Breaking News
Home / Breaking News / ਕੈਪਟਨ ਦੀ ਅਪੀਲ ‘ਤੇ ਵਿਦੇਸ਼ ਮੰਤਰਾਲਾ ਹੋਇਆ ਸਰਗਰਮ ਸਿੱਖਾਂ ਦੀ ਜਬਰੀ ਧਰਮ ਤਬਦੀਲੀ ਦੇ ਮੁੱਦੇ ‘ਤੇ ਪਾਕਿ ਨਾਲ ਕਰਾਂਗੇ ਗੱਲ : ਸੁਸ਼ਮਾ

ਕੈਪਟਨ ਦੀ ਅਪੀਲ ‘ਤੇ ਵਿਦੇਸ਼ ਮੰਤਰਾਲਾ ਹੋਇਆ ਸਰਗਰਮ ਸਿੱਖਾਂ ਦੀ ਜਬਰੀ ਧਰਮ ਤਬਦੀਲੀ ਦੇ ਮੁੱਦੇ ‘ਤੇ ਪਾਕਿ ਨਾਲ ਕਰਾਂਗੇ ਗੱਲ : ਸੁਸ਼ਮਾ

ਨਵੀਂ ਦਿੱਲੀ,19 ਦਸੰਬਰ (ਚੜ੍ਹਦੀਕਲਾ ਬਿਊਰੋ) : ਸਿੱਖਾਂ ਨੂੰ ਜਬਰੀ ਮੁਸਲਿਮ ਬਣਾਉਣ ਦੇ ਮੁੱਦੇ ‘ਤੇ ਭਾਰਤ-ਪਾਕਿਸਤਾਨ ਸਰਕਾਰ ਨਾਲ ਗੱਲ ਕਰੇਗਾ। ਇਸ ਗੱਲ ਦੀ ਪੁਸ਼ਟੀ ਕਰਦਿਆਂ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਰਾਹੀਂ ਕਿਹਾ ਕਿ ਇਸ ਬਾਰੇ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕੀਤੀ ਜਾਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਬਰੀ ਧਰਮ ਬਦਲਣ ਦਾ ਮੁੱਦਾ ਚੁੱਕਣ ਲਈ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਸੀ। ਕੈਪਟਨ ਦੀ ਅਪੀਲ ਦੇ ਜਵਾਬ ਵਿੱਚ ਸੁਸ਼ਮਾ ਸਵਰਾਜ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਕੋਲ ਇਸ ਮੁੱਦੇ ਨੂੰ ਜ਼ਰੂਰ ਚੁੱਕਿਆ ਜਾਵੇਗਾ। ਪਾਕਿਸਤਾਨ ਦੇ ਖੈਬਰ ਪਖਤੂਨਵਾ ਸੂਬੇ ਦੇ ਹੰਗੂ ਜ਼ਿਲ੍ਹੇ ‘ਚ ਸਹਾਇਕ ਕਮਿਸ਼ਨਰ ਉੱਪਰ ਸਿੱਖਾਂ ਨੂੰ ਜਬਰੀ ਇਸਲਾਮ ਕਬੂਲਣ ਲਈ ਦਬਾਅ ਪਾਉਣ ਦੇ ਇਲਜ਼ਾਮ ਲੱਗੇ ਸਨ। ਸਿੱਖ ਭਾਈਚਾਰੇ ਨੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਸੀ। ਖੈਬਰ ਦੇ ਮੁੱਖ ਸਕੱਤਰ ਨੇ ਕਾਰਵਾਈ ਕਰਦਿਆਂ ਸਬੰਧਤ ਅਧਿਕਾਰੀ ਮੁਅੱਤਲ ਕਰਕੇ ਜਾਂਚ ਦੇ ਆਦੇਸ਼ ਕੀਤੇ ਸੀ।
ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਖ਼ੈਬਰ-ਪਖ਼ਤੂਨਖਵਾ ਸੂਬੇ ਵਿੱਚ ਸਿੱਖਾਂ ਦੇ ਇਸਲਾਮ ਧਰਮ ਵਿੱਚ ਜਬਰੀ
ਪਰਿਵਰਤਨ ਦਾ ਮਾਮਲਾ ਪਾਕਿਸਤਾਨ ਅਥਾਰਟੀ ਕੋਲ ਉਠਾਉਣ ਦੀ ਅਪੀਲ ਕੀਤੀ ਸੀ।
ਖ਼ੈਬਰ-ਪਖ਼ਤੂਨਖਵਾ ਸੂਬੇ ਦੇ ਹੰਗੂ ਜ਼ਿਲ੍ਹੇ ਵਿੱਚ ਸਿੱਖ ਭਾਈਚਾਰੇ ਵੱਲੋਂ ਅਜਿਹੇ ਜਬਰੀ ਪਰਿਵਰਤਨ ਬਾਰੇ ਕੀਤੀ ਸ਼ਿਕਾਇਤ ਦੀਆਂ ਸਾਹਮਣੇ ਆਈਆਂ ਰਿਪੋਰਟਾਂ ‘ਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇਕਿਹਾ ਸੀ ਕਿ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਸਿੱਖਾਂ ਦੇ ਹਿੱਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਭਾਰਤ ਸਰਕਾਰ ਦਾ ਫਰਜ਼ ਬਣਦਾ ਹੈ।
ਸਿੱਖ ਭਾਈਚਾਰਾ ਜੋ ਇਸ ਇਲਾਕੇ ਵਿੱਚ ਇਕ ਸਦੀ ਤੋਂ ਵੀ ਵੱਧ ਸਮੇਂ ਤੋਂ ਰਹਿ ਰਿਹਾ ਹੈ, ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਇਸ ਸਬੰਧ ਵਿੱਚ ਅਧਿਕਾਰਤ ਤੌਰ ‘ਤੇ ਸ਼ਿਕਾਇਤ ਵੀ ਕੀਤੀ ਹੈ ਜਿਸ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਬਹੁਤ ਗੰਭੀਰ ਮਸਲਾ ਹੈ ਖਾਸਕਰ ਉਸ ਵੇਲੇ ਜਦੋਂ ਇਕ ਸਰਕਾਰੀ ਅਧਿਕਾਰੀ ਵੱਲੋਂ ਹੀ ਜਬਰੀ ਪਰਿਵਰਤਨ ਕਰਵਾਉਣ ਦੀ ਕਥਿਤ ਅਗਵਾਈ ਕੀਤੀ ਜਾ ਰਹੀ ਹੋਵੇ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਦਖ਼ਲਅੰਦਾਜ਼ੀ ਕਰਨੀ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਅਤੇ ਅਜਿਹੀ ਮਾੜੀ ਪ੍ਰਵਿਰਤੀ ਦੇ ਖਾਤਮੇ ਨੂੰ ਯਕੀਨੀ ਬਣਾਇਆ ਜਾਵੇ। ਮੁੱਖ ਮੰਤਰੀ ਨੇ ਕਿਹਾ,”ਜਿੱਥੇ-ਜਿੱਥੇ ਵੀ ਸਿੱਖ ਰਹਿ ਰਹੇ ਹਨ, ਉਨ੍ਹਾਂ ਦੀ ਪਛਾਣ ਦੀ ਰਾਖੀ ਕਰਨਾ ਸਾਡਾ ਫਰਜ਼ ਬਣਦਾ ਹੈ।”
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰੀ ਵਿਦੇਸ਼ੀ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਇਸਲਾਮਾਬਾਦ ਵਿੱਚ ਉਚ ਪੱਧਰ ‘ਤੇ ਇਸ ਮਾਮਲੇ ਦੀ ਪੈਰਵੀ ਕੀਤੀ ਜਾਵੇ ਤਾਂ ਕਿ ਇਸ ‘ਧਾਰਮਿਕ ਜਬਰ’ ਦਾ ਫੌਰੀ ਅੰਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਧਾਰਮਿਕ ਆਜ਼ਾਦੀ ਹਰੇਕ ਮਨੁੱਖ ਦਾ ਅਧਿਕਾਰ ਹੈ ਅਤੇ ਮਨੁੱਖਤਾ ਦੇ ਵਡੇਰੇ ਹਿੱਤ ਵਿੱਚ ਹਰੇਕ ਮੁਲਕ ਵੱਲੋਂ ਇਸ ‘ਤੇ ਪਹਿਰਾ ਦਿੱਤਾ ਜਾਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਮਸਲੇ ਵਿੱਚ ਸੁਸ਼ਮਾ ਸਵਰਾਜ ਦੀ ਦਖ਼ਲਅੰਦਾਜ਼ੀ ਪਾਕਿਸਤਾਨ ਵਿੱਚ ਰਹਿੰਦੇ ਸਿੱਖ ਭਾਈਚਾਰੇ ਦੇ ਬੁਨਿਆਦੀ ਅਧਿਕਾਰ ਦੀ ਸੁਰੱਖਿਆ ਕਰਨ ਵਿੱਚ ਸਹਾਈ ਹੋਵੇਗੀ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *