Breaking News
Home / Punjab / ਸੁਨੀਲ ਜਾਖੜ ਨੇ ਲੋਕ ਸਭਾ ਮੈਂਬਰ ਵਜੋਂ ਲਿਆ ਹਲਫ਼

ਸੁਨੀਲ ਜਾਖੜ ਨੇ ਲੋਕ ਸਭਾ ਮੈਂਬਰ ਵਜੋਂ ਲਿਆ ਹਲਫ਼

ਨਵੀਂ ਦਿੱਲੀ,15 ਦਸੰਬਰ (ਪੱਤਰ ਪ੍ਰੇਰਕ) :ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਅੱਜ ਸੰਸਦ ਦੇ ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਲੋਕ ਸਭਾ ਮੈਂਬਰ ਵਜੋਂ ਆਪਣੇ ਅਹੁਦੇ ਦੇ ਭੇਦ ਗੁਪਤ ਰੱਖਣ ਦੀ ਹਲਫ਼ ਲਈ। ਉਨ੍ਹਾਂ ਨੇ ਆਪਣੇ ਸੂਬੇ ਪੰਜਾਬ ਦੀ ਭਾਸ਼ਾ ਦੇ ਸਤਿਕਾਰ ਵਜੋਂ ਪੰਜਾਬੀ ਵਿਚ ਸਹੁੰ ਚੁੱਕੀ।
ਇਸ ਤੋਂ ਬਾਅਦ ਸ੍ਰੀ ਸੁਨੀਲ ਜਾਖੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਲੋਕ ਸਭਾ ਦੀ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਲੋਕਤੰਤਰ ਦੇ ਇਸ ਮੰਦਰ ਵਿਚ ਨਾ ਕੇਵਲ ਪੰਜਾਬ ਸਗੋਂ ਕੌਮੀ ਪੱਧਰ ਦੇ ਵੀ ਮਹੱਤਵਪੂਰਨ
ਮੁੱਦੇ ਉਠਾਉਣਗੇ ਤਾਂ ਜੋ ਉਹ ਉਨ੍ਹਾਂ ਲੋਕਾਂ ਦੀ ਅਵਾਜ਼ ਬਣ ਸਕਨ ਜਿੰਨ੍ਹਾਂ ਨੇ ਚੁਣ ਕੇ ਉਨ੍ਹਾਂ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਉਹ ਲੋਕ ਸਭਾ ਵਿਚ ਹਾਂਪੱਖੀ ਪਹੁੰਚ ਲੈ ਕੇ ਚੱਲਣਗੇ ਤਾਂ ਜੋ ਇੱਥੇ ਵਿਚਾਰ ਕੇ ਲੋਕਾਂ ਦੀਆਂ ਮੁਸਕਿਲਾਂ ਦੇ ਹੱਲ ਲਈ ਰਾਹ ਤਲਾਸੇ ਜਾ ਸਕਨ। ਉਨ੍ਹਾਂ ਕਿਹਾ ਕਿ ਕੇਵਲ ਰਾਜਨੀਤੀ ਕਰਨਾ ਨਹੀਂ ਬਲਕਿ ਦੇਸ਼ ਦੇ ਅਵਾਮ ਦੀ ਬਿਹਤਰੀ ਲਈ ਕੁਝ ਕਰਨਾ ਉਨ੍ਹਾਂ ਦਾ ਉਦੇਸ਼ ਹੈ।
ਕਿਸਾਨ ਦੇ ਟਰੈਕਟਰ ਨੂੰ ਵਪਾਰਕ ਵਹਿਕਲ ਘੋਸ਼ਿਤ ਕਰਨ ਸਬੰਧੀ ਕੇਂਦਰ ਸਰਕਾਰ ਦੇ ਫੈਸਲੇ ਸਬੰਧੀ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਸ੍ਰੀ ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਕਿਸਾਨ ਤੇ ਕਿਸੇ ਵੀ ਕਿਸਮ ਦਾ ਹੋਰ ਬੋਝ ਪਾਉਣ ਦਾ ਡੱਟ ਕੇ ਵਿਰੋਧ ਕਰੇਗੀ। ਦੇਸ਼ ਦਾ ਕਿਸਾਨ ਹੋਰ ਵਿੱਤੀ ਬੋਝ ਸਹਿਨ ਕਰਨ ਦੀ ਸਥਿਤੀ ਵਿਚ ਨਹੀਂ ਹੈ। ਪਰ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਿਸਾਨ ਦੇ ਟਰੈਕਟਰ ਨੂੰ ਐਫ.ਸੀ.ਆਈ. ਤੇ ਸਰਕਾਰ ਦੇ ਹੋਰ ਅਦਾਰਿਆਂ ਦੇ ਅਨਾਜ ਦੀ ਢੋਆ ਢੁਆਈ ਦੀ ਛੋਟ ਦੇਣੀ ਚਾਹੀਦੀ ਹੈ ਤਾਂ ਜੋ ਇਸ ਨਾਲ ਕਿਸਾਨ ਨੂੰ ਕੁਝ ਆਮਦਨ ਹੋ ਸਕੇ। ਉਨ੍ਹਾਂ ਨੇ ਕੇਂਦਰ ਸਰਕਾਰ ਦੀਆਂ ਕਿਸਾਨੀ ਨੂੰ ਆਮਦਨ ਕਰ ਦੇ ਘੇਰੇ ਵਿਚ ਲਿਆਉਣ ਦੀਆਂ ਕੋਸਿਸਾਂ ਦਾ ਵੀ ਵਿਰੋਧ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਰਾਜ ਵਿਚ ਦੇਸ਼ ਦੇ ਕਿਸਾਨ ਲਈ ਪਹਿਲਾਂ ਹੀ ਔਕੜਾਂ ਵਧੀਆਂ ਹੋਈਆਂ ਹਨ ਅਜਿਹੇ ਵਿਚ ਕਿਸਾਨੀ ਖਿਲਾਫ ਕੇਂਦਰ ਦੇ ਕਿਸੇ ਵੀ ਫੈਸਲੇ ਦਾ ਲੋਕ ਸਭਾ ਵਿਚ ਜਬਰਦਸਤ ਵਿਰੋਧ ਕੀਤਾ ਜਾਵੇਗਾ।
ਪੰਜਾਬ ਦੀਆਂ ਸਥਾਨਕ ਸਰਕਾਰਾਂ ਚੋਣਾਂ ਸਬੰਧੀ ਇਕ ਸਵਾਲ ਦੇ ਜਵਾਬ ਵਿਚ ਸ੍ਰੀ ਜਾਖੜ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਪਿੱਛਲੇ 10 ਸਾਲ ਤੋਂ ਪੰਜਾਬ ਵਿਚ ਜਬਰ ਦਾ ਦੂਜਾ ਨਾਂਅ ਬਣਿਆ ਹੋਇਆ ਸੀ। ਇਸੇ ਲਈ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਨੂੰ ਕਰਾਰੀ ਹਾਰ ਦਿੱਤੀ ਸੀ ਅਤੇ ਹੁਣ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿਚ ਵੀ ਅਕਾਲੀ ਦਲ ਭਾਜਪਾ ਗਠਜੋੜ ਨੂੰ ਵੋਟਰ ਕਰਾਰੀ ਹਾਰ ਦੇਣਗੇ। ਉਨ੍ਹਾਂ ਨੇ ਪੰਜਾਬ ਭਾਜਪਾ ਦੇ ਆਗੂਆਂ ਬਾਰੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਦੀ ਗੱਲ ਤਾਂ ਕਦੇ ਕੀ ਕਰਨੀ ਸੀ ਸਗੋਂ ਉਨ੍ਹਾਂ ਨੇ ਤਾਂ ਰਾਜ ਦੇ ਸ਼ਹਿਰੀ ਇਲਾਕਿਆਂ ਦੇ ਹਿੱਤ ਵਿਚ ਅਕਾਲੀ ਦਲ ਕੋਲ 10 ਸਾਲ ਗਿਰਵੀ ਰੱਖੀ ਰੱਖੇ। ਉਨ੍ਹਾਂ ਕਿਹਾ ਕਿ ਆਪਣੀ ਪ੍ਰਤੱਖ ਦਿਸਦੀ ਹਾਰ ਤੋਂ ਹੀ  ਸ਼੍ਰੋਮਣੀ ਅਕਾਲੀ ਦਲ ਹੁਣ ਹਰਿਆਣਾ ਵਿਚ ਚੋਣ ਲੜਨ ਦੀਆਂ ਗੱਲਾਂ ਕਰ ਰਿਹਾ ਹੈ।
ਏਮਜ ਬਠਿੰਡਾ ਸਬੰਧੀ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੇ ਇਤਰਾਜਾਂ ਸਬੰਧੀ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਸ੍ਰੀ ਜਾਖੜ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਏਮਜ ਸਥਾਪਨਾ ਵਿਚ ਕੋਈ ਰੁਕਾਵਟ ਪਾਉਣ ਦਾ ਸੁਆਲ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਐਨ.ਓ.ਸੀ. ਜਾਰੀ ਕਰਨ ਵਿਚ ਦੇਰੀ ਇਸ ਲਈ ਹੋ ਰਹੀ ਹੈ ਕਿਉਂਕਿ ਪਿੱਛਲੀ ਸਰਕਾਰ ਇਸ ਪ੍ਰੋਜੈਕਟ ਸਬੰਧੀ ਕਈ ਮਸਲੇ ਇਸ ਤਰਾਂ ਉਲਝਾ ਕੇ ਗਈ ਹੈ ਕਿ ਉਨ੍ਹਾਂ ਨੂੰ ਸੁਲਝਾਉਣ ਵਿਚ ਸਮਾਂ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸੋਚ ਵਿਕਾਸ ਮੁਖੀ ਹੈ।
ਇਸ ਤੋਂ ਪਹਿਲਾਂ ਸੰਸਦ ਭਵਨ ਪੁੱਜਣ ਤੇ ਵਿਧਾਇਕ ਸ: ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਸ: ਹਰਪ੍ਰਤਾਪ ਸਿੰਘ ਅਜਨਾਲਾ ਅਤੇ ਯੂਥ ਕਾਂਗਰਸ ਆਗੂ ਸ੍ਰੀ ਰੰਜਮ ਕਾਮਰਾ ਨੇ ਸ੍ਰੀ ਜਾਖੜ ਨੂੰ ਜੀ ਆਇਆ ਨੂੰ ਆਖਿਆ ਅਤੇ ਨਵੀਂ ਸਿਆਸੀ ਪਾਰੀ ਦੀਆਂ ਸੁਭਕਾਮਨਾਵਾਂ ਦਿੱਤੀਆਂ।

About admin

Check Also

ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ  

ਆਨੰਦਪੁਰ ਸਾਹਿਬ, 21 ਮਈ(ਪੱਤਰ ਪ੍ਰੇਰਕ) : ਰਾਸ਼ਟਰ ਮੰਚ ਦੇ ਆਗੂ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ …

Leave a Reply

Your email address will not be published. Required fields are marked *