Breaking News
Home / Breaking News / 2ਜੀ ਮਾਮਲੇ ‘ਚ ਏ.ਰਾਜਾ, ਕਨਿਮੋਝੀ ਸਮੇਤ ਸਾਰੇ ਦੋਸ਼ੀ ਬਰੀ

2ਜੀ ਮਾਮਲੇ ‘ਚ ਏ.ਰਾਜਾ, ਕਨਿਮੋਝੀ ਸਮੇਤ ਸਾਰੇ ਦੋਸ਼ੀ ਬਰੀ

ਸੀ.ਬੀ.ਆਈ. ਕਰੇਗੀ ਸਪੈਸ਼ਲ ਕੋਰਟ ਦੇ ਫ਼ੈਸਲੇ ਖਿਲਾਫ ਅਪੀਲ
ਨਵੀਂ ਦਿੱਲੀ,21 ਦਸੰਬਰ (ਚੜ੍ਹਦੀਕਲਾ ਬਿਊਰੋ) : 2ਜੀ ਸਪੈਕਟ੍ਰਮ ਘੋਟਾਲੇ ‘ਤੇ ਸੀ. ਬੀ. ਆਈ. ਅਦਾਲਤ ਦੇ ਫੈਸਲੇ ਤੋਂ ਬਾਅਦ ਸੰਸਦ ਤੋਂ ਲੈ ਕੇ ਸੜਕ ਤਕ ਹੰਗਾਮਾ ਮਚ ਗਿਆ ਹੈ। ਵੀਰਵਾਰ ਨੂੰ ਪਟਿਆਲਾ ਹਾਊਸ ਕੋਰਟ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਸਾਬਕਾ ਦੂਰੰਸਚਾਰ ਮੰਤਰੀ ਏ. ਰਾਜਾ ਸਮੇਤ ਸਾਰੇ 17 ਦੋਸ਼ੀਆਂ ਨੂੰ ਬਰੀ ਕਰ ਦਿੱਤਾ, ਜਿਸ ਨਾਲ ਕਾਂਗਰਸ ‘ਚ ਖੁਸ਼ੀ ਦੀ ਲਹਿਰ ਹੈ। ਇਸੇ ਦੌਰਾਨ  ਸੀ.ਬੀ.ਆਈ. ਦੇ ਤਰਜਮਾਨ ਨੇ ਕਿਹਾ ਹੈ ਕਿ ਏਜੰਸੀ ਸਪੈਸ਼ਲ ਕੋਰਟ ਦੇ 2ਜੀ ਮਾਮਲੇ ‘ਤੇ ਦਿੱਤੇ ਫ਼ੈਸਲੇ ਖਿਲਾਫ ਦਿੱਲੀ ਹਾਈਕੋਰਟ ਵਿਚ ਅਪੀਲ ਕਰੇਗੀ।
2ਜੀ ਸਕੈਮ ਜਿਸ ਨੂੰ ਕਿ ਦੇਸ਼ ਦੀ ਆਜ਼ਾਦੀ ਦੇ ਬਾਅਦ ਦਾ ਸਭ ਤੋਂ ਵੱਡਾ ਘੋਟਾਲਾ ਕਿਹਾ ਜਾਂਦਾ ਰਿਹਾ ਹੈ, 2010 ‘ਚ ਪਹਿਲੀ ਵਾਰ ਸਾਹਮਣੇ ਆਇਆ ਸੀ। ਉਦੋਂ ਸੱਤਾ ‘ਚ ਯੂ. ਪੀ. ਏ. ਦੀ ਸਰਕਾਰ ਸੀ। ਯੂ.ਪੀ.ਏ. ਸਰਕਾਰ ਸਾਹਮਣੇ ਸਭ ਤੋਂ ਵੱਡੀ ਮੁਸ਼ਕਿਲ ਉਦੋਂ ਖੜ੍ਹੀ ਹੋਈ ਜਦੋਂ ਨਵੰਬਰ 2010 ‘ਚ ਕੰਪਟਰੋਲਰ ਆਡੀਟਰ ਜਨਰਲ ਆਫ ਇੰਡੀਆ (ਸੀ.ਏ.ਜੀ.) ਨੇ 2ਜੀ ਸਪੈਕਟ੍ਰਮ ‘ਤੇ ਸਰਕਾਰ ਨੂੰ ਇਕ ਰਿਪੋਰਟ ਸੌਂਪੀ, ਜਿਸ ‘ਚ ਰੈਵੇਨਿਊ ਨੂੰ 1.76 ਲੱਖ ਕਰੋੜ ਰੁਪਏ ਦੇ ਨੁਕਸਾਨ ਦਾ ਦਾਅਵਾ ਕੀਤਾ ਗਿਆ। ਇਸ ਨੂੰ 1.76 ਲੱਖ ਕਰੋੜ ਰੁਪਏ ਦਾ ਘੋਟਾਲਾ ਵੀ ਕਿਹਾ ਜਾਂਦਾ ਰਿਹਾ ਹੈ। ਹਾਲਾਂਕਿ 2ਜੀ ਸਪੈਕਟ੍ਰਮ ਲਾਈਸੈਂਸ ਦੀ ਵੰਡ ‘ਚ ਗੜਬੜੀ ਦੇ ਦੋਸ਼ ‘ਚ 2009 ‘ਚ ਸੈਂਟਰਲ ਵਿਜੀਲੈਂਸ ਬਿਊਰੋ (ਸੀ. ਵੀ. ਸੀ.) ਨੇ ਸੀ.ਬੀ.ਆਈ. ਨੂੰ ਜਾਂਚ ਕਰਨ ਦਾ ਹੁਕਮ ਦੇ ਦਿੱਤਾ ਸੀ ਪਰ ਕੈਗ ਦੀ ਰਿਪੋਰਟ ‘ਚ 1.76 ਲੱਖ ਰੁਪਏ ਦਾ ਘੋਟਾਲਾ ਉਜਾਗਰ ਹੋਣ ਨਾਲ ਉਸ ਵੇਲੇ ਦੇ ਦੂਰਸੰਚਾਰ ਮੰਤਰੀ ਏ. ਰਾਜਾ ਦੀ ਮੁਸ਼ਕਿਲ ਹੋਰ ਵਧ ਗਈ। 2012 ‘ਚ ਸੁਪਰੀਮ ਕੋਰਟ ਨੇ 122 ਲਾਈਸੈਂਸ ਰੱਦ ਕਰ ਦਿੱਤੇ। ਇਸ ਫੈਸਲੇ ਨਾਲ ਵੀਡੀਓਕਾਨ, ਟਾਟਾ ਅਤੇ ਆਈਡੀਆ ਨੂੰ ਵੀ ਕਾਫੀ ਨੁਕਸਾਨ ਹੋਇਆ ਸੀ। ਵਿਨੋਦ ਰਾਇ ਹੀ ਉਹ ਸ਼ਖਸ ਹਨ, ਜਿਨ੍ਹਾਂ ਨੇ ਸੀ. ਏ. ਜੀ. ਰਹਿੰਦੇ ਹੋਏ 2ਜੀ ਘੋਟਾਲੇ ਨੂੰ ਉਜਾਗਰ ਕੀਤਾ ਸੀ। ਉਨ੍ਹਾਂ ਨੇ 2ਜੀ ਦੇ ਨਾਲ ਹੀ ਯੂ. ਪੀ. ਏ. ਸਰਕਾਰ ਦੇ ਕੋਲੇ ਘੋਟਾਲੇ ਦੇ ਮਾਮਲੇ ਨੂੰ ਵੀ ਸਾਹਮਣੇ ਲਿਆਂਦਾ ਸੀ। 2ਜੀ ਸਪੈਕਟ੍ਰਮ ਦੀ ਕਹਾਣੀ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ- ਸਾਲ 2008 ‘ਚ ਯੂ. ਪੀ. ਏ. ਸਰਕਾਰ ਦੇ ਕਾਰਜਕਾਲ ‘ਚ 2ਜੀ ਸਪੈਕਟ੍ਰਮ ਦੀ ਵੰਡ ਕੀਤੀ ਗਈ। 10 ਜਨਵਰੀ 2008 ਨੂੰ ਸਪੈਕਟ੍ਰਮ ਦੀ ਨਿਲਾਮੀ ਦੀ ਬਜਾਏ ਦੂਰਸੰਚਾਰ ਵਿਭਾਗ ਨੇ ‘ਪਹਿਲਾਂ ਆਓ, ਪਹਿਲਾਂ ਪਾਓ’ ਦੀ ਤਰਜ ‘ਤੇ ਲਾਈਸੈਂਸ ਜਾਰੀ ਕਰਨ ਦਾ ਫੈਸਲਾ ਲਿਆ। 2009 ‘ਚ ਕੇਂਦਰੀ ਵਿਜੀਲੈਂਸ ਬਿਊਰੋ ਨੇ ਸੀ. ਬੀ. ਆਈ. ਨੂੰ 2ਜੀ ਸਪੈਕਟ੍ਰਮ ਦੀ ਵੰਡ ‘ਚ ਬੇਨਿਯਮੀਆਂ ਦੇ ਦੋਸ਼ਾਂ ‘ਚ ਜਾਂਚ ਦਾ ਹੁਕਮ ਦਿੱਤਾ। ਉਸ ਤੋਂ ਬਾਅਦ 21 ਅਕਤੂਬਰ 2009 ‘ਚ ਸੀ.ਬੀ.ਆਈ. ਨੇ ਦੂਰਸੰਚਾਰ ਵਿਭਾਗ ਦੇ ਅਣਪਛਾਤੇ ਅਧਿਕਾਰੀਆਂ, ਅਣਪਛਾਤੇ ਨਿੱਜੀ ਵਿਅਕਤੀਆਂ/ਕੰਪਨੀਆਂ ਅਤੇ ਹੋਰਾਂ ਖਿਲਾਫ ਐੱਫ. ਆਰ. ਆਈ. ਦਰਜ ਕੀਤੀ। ਇਸ ਮਾਮਲੇ ‘ਚ ਯੂ. ਪੀ. ਏ. ਸਰਕਾਰ ਨੂੰ ਸਭ ਤੋਂ ਵੱਡਾ ਝਟਕਾ ਉਦੋਂ ਲੱਗਾ, ਜਦੋਂ 10 ਨਵੰਬਰ 2010 ਨੂੰ ਸੀ. ਏ. ਜੀ. ਵਿਨੋਦ ਰਾਇ ਨੇ 2ਜੀ ਸਪੈਕਟ੍ਰਮ ‘ਤੇ ਸਰਕਾਰ ਨੂੰ ਇਕ ਰਿਪੋਰਟ ਸੌਂਪੀ, ਜਿਸ ‘ਚ ਕੇਂਦਰ ਸਰਕਾਰ ਦੇ ਖਜ਼ਾਨੇ ਨੂੰ 1.76 ਲੱਖ ਕਰੋੜ ਰੁਪਏ ਦਾ ਨੁਕਸਾਨ ਪਹੁੰਚਣ ਦੀ ਗੱਲ ਕਹੀ ਗਈ।

 

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *