Breaking News
Home / Punjab / ਪੰਜਾਬ ‘ਚ ਵੀ ‘ਆਪ’ ‘ਤੇ ਛਾਏ ਸੰਕਟ ਦੇ ਬੱਦਲ

ਪੰਜਾਬ ‘ਚ ਵੀ ‘ਆਪ’ ‘ਤੇ ਛਾਏ ਸੰਕਟ ਦੇ ਬੱਦਲ

ਭਗਵੰਤ ਮਾਨ ਨੂੰ ਬਣਾਇਆ ਕਨਵੀਨਰ, ਖਹਿਰਾ ਵੱਲੋਂ ਅਸਤੀਫ਼ਾ

ਚੰਡੀਗੜ੍ਹ, 8 ਮਈ (ਚੜ੍ਹਦੀਕਲਾ ਬਿਊਰੋ) :  ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਨਵੇਂ ਕਨਵੀਨਰ ਹੋਣਗੇ। ਹਿੰਦੂ ਚਿਹਰੇ ਅਮਨ ਅਰੋੜਾ ਨੂੰ ਕੋ-ਕਨਵੀਨਰ ਬਣਾਇਆ ਗਿਆ ਹੈ। ਸੂਤਰਾਂ ਮੁਤਾਬਕ ਗੁਰਪ੍ਰੀਤ ਘੁੱਗੀ ਨੇ ਮੀਟਿੰਗ ਵਿੱਚ ਇਤਰਾਜ਼ ਜਤਾਇਆ ਸੀ। ਉਨ੍ਹਾਂ ਕਿਹਾ ਕਿ ਜੇ ਇਹ ਫ਼ੈਸਲਾ ਲੈਣਾ ਸੀ ਤਾਂ ਉਨ੍ਹਾਂ ਨੂੰ ਕਿਉਂ ਬੁਲਾਇਆ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਸੁਖਪਾਲ ਸਿੰਘ ਖਹਿਰਾ ਨੇ ਚੀਫ ਵਿਪ੍ਹ ਤੇ ਸਪੋਕਸਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਪਿਛੋਕੜ ਹੋਣ ਕਰਕੇ ਉਨ੍ਹਾਂ ਨੂੰ ਬਣਦਾ ਰੁਤਬਾ ਨਹੀਂ ਦਿੱਤਾ ਜਾ ਰਿਹਾ। ਸੂਤਰਾਂ ਮੁਤਾਬਕ ਇਸ ਲਈ ਅਗਲੇ ਦਿਨਾਂ ਵਿੱਚ ਹੋਰ ਵੱਡੇ ਧਮਾਕੇ ਹੋ ਸਕਦੇ ਹਨ। ਕਾਬਲੇਗੌਰ ਹੈ ਕਿ ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ ਲਈ ਅੱਜ ਦਾ ਦਿਨ  (8 ਮਈ) ਬੇਹੱਦ ਅਹਿਮ ਸੀ। ਅੱਜ ਤੈਅ ਹੋਣਾ ਸੀ  ਕਿ ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ ਦੀ ਕਮਾਨ ਕਿਸ ਦੇ ਹੱਥ ਹੋਏਗੀ। ਹੁਣ ਤੱਕ ਦੀਆਂ ਰਿਪੋਟਾਂ ਮੁਤਾਬਕ ਭਗਵੰਤ ਮਾਨ ਦਾ ਨਾਂ ਸਭ ਤੋਂ ਉਪਰ ਸੀ। ਭਗਵੰਤ ਮਾਨ ਦਾ ਨਾਂ ਫਾਈਨਲ ਸੀ, ਬੱਸ ਇਸ ਦਾ ਐਲਾਨ ਹੀ ਕੀਤਾ ਜਾਣਾ ਸੀ। ਇਸ ਲਈ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਨੇ 8 ਮਈ ਨੂੰ ਦਿੱਲੀ ਸਥਿਤ ਆਪਣੀ ਸਰਕਾਰੀ ਰਿਹਾਇਸ਼ ਵਿੱਚ ਪੰਜਾਬ ਦੇ ਵਿਧਾਇਕਾਂ ਦੀ ਮੀਟਿੰਗ ਸੱਦੀ ਹੋਈ ਸੀ।ਇਸ ਮੀਟਿੰਗ ਵਿੱਚ ਪੰਜਾਬ ਇਕਾਈ ਦੇ ਨਵੇਂ ਪ੍ਰਧਾਨ ਦੇ ਨਾਂ ਦੀ ਚਰਚਾ ਹੋਈ। ਇਹ ਵੀ ਪਤਾ ਲੱਗਾ ਹੈ ਕਿ ਕੇਜਰੀਵਾਲ ਭਗਵੰਤ ਮਾਨ ਨੂੰ ਕਮਾਨ ਸੌਂਪਣ ਦਾ ਮਨ ਪਹਿਲਾਂ ਹੀ ਬਣਾ ਚੁੱਕੇ ਸਨ। ਉਨ੍ਹਾਂ ਭਗਵੰਤ ਮਾਨ ਨੂੰ ਵਿਦੇਸ਼ ਦੌਰੇ ਤੋਂ ਵੀ ਇਸ ਕਰਕੇ ਹੀ ਰੋਕਿਆ ਸੀ। ਇਸ ਕਰਕੇ ਭਗਵੰਤ ਮਾਨ ਖਿਲਾਫ ਆਵਾਜ਼ ਉੱਠਣ ਲੱਗੀ ਸੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਅਮਰੀਕਾ, ਕੈਨੇਡਾ, ਜਰਮਨੀ, ਇਟਲੀ, ਨਾਰਵੇ, ਸਪੇਨ, ਨਿਊਜ਼ੀਲੈਂਡ ਤੇ ਆਸਟਰੇਲੀਆ ਦੇ 27 ਆਗੂਆਂ ਨੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖ ਕੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਪੰਜਾਬ ਇਕਾਈ ਦਾ ਪ੍ਰਧਾਨ ਬਣਾਉਣ ਦਾ ਵਿਰੋਧ ਕੀਤਾ ਸੀ। ਇਨ੍ਹਾਂ ਆਗੂਆਂ ਨੇ ਕੇਜਰੀਵਾਲ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਪੰਜਾਬ ਚੋਣਾਂ ਦੌਰਾਨ ਮਾਨ ਸਟਾਰ ਕੰਪੇਨਰ ਸਨ ਪਰ ਲੋਕਾਂ ਨੇ ਵੋਟਾਂ ਪਾਉਣ ਵੇਲੇ ਉਨ੍ਹਾਂ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਪੱਤਰ ਰਾਹੀਂ ਦੋਸ਼ ਲਾਇਆ ਕਿ ਮਾਨ ਵੱਲੋਂ ਐਚ.ਐਸ. ਫੂਲਕਾ ਤੇ ਹੋਰ ਆਗੂਆਂ ਵਿਰੁੱਧ ਆਪਣੇ ਹਿੱਤਾਂ ਲਈ ਪ੍ਰਚਾਰ ਕੀਤਾ ਜਾਂਦਾ ਰਿਹਾ ਹੈ ਤੇ ਉਹ ਮੁੱਖ ਮੰਤਰੀ ਬਣਨ ਦੀ ਵੀ ਵੱਡੀ ਲਾਲਸਾ ਰੱਖਦੇ ਸਨ। ਇਸ ਤੋਂ ਇਲਾਵਾ ਉਨ੍ਹਾਂ ਦੇ ਸ਼ਰਾਬ ਪੀਣ ਬਾਰੇ ਜਨਤਕ ਹੋਈਆਂ ਕਈ ਵੀਡੀਓਜ਼ ਨਾਲ ਪਾਰਟੀ ਦੇ ਅਕਸ ਨੂੰ ਢਾਹ ਲੱਗੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮਾਨ ਨੇ ਆਪਣੀ ਹੀ ਐਨਆਰਆਈ ਟੀਮ ਤਿਆਰ ਕਰ ਲਈ ਹੈ ਤੇ ਪ੍ਰਪੱਕ ਆਗੂਆਂ ਨੂੰ ਅੱਖੋਂ-ਪਰੋਖੇ ਕੀਤਾ ਹੈ।

About admin

Check Also

ਬਾਦਲ ਨੇ ਅਮਿਤ ਨੂੰ ਕੀਤੇ ਅਣਗੌਲਿਆਂ ਕਰਨ ਦੇ ਗਿਲੇ

ਕਮਲਾ ਸ਼ਰਮਾ ================ ਚੰਡੀਗੜ੍ਹ, 7 ਜੂਨ : ਚੰਡੀਗੜ੍ਹ ਵਿਖੇ ਬੰਦ ਕਮਰਾ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ …

Leave a Reply

Your email address will not be published. Required fields are marked *