Breaking News
Home / Punjab / ਨਾਰੰਗ ਨੇ ਮੁੜ ਪੀ.ਆਰ.ਟੀ.ਸੀ. ਦੇ ਐਮ. ਡੀ. ਵਜੋਂ ਚਾਰਜ ਸੰਭਾਲਿਆ ਦਿੱਲੀ ਏਅਰਪੋਰਟ ਲਈ ਹਰ ਜ਼ਿਲ੍ਹੇ ਤੋਂ ਲਗਜ਼ਰੀ ਬੱਸ ਚਲਾਵਾਂਗੇ : ਨਾਰੰਗ

ਨਾਰੰਗ ਨੇ ਮੁੜ ਪੀ.ਆਰ.ਟੀ.ਸੀ. ਦੇ ਐਮ. ਡੀ. ਵਜੋਂ ਚਾਰਜ ਸੰਭਾਲਿਆ ਦਿੱਲੀ ਏਅਰਪੋਰਟ ਲਈ ਹਰ ਜ਼ਿਲ੍ਹੇ ਤੋਂ ਲਗਜ਼ਰੀ ਬੱਸ ਚਲਾਵਾਂਗੇ : ਨਾਰੰਗ

ਪਟਿਆਲਾ, 8 ਅਪ੍ਰੈਲ (ਗੁਰਮੁੱਖ ਸਿੰਘ ਰੁਪਾਣਾ) : ਸੀਨੀਅਰ ਆਈ.ਏ.ਐਸ. ਅਫਸਰ ਸ. ਮਨਜੀਤ ਸਿੰਘ ਨਾਰੰਗ ਨੇ ਅੱਜ ਪੀ.ਆਰ.ਟੀ.ਸੀ. ਦੇ ਮੈਨੇਜਿੰਗ ਡਾਇਰੈਕਟਰ ਵਜੋਂ ਮੁੜ ਅਹੁਦਾ ਸੰਭਾਲ ਲਿਆ ਹੈ। ਇਸ ਦੌਰਾਨ ਉਨ੍ਹਾਂ ਨੇ ਆਪਣੇ ਪਿਤਾ ਸ੍ਰ. ਨਾਨਕ ਸਿੰਘ ਦਾ ਵਿਸ਼ੇਸ਼ ਤੌਰ ‘ਤੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸ. ਨਾਰੰਗ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਦਿੱਲੀ ਏਅਰਪੋਰਟ ਲਈ ਏਅਰਕੰਡੀਸ਼ਨ ਬੱਸ ਚਲਾਈ ਸੀ, ਜੋ ਕਿ ਕੁੱਝ ਕਾਰਨਾਂ ਕਰਕੇ ਬੰਦ ਹੋ ਗਈ ਸੀ। ਉਨ੍ਹਾਂ ਐਲਾਨ ਕੀਤਾ ਕਿ ਹੁਣ ਆਮ ਲੋਕਾਂ ਦੀ ਸਹੂਲਤ ਲਈ ਪੰਜਾਬ ਦੇ ਹਰ ਜ਼ਿਲ੍ਹੇ ਤੋਂ ਦਿੱਲੀ ਏਅਰਪੋਰਟ ਲਈ ਏਅਰਕੰਡੀਸ਼ਨ ਬੱਸ ਚਲਾਈ ਜਾਵੇਗੀ ਤਾਂ ਜੋ ਖਾਸ ਕਰ ਐਨ.ਆਰ.ਆਈਜ਼. ਦਾ ਫਾਇਦਾ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਤੇ ਉਹਨਾਂ ਨੂੰ ਐਨ.ਆਈ.ਆਰ. ਦੇ ਕਾਫੀ ਫੋਨ ਆ ਰਹੇ ਹਨ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਦਿੱਲੀ ਏਅਰਪੋਰਟ ਲਈ ਹਰ ਸ਼ਹਿਰ ਤੋਂ ਬੱਸਾਂ ਚਲਾਈਆਂ ਜਾਣ ਤਾਂ ਜੋ ਟੈਕਸੀਆਂ ਦੇ ਮਹਿੰਗੇ-ਮਹਿੰਗੇ ਰੂਟਾਂ ਅਤੇ ਨਿੱਜੀ ਟਰਾਂਸਪੋਰਟਰਾਂ ਦੀ ਲੁੱਟ ਤੋਂ ਛੁਟਕਾਰਾ ਮਿਲ ਸਕੇ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸਰਕਾਰੀ ਟਰਾਂਸਪੋਰਟ ਨੂੰ ਨਿੱਜੀ ਟਰਾਂਸਪਰੋਟ ਦੇ ਬਰਾਬਰ ਬਣਾ ਦਿੱਤਾ ਹੈ ਅਤੇ ਹੁਣ ਇਸ ਤੋਂ ਅੱਗੇ ਲੰਘਣ ਲਈ ਵਿਸ਼ੇਸ਼ ਕਾਰਜ ਕੀਤੇ ਜਾਣਗੇ। ਉਨ੍ਹਾਂ ਦੇ ਅਹੁਦਾ ਸੰਭਾਲਣ ਮੌਕੇ ਸ਼ਹਿਰ ਦੇ ਵੱਡੀ ਗਿਣਤੀ ਵਿਚ ਸਮਾਜ ਸੇਵੀ, ਯੂਨੀਅਨ ਆਗੂ ਅਤੇ ਹੋਰ ਪਤਵੰਤੇ ਸੱਜਣ ਵੀ ਸ਼ਾਮਲ ਸਨ। ਇਸ ਮੌਕੇ ਜੀ.ਐਮ. ਆਰ.ਐਸ. ਔਲਖ, ਡੀ.ਕੇ. ਸੂਦ, ਪ੍ਰਦੀਪ ਸੱਚਦੇਵਾ ਅਤੇ ਸੁਰਿੰਦਰ ਸਿੰਘ ਤੋਂ ਇਲਾਵਾ ਸਮੂਹ ਸਟਾਫ ਹਾਜ਼ਰ ਸੀ।
ਇਸ ਦੌਰਾਨ ਸ੍ਰ. ਨਾਰੰਗ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਪੀਆਰਟੀਸੀ ਦੀ ਬਿਹਤਰੀ ਲਈ ਦਿਲੋਂ ਕੰਮ ਕੀਤਾ ਅਤੇ ਹੁਣ ਵੀ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਵਿਭਾਗ ਨੂੰ ਘਾਟੇ ਵੱਲ ਲਿਜਾਣ ਦੀ
ਕੋਸ਼ਿਸ਼ ਕਰਨ ਵਾਲੇ ਮੁਲਾਜ਼ਮ ਜਾਂ ਅਧਿਕਾਰੀ ਲਈ ਕਿਤੇ ਵੀ ਕੋਈ ਥਾਂ ਨਹੀਂ ਹੈ। ਇਸ ਲਈ ਜੋ ਵੀ ਵਿਭਾਗੀ ਅਧਿਕਾਰੀ ਜਾਂ ਮੁਲਾਜ਼ਮ ਵਿਭਾਗ ਨੂੰ ਘਾਟੇ ਵੱਲ ਲਿਜਾਣ ਵਾਸਤੇ ਕੰਮ ਕਰੇਗਾ ਉਸ ਨੂੰ ਨੌਕਰੀ ਤੋਂ ਘਰ ਭੇਜਿਆ ਜਾਵੇਗਾ। ਸ੍ਰ. ਨਾਰੰਗ ਨੇ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਵੱਲੋਂ ਹਰੀ ਝੰਡੀ ਮਿਲ ਗਈ ਹੈ ਕਿ ਪੀਆਰਟੀਸੀ ਨੂੰ ਅੱਗੇ ਲਿਜਾਣ ਲਈ ਹਰ ਹੀਲਾ ਵਰਤਿਆ ਜਾਵੇ ਅਤੇ ਨਿੱਜੀ ਟਰਾਂਸਪੋਰਟ ਤੋਂ ਅੱਗੇ ਲਿਜਾਣਾ ਹੀ ਮੁੱਖ ਟੀਚਾ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਪਿਛਲੇ ਕਾਰਜਕਾਲ ਦੌਰਾਨ ਜੋ ਸੁਪਨੇ ਅਧੂਰੇ ਰਹਿ ਗਏ ਸਨ। ਉਨ੍ਹਾਂ ਨੂੰ ਹੁਣ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੇ ਸਹਿਯੋਗ ਦੀ ਵੀ ਲੋੜ ਹੈ ਤਾਂ ਕਿ ਵਿਭਾਗ ਦੀ ਬਿਹਤਰੀ ਲਈ ਸੁਝਾਅ ਮਿਲ ਸਕਣ ਅਤੇ ਲੋਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦਾ ਪਤਾ ਲੱਗ ਸਕੇ। ਇਸ ਮੌਕੇ ‘ਤੇ ਪਟਿਆਲਾ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸ੍ਰੀ ਵਿਜੈ ਕੁਮਾਰ ਗੋਇਲ, ਸ੍ਰੀ ਮੁਨੀਸ਼ ਗੁਪਤਾ ਜਨਰਲ ਸਕੱਤਰ, ਮਲਕੀਤ ਸਿੰਘ ਸਿੱਧੂ, ਐਮ.ਐਸ. ਢਿੱਲੋਂ ਅਤੇ ਅਜੀਤ ਸਿੰਘ ਭੱਟੀ ਨੇ ਵੀ ਸ੍ਰ. ਨਾਰੰਗ ਨੂੰ ਵਧਾਈ ਦਿੱਤੀ।

About admin

Check Also

ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ  

ਆਨੰਦਪੁਰ ਸਾਹਿਬ, 21 ਮਈ(ਪੱਤਰ ਪ੍ਰੇਰਕ) : ਰਾਸ਼ਟਰ ਮੰਚ ਦੇ ਆਗੂ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ …

Leave a Reply

Your email address will not be published. Required fields are marked *