਨ ਦੇਣ ਲਈ ਆਉਂਦੀਆਂ ਵਿਧਾਨ ਸਭਾ ਚੋਣਾ ਦੌਰਾਨ ਯੂ.ਸੀ.ਪੀ.ਆਈ ਦਾ ਧੰਨਵਾਦ ਪ੍ਰਗਟਾਉਂਦਿਆਂ ਉਨ੍ਹਾਂ ਨੇ ਕਿਹਾ ਕਿ ਨਿਸ਼ਚਿਤ ਤੌਰ ‘ਤੇ ਇਸ ਨਾਲ ਸੂਬੇ ‘ਚ ਪਾਰਟੀ ਮਜ਼ਬੂਤ ਹੋਵੇਗੀ।
ਉਨ੍ਹਾਂ ਨੇ ਉਮੀਦ ਪ੍ਰਗਟਾਇਆ ਕਿ ਸੀ.ਪੀ.ਆਈ, ਸੀ.ਪੀ.ਐਮ ਤੇ ਬਸਪਾ ਵਰਗੀਆਂ ਹਮਖਿਆਲੀ ਪਾਰਟੀਆਂ ਅਕਾਲੀ ਭਾਜਪਾ ਤੇ ਆਪ ਵਰਗੀ ਨਿਰੰਕੁਸ਼ਵਾਦੀ ਸੰਪ੍ਰਦਾਇਕ ਤਾਕਤਾਂ ਨਾਲ ਲੜਨ ਦੀ ਜ਼ਰੂਰਤ ਨੂੰ ਸਮਝਦੀਆਂ ਹਨ।
ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਇਕ ਪਾਸੇ ਅਕਾਲੀਆਂ ਤੇ ਭਾਜਪਾ ਵਿਚਾਲੇ ਸੰਪ੍ਰਦਾਇਕ ਗਠਜੋੜ ਹੈ, ਦੂਜੇ ਪਾਸੇ ਆਪ ਵਰਗੀ ਨਿਰੰਕੁਸ਼ਵਾਦੀ ਪਾਰਟੀ ਹੈ, ਜਿਸ ਕੋਲ ਸੋਚ, ਕੋਈ ਅਗਵਾਈ, ਕੋਈ ਨੀਤੀ ਤੇ ਕੋਈ ਪ੍ਰੋਗਰਾਮ ਨਹੀਂ ਹੈ। ਹੁਣ ਫੈਸਲਾ ਤੁਹਾਡਾ ਹੈ ਤੇ ਤੁਹਾਨੂੰ ਸਾਵਧਾਨੀ ਰੱਖਣੀ ਹੈ।
ਸੈਸ਼ਨ ਨੂੰ ਸੰਬੋਧਨ ਕਰਦਿਆਂ ਯੂ.ਸੀ.ਪੀ.ਆਈ ਦੇ ਕੌਮੀ ਜਨਰਲ ਸਕੱਤਰ ਸੁਖਜਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਸਮੇਂ ਦੀ ਮੁੱਖ ਲੋੜ ਹੈ ਕਿ ਸਾਰੀਆ ਧਰਮ ਨਿਰਪੱਖ, ਲੋਕਤਾਂਤਰਿਕ ਤੇ ਤਰੱਕੀਸ਼ੀਲ ਤਾਕਤਾਂ ਪੰਜਾਬ ਨੂੰ ਬਚਾਉਣ ਲਈ ਕਾਂਗਰਸ ਤੇ ਕੈਪਟਨ ਅਮਰਿੰਦਰ ਨੂੰ ਬਚਾਉਣ ਲਈ ਇਕਜੁੱਟ ਹੋਣ।

About admin

Check Also

ਬਾਦਲ ਨੇ ਅਮਿਤ ਨੂੰ ਕੀਤੇ ਅਣਗੌਲਿਆਂ ਕਰਨ ਦੇ ਗਿਲੇ

ਕਮਲਾ ਸ਼ਰਮਾ ================ ਚੰਡੀਗੜ੍ਹ, 7 ਜੂਨ : ਚੰਡੀਗੜ੍ਹ ਵਿਖੇ ਬੰਦ ਕਮਰਾ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ …

Leave a Reply

Your email address will not be published. Required fields are marked *