Breaking News
Home / Breaking News / ਸਿੱਖ ਭਾਈਚਾਰੇ ਦੀ ਜਿੱਤ ਕੇਂਦਰ ਦਾ ਵੱਡਾ ਫੈਸਲਾ: ਲੰਗਰ ਕੀਤਾ ਜੀ.ਐਸ.ਟੀ. ਮੁਕਤ

ਸਿੱਖ ਭਾਈਚਾਰੇ ਦੀ ਜਿੱਤ ਕੇਂਦਰ ਦਾ ਵੱਡਾ ਫੈਸਲਾ: ਲੰਗਰ ਕੀਤਾ ਜੀ.ਐਸ.ਟੀ. ਮੁਕਤ

‘ਸੇਵਾ ਭੋਜ ਯੋਜਨਾ’ ਤਹਿਤ ਜੀ.ਐਸ. ਟੀ. ਰਾਹੀਂ ਅਦਾ ਕੀਤੀ ਰਕਮ ਵਾਪਸ ਕੀਤੀ ਜਾਵੇਗੀ

ਪੰਜਾਬ ਸਰਕਾਰ ਨੇ ਆਪਣੇ ਹਿੱਸੇ ਦਾ ਜੀ. ਐਸ. ਟੀ. ਪਹਿਲਾਂ ਹੀ ਕੀਤਾ ਸੀ ਮੁਆਫ

ਚੜ੍ਹਦੀਕਲਾ ਬਿਊਰੋ
================
ਚੰਡੀਗੜ੍ਹ/ਨਵੀਂ ਦਿੱਲੀ, 1 ਜੂਨ :ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਲੰਗਰਾਂ ‘ਤੇ ਲੱਗ ਰਹੇ ਜੀ. ਐੱਸ. ਟੀ. ਨੂੰ ਹਟਾ ਦਿੱਤਾ ਹੈ। ਸਰਕਾਰ ਨੇ ਮੁਫਤ ਲੰਗਰ ਲਾਉਣ ਵਾਲੀਆਂ ਸਾਰੀਆਂ ਧਾਰਮਿਕ/ਚੈਰੀਟੇਬਲ ਸੰਸਥਾਵਾਂ ‘ਤੇ ਲੱਗਣ ਵਾਲੇ ਜੀ. ਐੱਸ. ਟੀ. ਦੀ ਵਾਪਸੀ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਹੁਣ ਸਿਰਫ ਗੁਰਦੁਆਰੇ ਹੀ ਨਹੀਂ, ਸਗੋਂ ਮੰਦਰਾਂ, ਚਰਚਾਂ ਅਤੇ ਮਸਜਿਦਾਂ ਨੂੰ ਵੀ ਜੀ. ਐੱਸ. ਟੀ. ਦੀ ਵਾਪਸੀ ਦੀ ਪੇਸ਼ਕਸ਼ ਕੀਤੀ ਗਈ ਹੈ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਮਨੁੱਖਤਾ ਨੂੰ ਮੁਫਤ ਭੋਜਨ ਖਵਾਉਣ ਦੀ ਸੇਵਾ ਕਰਨ ਵਾਲਿਆਂ ‘ਤੇ ਕੋਈ ਟੈਕਸ ਨਹੀਂ ਲੱਗੇਗਾ। ਇਸ ਸਬੰਧ ਵਿੱਚ ਰਾਸ਼ਟਰਪਤੀ ਦੀ ਮਨਜ਼ੂਰੀ ਲੈ ਕੇ ਕੇਂਦਰ ਸਰਕਾਰ ਨੇ ਹੁਕਮ ਜਾਰੀ ਕਰ ਦਿੱਤੇ ਹਨ ਜਿਨ੍ਹਾਂ ਤਹਿਤ ‘ਸੇਵਾ ਭੋਜ ਯੋਜਨਾ’ ਤਹਿਤ ਕੇਂਦਰ ਸਰਕਾਰ ਨੇ ਵਿੱਤੀ ਸਹਾਇਤਾ ਲਈ 350 ਕਰੋੜ ਰੱਖੇ ਹਨ ਜੋ ਕਿ ਲੰਗਰ ਲਗਾਉਣ ਵਾਲੀਆਂ ਸੰਸਥਾਵਾਂ ਨੂੰ ਸਹਾਇਤਾ ਵਜੋਂ ਮੋੜੇ ਜਾਣਗੇ। ਸਾਲ 2018-19 ਅਤੇ ਸਾਲ 2019-20 ਦੇ ਦੋ ਵਿੱਤੀ ਸਾਲਾਂ ਦੌਰਾਨ ਜਿਹੜੀ ਰਕਮ ਲੰਗਰ ਲਾਉਣ ਵਾਲੀਆਂ ਸੰਸਥਾਵਾਂ ਨੇ ਖਰਚੀ ਹੈ, ਉਹ ਮੋੜ ਦਿੱਤੀ ਜਾਵੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੰਗਰ ਤੋਂ ਜੀ ਐਸ ਟੀ ਹਟਾਉਣ ਦੀ ਮੰਗ ਕੀਤੀ ਸੀ। ਲੰਗਰ ਵਿੱਚ ਖਾਣ ਵਾਲੀਆਂ ਵਸਤੂਆਂ ਉਤੇ ਜੀ ਐਸ ਟੀ ਲਾਗੂ ਨਹੀਂ ਹੁੰਦਾ ਪਰ ਜਿਹੜੀ ਕੱਚੀ ਸਮੱਗਰੀ ਲੰਗਰ ਬਣਾਉਣ ਲਈ ਵਰਤੀ ਜਾਂਦੀ ਹੈ, ‘ਤੇ ਜੀ ਐਸ ਟੀ ਲੱਗਦਾ ਸੀ। ਚੀਨੀ, ਘੀ, ਸੁੱਕੇ ਮੇਵੇ, ਚਾਹ ਅਤੇ ਐਲ ਪੀ ਜੀ ਉਤੇ ਜੀ ਐਸ ਟੀ ਲੱਗਦਾ ਸੀ। ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਜਿਹੜਾ ਲੰਗਰ ਵਰਤਾਇਆ ਜਾਂਦਾ ਹੈ ਉਸ ਉਤੇ ਹੁਦ ਤੱਕ 2 ਕਰੋੜ ਜੀ ਐਸ ਟੀ ਲਗਾਇਆ ਜਾਂਦਾ ਹੈ। ਦਰਬਾਰ ਸਾਹਿਬ ਵਿਖੇ ਰੋਜ਼ਾਨਾ 55 ਹਜ਼ਾਰ ਤੋਂ 60 ਹਜ਼ਾਰ ਸ਼ਰਧਾਲੂ ਲੰਗਰ ਛਕਦੇ ਹਨ ਅਤੇ ਇਸ ਪ੍ਰਕਾਰ ਉਥੋਂ ਸਲਾਨਾ 75 ਕਰੋੜ ਰੁਪਏ ਦਾ ਜੀ ਐਸ ਟੀ ਅਦਾ ਕੀਤਾ ਜਾਂਦਾ ਹੈ।
ਇਸ ਬਾਰੇ ਆਪਣੇ ਫੇਸਬੁੱਕ ਪੇਜ਼ ‘ਤੇ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਲਿਖਿਆ ਕਿ ਭਾਰਤ ਸਰਕਾਰ ਵਲੋਂ ਲੰਗਰ ‘ਤੇ ਲਾਏ ਜੀ. ਐੱਸ. ਟੀ. ਵਲੋਂ ਇਕੱਠੇ ਕੀਤੇ ਗਏ ਹਰ ਪੈਸੇ ਨੂੰ ਵਾਪਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਈ ਮਹੀਨਿਆਂ ਤੋਂ ਲੰਗਰ ‘ਤੇ ਜੀ. ਐੱਸ. ਟੀ. ਲੱਗਣ ਦੇ ਫੈਸਲੇ ਤੋਂ ਉਨ੍ਹਾਂ ਦਾ ਦਿਲ ਕਾਫੀ ਦੁਖੀ ਸੀ ਅਤੇ ਇਕ ਬੋਝ ਮਹਿਸੂਸ ਹੋ ਰਿਹਾ ਸੀ। ਹਰਸਿਮਰਤ ਬਾਦਲ ਨੇ ਲਿਖਿਆ ਕਿ ਉਨ੍ਹਾਂ ਨੇ ਫੈਸਲਾ ਲਿਆ ਸੀ ਕਿ ਉਹ ਇਸ ਮਾਮਲੇ ‘ਚ ਨਿਆਂ ਲਈ ਲੜਨ ਤੋਂ ਪਿੱਛੇ ਨਹੀਂ ਹਟਣਗੇ ਅਤੇ ਇਸ ਲਈ ਹਰ ਬਣਦੀ ਕੋਸ਼ਿਸ਼ ਕਰਦੇ ਰਹਿਣਗੇ।
ਹਰਸਿਮਰਤ ਬਾਦਲ ਮੁਤਾਬਕ ਉਨ੍ਹਾਂ ਨੂੰ ਇਸ ਮਾਮਲੇ ‘ਚ ਨਿਤੀਸ਼ ਕੁਮਾਰ ਅਤੇ ਦੇਵੇਂਦਰ ਫੜਨਵੀਸ ਦੀ ਹਮਾਇਤੀ ਮਿਲੀ ਅਤੇ ਉਨ੍ਹਾਂ ਨਿਜੀ ਤੌਰ ‘ਤੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਸਿੱਖ ਪੰਥ ਦੀਆਂ ਭਾਵਨਾਵਾਂ ਤੋਂ ਜਾਣੂੰ ਕਰਾਇਆ ਸੀ।

ਮੋਦੀ ਸਰਕਾਰ ਦੇ ਇਸ ਫੈਸਲੇ ਦੀ ਤਾਰੀਫ ਕਰਦੇ ਅਕਾਲੀ ਦਲ ਪ੍ਰਧਾਨ ਨੇ ਇਸ ਨੂੰ ਤਾਰੀਫ ਯੋਗ ਕਦਮ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮੋਦੀ ਸਰਕਾਰ ਦਾ ਇਤਿਹਾਸਕ ਫੈਸਲਾ ਹੈ। ਉਨ੍ਹਾਂ ਦੇ ਇਸ ਫੈਸਲੇ ਨਾਲ ਸਿੱਖ ਅਤੇ ਹੋਰ ਧਰਮਾਂ ਦੇ ਲੋਕਾਂ ਨੂੰ ਰਾਹਤ ਮਿਲੇਗੀ।
ਇਸ ਤੋਂ ਪਹਿਲੇ ਪੰਜਾਬ ਸਰਕਾਰ ਨੇ ਵੀ ਦੇਸ਼ ਭਰ ਦੇ ਧਾਰਮਿਕ ਸਥਾਨਾਂ ‘ਤੇ ਲੰਗਰ ਲਈ ਖਰੀਦੇ ਜਾਣ ਵਾਲੇ ਸਮਾਨ ‘ਤੇ ਲੱਗਣ ਵਾਲੇ ਮਾਲ ਅਤੇ ਸੇਵਾ ਕਰ(ਜੀ.ਐਸ.ਟੀ) ‘ਚ ਆਪਣਾ ਹਿੱਸਾ ਛੱਡ ਦਿੱਤਾ ਸੀ। ਇਸ ਦਾ ਐਲਾਨ ਖੁਦ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨਸਭਾ ‘ਚ ਕੀਤਾ ਸੀ ਅਤੇ ਦੱਸਿਆ ਕਿ ਰਾਜ ਸਰਕਾਰ ਨੇ ਇਹ ਪ੍ਰਸਤਾਵ ਪਾਸ ਕਰਕੇ ਕੇਂਦਰ ਅਤੇ ਜੀ.ਐਸ.ਟੀ ਕੌਂਸਲਰ ਤੋਂ ਅਪੀਲ ਕੀਤੀ ਹੈ ਕਿ ਉਹ ਧਾਰਮਿਕ ਸਥਾਨਾਂ ‘ਤੇ ਲੱਗਣ ਵਾਲੇ ਲੰਗਰ ‘ਚ ਕੰਮ ਆਉਣ ਵਾਲੀਆਂ ਵਸਤੂਆਂ ‘ਤੇ ਜੀ.ਐਸ.ਟੀ ਪੂਰੀ ਤਰ੍ਹਾਂ ਖਤਮ ਕਰ ਦੇਣ।
ਕੇਂਦਰ ਸਰਕਾਰ ਵੱਲੋਂ ਗੁਰੂ ਘਰਾਂ ਦੇ ਲੰਗਰਾਂ ਤੋਂ ਜੀ.ਐਸ.ਟੀ ਹਟਾਉਣ ਦਾ ਭਾਈ ਲੌਂਗੋਵਾਲ ਨੇ ਸਵਾਗਤ ਕੀਤਾ ਹੈ। ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰ੍ਰੋਮਣੀ ਅਕਾਲੀ ਦਲ ਵੱਲੋਂ ਗੁਰੂ ਘਰਾਂ ਦੇ ਲੰਗਰਾਂ ਤੋਂ ਜੀ.ਐਸ.ਟੀ ਖਤਮ ਕਰਵਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਸਨ ਅਤੇ ਇਸ ਦਾ ਹੀ ਨਤੀਜਾ ਹੈ ਕਿ ਕੇਂਦਰ ਸਰਕਾਰ ਨੇ ਲੰਗਰਾਂ ਨੂੰ ਜੀ.ਐਸ.ਟੀ ਮੁਕਤ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਲੰਗਰ ‘ਤੇ ਜੀ.ਐਸ.ਟੀ ਹਟਾਉਣ ਦਾ ਮੁੱਦਾ ਕੇਂਦਰ ਸਰਕਾਰ ਅੱਗੇ ਚੁੱਕਿਆ ਗਿਆ, ਜਿਸ ‘ਤੇ ਮੋਦੀ ਸਰਕਾਰ ਨੇ ਸੇਵਾ ਭੋਜ ਯੋਨਾ ਤਹਿਤ ਨਾ ਸਿਰਫ ਲੰਗਰ ਤੋਂ ਜੀ.ਐਸ.ਟੀ ਹਟਾਉਣ ਦਾ ਫੈਸਲਾ ਕੀਤਾ ਸਗੋਂ ਇਸ ਰਾਹੀਂ ਇੱਕਠੇ ਕੀਤੇ ਪਿਛਲੇ ਜੀ.ਐਸ.ਟੀ ਦਾ ਸਾਰਾ ਪੈਸਾ ਕਰਨ ਦਾ ਫੈਸਲਾ ਲਿਆ ਹੈ। ਹਰਸਿਮਰਤ ਕੌਰ ਨੇ ਵੀ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਹੈ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *