Breaking News
Home / Breaking News / ਵੱਡੀਆਂ ਚੁਣੌਤੀਆਂ ਵੀ ਹਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲਈ

ਵੱਡੀਆਂ ਚੁਣੌਤੀਆਂ ਵੀ ਹਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲਈ

ਕੱਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ੍ਰ. ਗੋਬਿੰਦ ਸਿੰਘ ਲੌਂਗੋਵਾਲ ਨਵੇਂ ਪ੍ਰਧਾਨ ਚੁਣੇ ਗਏ ਜੋ ਕਿ ਅਜਿਹੇ ਲੀਡਰ ਹਨ ਜਿਨ੍ਹਾਂ ਨਾਲ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਵਿਰਾਸਤ ਜੁੜੀ ਹੋਈ ਹੈ ਅਤੇ ਉਹ ਸੰਤ ਲੌਂਗੋਵਾਲ ਦੇ ਨਜ਼ਦੀਕੀਆਂ ਵਿਚੋਂ ਇਕ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਸ਼ਖਸੀਅਤ ਦਾ ਵਿਲੱਖਣ ਪਹਿਲੂ ਇਹ ਵੀ ਹੈ ਕਿ ਉਹ ਸਿੱਖ ਪੰਥ ਦੀ ਇਕ ਨਿਰਵਿਵਾਦ ਸਖਸ਼ੀਅਤ ਹਨ। ਸ਼੍ਰੋਮਣੀ ਅਕਾਲੀ ਦਲ ਜਿਸ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ, ਨੂੰ ਅਜਿਹੇ ਵਿਅਕਤੀ ਨੂੰ ਅਹਿਮ ਅਹੁਦਾ ਦੇਣ ਦੀ ਵੀ ਲੋੜ ਸੀ ਜਿਹੜਾ ਇਹ ਪ੍ਰਭਾਵ ਦੇਵੇ ਕਿ ਅਕਾਲੀ ਦਲ ਦੀ ਸ਼ਕਤੀ ਕੁਝ ਕੁ ਲੋਕਾਂ ਦੇ ਹੱਥ ਵਿੱਚ ਸੀਮਤ ਨਹੀਂ ਹੈ। ਇਸ ਤੋਂ ਪਹਿਲਾਂ ਇਸ ਪ੍ਰਭਾਵ ਨੇ ਲੋਕਾਂ ਵਿੱਚ ਨਾਂਹਪੱਖੀ ਸੁਨੇਹਾ ਦਿੱਤਾ ਸੀ ਜਿਸ ਕਾਰਨ ਅਕਾਲੀ ਦਲ ਦਾ ਆਮ ਲੋਕਾਂ ਵਿੱਚ ਆਧਾਰ ਕਮਜ਼ੋਰ ਹੋਇਆ ਸੀ। ਮਾਲਵਾ ਖੇਤਰ ਜੋ ਕਿ ਅਕਾਲੀ ਦਲ ਦਾ ਹਮੇਸ਼ਾ ਗੜ੍ਹ ਰਿਹਾ ਹੈ, ‘ਚ ਪਿਛਲੇ ਕੁਝ ਸਮੇਂ ਤੋਂ ਖੋਰਾ ਲੱਗਦਾ ਆਇਆ ਸੀ, ਵਿੱਚ ਆਪਣੇ ਆਪ ਨੂੰ ਸਥਾਪਤ ਕਰਨ ਦਾ ਵੀ ਇਕ ਵੱਡਾ ਉਪਰਾਲਾ ਹੈ। ਭਾਵੇਂ ਕਿ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਵੀ ਮਾਲਵੇ ਭਾਵ ਪਟਿਆਲਾ ਨਾਲ ਸਬੰਧਤ ਰਹੇ ਹਨ ਪਰ ਉਨ੍ਹਾਂ ਦੀ ਸ਼ਖਸੀਅਤ ਸਿਆਸੀ ਲੀਡਰ ਵਾਲੀ ਨਹੀਂ ਕਹੀ ਜਾ ਸਕਦੀ। ਭਾਵੇਂ ਕਿ ਉਹ ਅਕਾਲੀ ਦਲ ਦੇ ਇਕ ਸੀਨੀਅਰ ਲੀਡਰ ਹਨ ਪਰ ਉਹ ਕਦੇ ਵੀ ਅਕਾਲੀ ਦਲ ਦੀ ਟਿਕਟ ਤੋਂ ਚੋਣ ਮੈਦਾਨ ਵਿੱਚ ਨਹੀਂ ਉਤਰੇ। ਸ੍ਰ. ਲੌਂਗੋਵਾਲ ਵਿਧਾਇਕ ਵੀ ਰਹੇ ਹਨ ਅਤੇ ਅਕਾਲੀ ਵਜ਼ਾਰਤ ਵਿੱਚ ਮੰਤਰੀ ਵੀ। ਦਿਲਚਸਪ ਗੱਲ ਇਹ ਹੈ ਕਿ ਜਥੇਦਾਰ ਅਵਤਾਰ ਸਿੰਘ ਮੱਕੜ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਪਰ ਉਹ ਵੀ ਸਿਆਸਤ ਵਿੱਚ ਸਰਗਰਮ ਲੀਡਰ ਨਹੀਂ ਰਹੇ ਸਨ। ਇਸ ਲਈ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਇਸ ਵਾਰ ਸ਼੍ਰੋਮਣੀ ਕਮੇਟੀ ਦੀ ਚੋਣ ਸਮੇਂ ਆਪਣੇ ਪਿਤਾ ਜੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਵਾਲੀ ਅਹਿਮ ਭੂਮਿਕਾ ਨਿਭਾਈ, ਸ੍ਰ. ਲੌਂਗੋਵਾਲ ਤੋਂ ਕਈ ਭੂਮਿਕਾਵਾਂ ਵਿੱਚ ਕੰਮ ਲੈ ਸਕਦੇ ਹਨ।  ਸ੍ਰ. ਲੌਂਗੋਵਾਲ ਜਿਨ੍ਹਾਂ ਦਾ ਸੁਭਾਅ ਅਤੇ ਆਚਰਣ ਵੀ ਨਿਮਰ ਲੀਡਰ ਵਾਲਾ ਹੈ ਤੇ ਉਹ ਇਕ ਨਰਮਖਿਆਲੀ ਨੇਤਾ ਹਨ। ਅੱਜ ਜਦੋਂ ਸੂਬੇ ਅੰਦਰ ਇਕ ਵਾਰ ਫਿਰ ਗਰਮਖਿਆਲੀ ਸਰਗਰਮ ਹੋ ਰਹੇ ਹਨ, ਅਜਿਹੇ ਵਿੱਚ ਅਕਾਲੀ ਦਲ ਨੂੰ ਇਸ ਗੱਲ ਦੀ ਵੀ ਲੋੜ ਹੈ ਕਿ ਉਹ ਆਪਣਾ ਅਕਸ ਮੁੱਖ ਧਾਰਾ ਵਾਲੀ ਪਾਰਟੀ ਵਜੋਂ ਨਿਭਾਏ। ਜਦੋਂ ਸਮੇਂ ਦੀ ਅਜਿਹੀ ਲੋੜ ਹੈ ਤਾਂ ਅਕਾਲੀ ਦਲ ਨੂੰ ਅਜਿਹੇ ਨੇਤਾਵਾਂ ਦੀ ਵੀ ਲੋੜ ਹੈ। ਸ੍ਰ. ਲੌਂਗੋਵਾਲ ਅਜਿਹੇ ਲੀਡਰਾਂ ਵਿਚੋਂ ਇਕ ਹਨ। ਉਂਝ ਵੀ ਗਰਮਖਿਆਲੀਆਂ ਨੂੰ ਜਾਂ ਅਕਾਲੀ ਦਲ ਦੇ ਵਿਰੋਧੀ ਧੜੇ ਨੂੰ ਪਤਾ ਲੱਗ ਗਿਆ ਹੈ ਕਿ ਲੱਖ ਯਤਨਾਂ ਦੇ ਬਾਵਜੂਦ ਉਹ ਕਿੰਨੇ ਕੁ ਪਾਣੀ ਵਿੱਚ ਖੜ੍ਹੇ ਹਨ। ਸ੍ਰ. ਲੌਂਗੋਵਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣ ਗਏ ਹਨ, ਪਰ ਇਹ ਪ੍ਰਧਾਨਗੀ ਉਨ੍ਹਾਂ ਲਈ ਕੰਡਿਆਂ ਦੇ ਤਾਜ਼ ਤੋਂ ਵੀ ਘੱਟ ਨਹੀਂ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਦੀ ਲੀਡਰਸ਼ਿਪ ਵਲੋਂ ਪਿਛਲੇ ਸਮੇਂ ਦੌਰਾਨ ਕੁਝ ਅਜਿਹੇ ਫੈਸਲੇ ਕਰਵਾਏ ਗਏ ਜਿਨ੍ਹਾਂ ਕਾਰਨ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਅਕਸ ਨੂੰ ਭਾਰੀ ਸੱਟ ਵੀ ਵੱਜੀ ਹੈ। ਜਦੋਂ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਗੁਰਮੀਤ ਸਿੰਘ ਜੋ ਕਿ ਰੋਹਤਕ ਜੇਲ੍ਹ ਵਿੱਚ ਬਲਾਤਕਾਰ ਦੇ ਕੇਸ ਵਿੱਚ ਜੇਲ੍ਹ ਕਟ ਰਿਹਾ ਹੈ, ਨੂੰ ਪੰਥ ਤੋਂ ਮੁਆਫੀ ਦਿੱਤੀ ਗਈ ਤਾਂ ਇਸ ਨਾਲ ਸਿੰਘ ਸਾਹਿਬਾਨ ‘ਤੇ ਵੀ ਉਂਗਲੀਆਂ ਉਠੀਆਂ ਸਨ। ਭਾਵੇਂ ਕਿ ਸਿੱਖ ਭਾਵਨਾਵਾਂ ਦੇ ਮੱਦੇਨਜ਼ਰ ਇਹ ਫੈਸਲਾ ਵਾਪਸ ਲੈ ਲਿਆ ਗਿਆ। ਭਵਿੱਖ ਵਿੱਚ ਅਜਿਹੇ ਫੈਸਲਿਆਂ ਤੋਂ ਸੰਕੋਚ ਕਰਨ ਦੀ ਲੋੜ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲਈ ਅਜਿਹੇ ਵਕਤ ਦੀ ਨਜ਼ਾਕਤ ਨੂੰ ਦੇਖਦੇ ਹੋਇਆਂ ਅਜਿਹੇ ਫੈਸਲਿਆਂ ਨੂੰ ਰੋਕਣਾ ਪਵੇਗਾ ਕਿਉਂਕਿ ਇਸ ਨਾਲ ਪੰਥ ਨੂੰ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਾ ਹੈ। ਇਸ ਤੋਂ ਇਲਾਵਾ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਸਿੱਖ ਲੀਡਰਸ਼ਿਪ ਦੇ ਕਿਰਦਾਰ ‘ਤੇ ਪ੍ਰਸ਼ਨਚਿੰਨ੍ਹ ਲੱਗੇ ਸਨ। ਇਸ ਕਾਰਨ ਸ਼੍ਰੋਮਣੀ ਕਮੇਟੀ ਨੂੰ ਵੀ ਉਸ ਗੁੱਸੇ ਦਾ ਸਾਹਮਣਾ ਕਰਨਾ ਪਿਆ ਹੈ। ਇਥੋਂ ਤੱਕ ਸ਼੍ਰੋਮਣੀ ਕਮੇਟੀ ਵਿੱਚ ਕੰਮ ਕਰ ਰਹੇ ਪਾਠੀ ਸਿੰਘਾਂ ਵਿੱਚ ਵੀ ਇਹ ਗੁੱਸਾ ਦੇਖਣ ਨੂੰ ਮਿਲਿਆ। ਅਜਿਹੇ ਤੱਤਾਂ ਨੂੰ ਕਿਵੇਂ ਸ਼ਾਂਤ ਕੀਤਾ ਜਾਣਾ ਹੈ, ਵੀ ਵੱਡੀ ਚੁਣੌਤੀ ਹੈ। ਚੋਣਾਂ ਮੌਕੇ ਅਕਾਲੀ ਲੀਡਰਾਂ ਵਲੋਂ ਗੈਰ-ਸਿੱਖ ਡੇਰਿਆਂ ਤੋਂ ਜਾ ਕੇ ਵੋਟਾਂ ਮੰਗਣ ਕਾਰਨ ਡੇਰੇ ਸਿੱਖ ਸਿਧਾਂਤਾਂ ਨੂੰ ਵੀ ਨੁਕਸਾਨ ਪਹੁੰਚਾ ਰਹੇ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸੱਚਾ ਸੌਦਾ ਤੋਂ ਮਦਦ ਲੈਣ ਵਾਲੇ 39 ਲੀਡਰਾਂ ਨੂੰ 17 ਅਪ੍ਰੈਲ 2017 ‘ਚ ਤਨਖਾਹੀਆ ਕਰਾਰ ਦਿੱਤਾ ਗਿਆ ਸੀ। ਇਸ ਪ੍ਰਵਿਰਤੀ ਦੀ ਰੋਕਥਾਮ ਦੀ ਜ਼ਿੰਮੇਵਾਰੀ ਵੀ ਸ਼੍ਰੋਮਣੀ ਕਮੇਟੀ ਦੀ ਬਣਦੀ ਹੈ। ਡੇਰਾ ਮੁਖੀ ਦੇ ਜੇਲ੍ਹ ਜਾਣ ਨਾਲ ਹਾਲਾਤ ਬਹੁਤ ਬਦਲ ਗਏ ਹਨ। ਅਜਿਹੇ ਵਿੱਚ ਮਾਲਵਾ ਖੇਤਰ ਵਿੱਚ ਜਿਹੜੇ ਡੇਰਾ ਪ੍ਰੇਮੀ ਅਲੱਗ-ਥਲੱਗ ਪੈ ਗਏ ਹਨ, ਨੂੰ ਸਿੱਖ ਮੁੱਖ ਧਾਰਾ ਵਿੱਚ ਲਿਆਉਣ ਲਈ ਸ਼੍ਰੋਮਣੀ ਕਮੇਟੀ ਕੋਲ ਇਕ ਬਹੁਤ ਵਧੀਆ ਮੌਕਾ ਹੈ। ਸ੍ਰ. ਲੌਂਗੋਵਾਲ ਨੂੰ ਇਸ ਸਬੰਧ ਵਿੱਚ ਇਕ ਮੁਹਿੰਮ ਛੇੜਨੀ ਚਾਹੀਦੀ ਹੈ ਕਿਉਂਕਿ ਡੇਰਾ ਪ੍ਰੇਮੀਆਂ ਵਿਚੋਂ ਜ਼ਿਆਦਾਤਰ ਸਿੱਖ ਧਰਮ ਨਾਲ ਹੀ ਸਬੰਧਤ ਹਨ। ਸ਼੍ਰੋਮਣੀ ਕਮੇਟੀ ਵਲੋਂ ਚਲ ਰਹੀਆਂ ਸੰਸਥਾਵਾਂ ਦੇ ਪ੍ਰਸ਼ਾਸਨੀ ਪ੍ਰਬੰਧਾਂ ਨੂੰ ਵੀ ਦਰੁਸਤ ਕਰਨ ਦੀ ਬਹੁਤ ਲੋੜ ਹੈ। ਸਿੱਖੀ ਪ੍ਰਚਾਰ ਨੂੰ ਆਧੁਨਿਕ ਢੰਗ ਨਾਲ ਕਰਨ ਦੀ ਲੋੜ ਹੈ। ਭਾਵੇਂ ਕਿ ਸ਼੍ਰੋਮਣੀ ਕਮੇਟੀ ਵਲੋਂ ਪਹਿਲਾਂ ਵੀ ਇਸ ਪ੍ਰਚਾਰ ਲਈ ਕਾਫੀ ਪ੍ਰਬੰਧ ਕੀਤੇ ਗਏ ਹਨ ਪਰ ਨਾਲ-ਨਾਲ ਮਾਹਿਰ ਲੋਕਾਂ ਦੀ ਮਦਦ ਵੀ ਲੈਣ ਦੀ ਲੋੜ ਹੈ। ਸੋ, ਆਸ ਕਰਦੇ ਹਾਂ ਕਿ ਸ੍ਰ. ਲੌਂਗੋਵਾਲ ਪ੍ਰਸਥਿਤੀਆਂ ਨੂੰ ਸਮਝਦੇ ਹੋਏ ਸ਼੍ਰੋਮਣੀ ਕਮੇਟੀ ਨੂੰ ਸਿੱਖੀ ਸਿਧਾਂਤਾਂ ਵਿੱਚ ਆ ਰਹੇ ਨਿਘਾਰ ਅਤੇ ਵਧ ਰਹੇ ਪਤਿਤਪੁਣੇ ਨੂੰ ਰੋਕਣ ਲਈ ਅਣਥਕ ਯਤਨ ਕਰਨਗੇ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *