Breaking News
Home / Breaking News / ਜਗਮੀਤ ਸਿੰਘ ਨੇ ਰਚਿਆ ਇਤਿਹਾਸ, ਬਣੇ ਐਨ.ਡੀ.ਪੀ. ਦੇ ਆਗ

ਜਗਮੀਤ ਸਿੰਘ ਨੇ ਰਚਿਆ ਇਤਿਹਾਸ, ਬਣੇ ਐਨ.ਡੀ.ਪੀ. ਦੇ ਆਗ

ਟੋਰਾਂਟੋ, 2 ਅਕਤੂਬਰ (ਚੜ੍ਹਦੀਕਲਾ ਬਿਊਰੋ) :  ਆਪਣੇ ਤਿੰਨ ਵੱਧ ਤਜਰਬੇਕਾਰ ਵਿਰੋਧੀਆਂ ਨੂੰ ਪਿੱਛੇ ਛੱਡਦਿਆਂ 38 ਸਾਲਾ ਜਗਮੀਤ ਸਿੰਘ ਨੇ ਐਨ.ਡੀ.ਪੀ. ਦਾ ਆਗੂ ਬਣ ਕੇ ਨਵਾਂ ਇਤਿਹਾਸ ਸਿਰਜ ਦਿੱਤਾ। ਇੱਥੇ ਹੀ ਬੱਸ ਨਹੀਂ ਪਹਿਲੀ ਵਾਰੀ ਕਿਸੇ ਪੱਗੜੀਧਾਰੀ ਸਿੱਖ ਨੂੰ ਫੈਡਰਲ ਨਿਊ ਡੈਮੋਕ੍ਰੈਟਸ ਦਾ ਆਗੂ ਬਣਨ ਦਾ ਮਾਣ ਹਾਸਲ ਹੋਇਆ ਹੈ। ਫੈਸ਼ਨ ਦੀ ਪੂਰੀ ਸਮਝ ਰੱਖਣ ਵਾਲੇ ਓਨਟਾਰੀਓ ਵਿਧਾਨ ਸਭਾ ਦੇ ਮੈਂਬਰ ਜਗਮੀਤ ਸਿੰਘ ਘੱਟ ਗਿਣਤੀ ਵਿੱਚੋਂ ਕਿਸੇ ਵੀ ਫੈਡਰਲ ਪਾਰਟੀ ਦੇ ਬਣੇ ਪਹਿਲੇ ਸਿੱਖ ਆਗੂ ਹਨ। ਉਨ੍ਹਾਂ 35,266 ਵੋਟਾਂ ਹਾਸਲ ਕਰਕੇ ਵੱਡੇ ਫਰਕ ਨਾਲ ਆਪਣੇ ਵਿਰੋਧੀਆਂ ਨੂੰ ਹਰਾਇਆ। ਉੱਤਰੀ ਓਨਟਾਰੀਓ ਤੋਂ ਐਮਪੀ ਚਾਰਲੀ ਐਂਗਸ, ਜਿਨ੍ਹਾਂ ਨੂੰ ਜਗਮੀਤ ਦਾ ਨੇੜਲਾ ਵਿਰੋਧੀ ਮੰਨਿਆ ਜਾ ਰਿਹਾ ਸੀ, ਸਿਰਫ 12,705 ਵੋਟਾਂ ਹਾਸਲ ਕਰਕੇ ਨਿਰਾਸ਼ਾਜਨਕ ਤੌਰ ਉੱਤੇ ਦੂਜੇ ਸਥਾਨ ਉੱਤੇ ਰਹੇ। ਮੈਨੀਟੋਬਾ ਤੋਂ ਐਮਪੀ ਨਿੱਕੀ ਐਸ਼ਟਨ ਨੂੰ ਸਿਰਫ 11,374 ਵੋਟਾਂ ਹੀ ਹਾਸਲ ਹੋਈਆਂ ਤੇ ਉਹ ਤੀਜੇ ਸਥਾਨ ਉੱਤੇ ਰਹੀ। ਕਿਊਬਿਕ ਤੋਂ ਐਮਪੀ ਗਾਇ ਕੈਰਨ 6,164 ਵੋਟਾਂ ਪ੍ਰਾਪਤ ਕਰਕੇ ਫਾਡੀ ਰਹੇ। ਜਗਮੀਤ ਸਿੰਘ ਵੱਲੋਂ ਹਾਸਲ ਕੀਤੀਆਂ ਗਈਆਂ ਵੋਟਾਂ ਦਾ ਵਕਫਾ ਹੀ ਐਨਾ ਸੀ ਕਿ ਇਸ ਦੇ ਜਾਹਿਰਾ ਤੌਰ ਉੱਤੇ ਨਜ਼ਰ ਆਉਣ ਤੋਂ ਬਾਅਦ ਟੋਰਾਂਟੋ ਹੋਟਲ ਦੇ ਮੀਟਿੰਗ ਰੂਮ ਵਿੱਚ ਜਗਮੀਤ ਦੀ ਜਿੱਤ ਦਾ ਅਹਿਸਾਸ ਹੁੰਦਿਆਂ ਹੀ ਉਨ੍ਹਾਂ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਮੋਢਿਆਂ ਉੱਤੇ ਚੁੱਕ ਲਿਆ ਤੇ ਉਨ੍ਹਾਂ ਸਾਰਿਆਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ। ਇਸ ਮੌਕੇ ਜਗਮੀਤ ਸਿੰਘ ਨੇ ਆਪਣੇ ਸਮਰਥਕਾਂ, ਦੋਸਤਾਂ, ਪਰਿਵਾਰਕ ਮਿੱਤਰਾਂ ਤੇ ਸਾਥੀ ਉਮੀਦਵਾਰਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕੈਨੇਡੀਅਨਾਂ ਨੂੰ ਡਰ ਦੀ ਸਿਆਸਤ ਨਾਲੋਂ ਹੌਸਲੇ ਦੀ ਸਿਆਸਤ ਦਾ ਸਾਥ ਦੇਣ ਲਈ ਇੱਕਜੁੱਟ ਹੋਣਾ ਚਾਹੀਦਾ ਹੈ ਤੇ ਵੰਡੀਆਂ ਪਾਉਣ ਦੀ ਸਿਆਸਤ ਨਾਲੋਂ ਪਿਆਰ ਦੀ ਸਿਆਸਤ ਦੀ ਕਦਰ ਕਰਨੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਕੈਨੇਡੀਅਨਾਂ ਨੂੰ ਬਿਹਤਰੀਨ ਸਰਕਾਰ ਸਿਰਫ ਨਿਊ ਡੈਮੋਕ੍ਰੈਟਸ ਹੀ ਮੁਹੱਈਆ ਕਰਵਾ ਸਕਦੇ ਹਨ। ਸਾਡੀ ਸਰਕਾਰ ਆਉਣ ਉੱਤੇ ਸਾਰੇ ਕੈਨੇਡੀਅਨਾਂ ਦੇ ਕੰਮ ਹੋਣਗੇ ਤੇ ਅਸੀਂ ਆਪਣੇ ਸਾਰੇ ਵਾਅਦੇ ਪੂਰੇ ਕਰਾਂਗੇ। ਜਗਮੀਤ ਨੇ ਇਹ ਵੀ ਆਖਿਆ ਕਿ ਇਸੇ ਲਈ ਉਹ ਅੱਜ ਤੋਂ ਹੀ ਰਸਮੀ ਤੌਰ ਉੱਤੇ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਬਣਨ ਦੀ ਆਪਣੀ ਮੁਹਿੰਮ ਲਾਂਚ ਕਰ ਰਹੇ ਹਨ। ਇਸ ਮੌਕੇ ਜਗਮੀਤ ਨੇ ਆਪਣੇ ਪਰਿਵਾਰ ਦੇ ਸੰਘਰਸ਼ ਦੀ ਕਹਾਣੀ ਵੀ ਸੁਣਾਈ ਕਿ ਕਿਸ ਤਰ੍ਹਾਂ ਉਨ੍ਹਾਂ ਦੇ ਘਰਦਿਆਂ ਨੇ ਉਹ ਸਮਾਂ ਵੀ ਵੇਖਿਆ ਹੈ ਜਦੋਂ ਉਨ੍ਹਾਂ ਦੇ ਪਿਤਾ ਕੰਮ ਕਰਨ ਤੋਂ ਅਸਮਰੱਥ ਸਨ। ਉਨ੍ਹਾਂ ਆਖਿਆ ਕਿ ਇਹੋ ਜਿਹੀਆਂ ਦਿੱਕਤਾਂ ਅੱਜ ਵੀ ਕਈ ਕੈਨੇਡੀਅਨਾਂ ਦੇ ਸਾਹਮਣੇ ਮੂੰਹ ਅੱਡੀ ਖੜ੍ਹੀਆਂ ਹਨ। ਲੋਕਾਂ ਨੂੰ ਦਰਪੇਸ਼ ਰੋਜ਼ਮਰਾ ਦੀਆਂ ਅਜਿਹੀਆਂ ਕਈ ਸਮੱਸਿਆਵਾਂ ਵੱਲ ਵੀ ਬਹੁਤੀਆਂ ਸਰਕਾਰਾਂ ਧਿਆਨ ਨਹੀਂ ਦਿੰਦੀਆਂ ਜੋ ਕਿ ਗਲਤ ਹੈ। ਉਨ੍ਹਾਂ ਆਖਿਆ ਕਿ ਸਾਡੀ ਸਰਕਾਰ ਵਿੱਚ ਇਹ ਸਵੀਕਾਰ ਨਹੀਂ ਕੀਤਾ ਜਾਵੇਗਾ ਕਿ ਲੋਕਾਂ ਨੂੰ ਇਹ ਸਮਝਾਇਆ ਜਾਵੇ ਕਿ ਅਸਥਾਈ ਕੰਮ ਦੀ ਆਦਤ ਪਾ ਲਈ ਜਾਵੇ। ਉਨ੍ਹਾਂ ਵਿੱਤ ਮੰਤਰੀ ਬਿੱਲ ਮੌਰਨਿਊ ਦੇ ਉਸ ਬਿਆਨ ਉੱਤੇ ਚੋਭ ਕੀਤੀ ਜਿਸ ਵਿੱਚ ਉਨ੍ਹਾਂ ਆਖਿਆ ਸੀ ਕਿ ਆਧੁਨਿਕ ਅਰਥਚਾਰੇ ਦੀ ਹਕੀਕਤ ਇਹੋ ਹੀ ਹੈ। ਜਗਮੀਤ ਨੇ ਆਖਿਆ ਕਿ ਜੇ ਤੁਸੀਂ ਸ਼ੌਕੀਆ ਤੌਰ ਉੱਤੇ ਰੋਜ਼ਗਾਰ ਨਾਲ ਜੁੜੇ ਹੋਏ ਹੋਂ ਤਾਂ ਅਸਥਾਈ ਕੰਮ ਦੀ ਤੁਹਾਨੂੰ ਆਦਤ ਹੋ ਜਾਵੇ ਇਸ ਵਿੱਚ ਕੋਈ ਮਾੜੀ ਗੱਲ ਨਹੀਂ। ਪਰ ਜੇ ਤੁਸੀਂ ਆਪਣੇ ਪਰਿਵਾਰ ਲਈ ਖਾਣਾ ਜੁਟਾਉਣ ਜਾਂ ਉਨ੍ਹਾਂ ਦੇ ਸਿਰ ਉੱਤੇ ਛੱਤ ਦੇਣ ਲਈ ਕੰਮ ਕਰ ਰਹੇ ਹੋਂ ਤਾਂ ਜੌਬ ਇਨਸਕਿਊਰਿਟੀ ਸਵੀਕਾਰਯੋਗ ਨਹੀਂ ਹੈ। ਜਗਮੀਤ ਨੇ ਆਪਣੇ ਪੂਰਵ ਅਧਿਕਾਰੀ ਟੌਮ ਮਲਕੇਅਰ ਦੇ ਨਾਲ ਨਾਲ ਆਪਣੇ ਵਿਰੋਧੀ ਉਮੀਦਵਾਰਾਂ ਦੀ ਸਿਫਤ ਵੀ ਕੀਤੀ। ਐਨ.ਡੀ.ਪੀ. ਕੋਲ ਇਸ ਸਮੇਂ ਹਾਊਸ ਆਫ ਕਾਮਨਜ਼ ਵਿੱਚ 338 ਵਿੱਚੋਂ ਸਿਰਫ 44 ਸੀਟਾਂ ਹੀ ਹਨ। ਜਗਮੀਤ ਸਿੰਘ ਦੀ ਜਿੱਤ ਤੋਂ ਬਾਅਦ ਲੀਡਰਸ਼ਿਪ ਵਾਲਾ ਪਾਰਟੀ ਦਾ ਮਸਲਾ ਹੱਲ ਹੋ ਚੁੱਕਿਆ ਹੈ ਤੇ ਹੁਣ ਪਾਰਟੀ ਆਪਣਾ ਧਿਆਨ 2019 ਦੀਆਂ ਫੈਡਰਲ ਚੋਣਾਂ ਵੱਲ ਲਗਾਉਣ ਲਈ ਤਿਆਰ ਹੈ। ਐਨ.ਡੀ.ਪੀ. ਦੇ ਅੰਦਰੂਨੀ ਤੇ ਸਿਆਸੀ ਮਾਹਿਰਾਂ ਦਾ ਇਹ ਮੰਨਣਾ ਹੈ ਕਿ 2015 ਵਿੱਚ ਨਿਮੋਸ਼ੀਜਨਕ ਹਾਰ ਮਿਲਣ ਤੋਂ ਬਾਅਦ ਪਾਰਟੀ ਹੁਣ ਮੁੜ ਇੱਕਜੁੱਟ ਹੋਈ ਹੈ ਤੇ ਆਉਣ ਵਾਲੇ ਦੋ ਸਾਲਾਂ ਵਿੱਚ ਪਾਰਟੀ ਮਜ਼ਬੂਤ ਨੀਂਹ ਰੱਖੇਗੀ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *