Breaking News
Home / Politics / ਮੋਦੀ ਕਿਸਾਨਾਂ ਦੀ ਮਾੜੀ ਹਾਲਤ ਦਾ ਮਜ਼ਾਕ ਉਡਾਉਣਾ ਬੰਦ ਕਰਨ : ਕੈਪ. ਅਮਰਿੰਦਰ ਸਿੰਘ

ਮੋਦੀ ਕਿਸਾਨਾਂ ਦੀ ਮਾੜੀ ਹਾਲਤ ਦਾ ਮਜ਼ਾਕ ਉਡਾਉਣਾ ਬੰਦ ਕਰਨ : ਕੈਪ. ਅਮਰਿੰਦਰ ਸਿੰਘ

ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਸਬੰਧੀ ਮੋਦੀ ਦੇ ਯੂ.ਪੀ. ਚੋਣਾਂ ਦੇ ਵਾਅਦੇ ਨੂੰ ਨੌਟੰਕੀ ਦੱਸਿਆ

ਪਟਿਆਲਾ, 7 ਮਾਰਚ (ਗੁਰਮੁੱਖ ਸਿੰਘ ਰੁਪਾਣਾ) : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੇ ਕਰਜ਼ੇ ਹੇਠਾਂ ਦੱਬੇ ਕਿਸਾਨਾਂ ਦੀ ਮਾੜੀ ਹਾਲਤ ਦਾ ਮਜ਼ਾਕ ਬਣਾਉਣ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਪਰ ਵਰ੍ਹਦਿਆਂ, ਉੱਤਰ ਪ੍ਰਦੇਸ਼ ‘ਚ ਚੋਣਾਂ ਦੌਰਾਨ ਉਨ੍ਹਾਂ ਵੱਲੋਂ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਸਬੰਧੀ ਵਾਅਦੇ ਨੂੰ ਖਾਰਿਜ ਕੀਤਾ ਹੈ ਅਤੇ ਇਸਨੂੰ ਸੂਬੇ ਦੇ ਇਕ ਵੱਡੇ ਕਿਸਾਨ ਤਬਕੇ ਦੀਆਂ ਵੋਟਾਂ ‘ਤੇ ਅੱਖ ਰੱਖਦਿਆਂ, ਇਕ ਚੋਣਾਂ ਦੀ ਡਰਾਮੇਬਾਜ਼ੀ ਕਰਾਰ ਦਿੱਤਾ ਹੈ।
ਕੈਪਟਨ ਅਮਰਿੰਦਰ ਨੇ ਮੋਦੀ ਵੱਲੋਂ ਸੂਬੇ ਅੰਦਰ ਉਨ੍ਹਾਂ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ‘ਤੇ ਯੂ.ਪੀ ਦੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਸਬੰਧੀ ਐਲਾਨ ਦੇ ਵਕਤ ‘ਤੇ ਸਵਾਲ ਕਰਦਿਆਂ, ਪ੍ਰਧਾਨ ਮੰਤਰੀ ਉਪਰ ਹਜ਼ਾਰਾਂ ਕਿਸਾਨਾਂ ਦੀਆਂ ਜ਼ਿੰਦਗੀਆਂ ਦੀ ਕੀਮਤ ‘ਤੇ ਚੋਣਾਂ ਦੀ ਸਿਆਸਤ ਕਰਨ ਦਾ ਦੋਸ਼ ਲਗਾਇਆ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜੇਕਰ ਮੋਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨਾਂ ਦੀ ਹਾਲਤ ਨੂੰ ਲੈ ਕੇ ਚਿੰਤਿਤ ਹੁੰਦੀ, ਤਾਂ ਉਸਨੇ ਹੁਣ ਤੱਕ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰ ਦਿੱਤੇ ਹੁੰਦੇ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਮੋਦੀ ਅਸਾਨੀ ਨਾਲ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਸਬੰਧੀ ਐਲਾਨ ਕਰ ਸਕਦੇ ਸਨ, ਜਿਵੇਂ ਯੂ.ਪੀ.ਏ ਸ਼ਾਸਨਕਾਲ ਦੌਰਾਨ ਡਾ. ਮਨਮੋਹਨ ਸਿੰਘ ਨੇ ਕੀਤਾ ਸੀ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਕਾਂਗਰਸ ਨੇ ਸੱਤਾ ‘ਚ ਰਹਿੰਦਿਆਂ, ਕਿਸਾਨਾਂ ਦੇ 70,000 ਕਰੋੜ ਰੁਪਏ ਦੇ ਕਰਜ਼ੇ ਮੁਆਫ ਕਰ ਦਿੱਤੇ ਸਨ। ਇਸ ਲੜੀ ਹੇਠ, ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਯੂ.ਪੀ ‘ਚ ਚੋਣਾਂ ਦੌਰਾਨ ਕਿਸਾਨਾਂ ਦਾ ਕਰਜਾ ਮੁਆਫ ਕਰਨ ਸਬੰਧੀ ਐਲਾਨ ਕੀਤੇ ਜਾਣ ਤੋਂ ਸਾਬਤ ਹੋ ਗਿਆ ਹੈ ਕਿ ਉਨ੍ਹਾਂ ਨੇ ਇਹ ਸਿਰਫ ਸੂਬੇ ਦੇ ਕਿਸਾਨਾਂ ਨੂੰ ਟਾਰਗੇਟ ਕਰਦਿਆਂ, ਆਪਣੀ ਪਾਰਟੀ ਵਾਸਤੇ ਵੋਟਾਂ ਹਾਸਿਲ ਕਰਨ ਦੀ ਚਾਲ ਹੇਠ ਕੀਤਾ ਹੈ।
ਜਿਸ ‘ਤੇ, ਕੈਪਟਨ ਅਮਰਿੰਦਰ ਨੇ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣਨ ‘ਤੇ ਸੂਬੇ ਦੇ ਸਾਰੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਕਰਜੇ ਮੁਆਫ ਕਰਨ ਸਬੰਧੀ ਆਪਣੇ ਵਾਅਦੇ ਨੂੰ ਦੁਹਰਾਇਆ ਹੈ, ਭਾਵੇਂ ਇਸ ਲਈ ਉਨ੍ਹਾਂ ਨੂੰ ਕੇਂਦਰ ਸਰਕਾਰ ਦਾ ਸਮਰਥਨ ਮਿਲੇ ਜਾਂ ਫਿਰ ਨਾ ਮਿਲੇ।
ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਮੋਦੀ ਨੇ ਨਵੇਂ ਸਾਲ ਮੌਕੇ 31 ਦਸੰਬਰ, 2016 ਨੂੰ ਦੇਸ਼ ਦੇ ਨਾਂਮ ਆਪਣੇ ਸੰਬੋਧਨ ‘ਚ ਸਿਰਫ ਕਿਸਾਨਾਂ ਨੂੰ ਅੱਧੀ ਰਾਹਤ ਦੇਣ ਦਾ ਐਲਾਨ ਕੀਤਾ ਸੀ। ਇਸ ਦਿਸ਼ਾ ‘ਚ, ਮੋਦੀ ਨੇ ਜ਼ਿਲ੍ਹਾ ਸਹਿਕਾਰੀ ਬੈਂਕਾਂ ਤੋਂ ਲੋਨ ਲੈਣ ਵਾਲੇ ਕਿਸਾਨਾਂ ਦਾ 60 ਦਿਨਾਂ ਦਾ ਵਿਆਜ ਮੁਆਫ ਕਰ ਦਿੱਤਾ ਸੀ। ਸੂਬਾ ਕਾਂਗਰਸ ਪ੍ਰਧਾਨ ਨੇ ਸਵਾਲ ਕੀਤਾ ਕਿ ਕਿਉਂ ਪ੍ਰਧਾਨ ਮੰਤਰੀ ਨੇ ਉਦੋਂ ਦੇਸ਼ ਭਰ ਦੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦਾ ਐਲਾਨ ਨਹੀਂ ਕੀਤਾ?
ਸੂਬਾ ਕਾਂਗਰਸ ਪ੍ਰਧਾਨ ਨੇ ਜ਼ਿਕਰ ਕੀਤਾ ਕਿ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਦਾ ਇਕ ਵਫਦ ਦਸੰਬਰ, 2016 ‘ਚ ਪ੍ਰਧਾਨ ਮੰਤਰੀ ਨੂੰ ਮਿਲਿਆ ਸੀ ਅਤੇ ਕਿਸਾਨਾਂ ਦਾ ਕਰਜ਼ੁਆਫ ਕਰਨ ਸਬੰਧੀ ਮੰਗ ਰੱਖਦਿਆਂ, ਉਨ੍ਹਾਂ ਨੂੰ ਇਕ ਮੰਗ ਪੱਤਰ ਸੌਂਪਿਆ ਸੀ। ਪਰ ਮੋਦੀ ਇਸ ਉਚਿਤ ਤੇ ਮਨੁੱਖਤਾਵਾਦੀ ਮੰਗ ਦਾ ਹੱਲ ਕੱਢਣ ‘ਚ ਨਾਕਾਮ ਰਹੇ ਅਤੇ ਉਹ ਸਾਫ ਤੌਰ ‘ਤੇ ਇਹ ਵਾਅਦਾ ਕਰਨ ਲਈ ਹਾਈ ਪ੍ਰੋਫਾਈਲ ਯੂ.ਪੀ. ਇਲੈਕਸ਼ਨ ਦਾ ਇੰਤਜ਼ਾਰ ਕਰ ਰਹੇ ਸਨ। ਉਸ ਵਫਦ ਦਾ ਹਿੱਸਾ ਰਹੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਮੋਦੀ ਦੇ ਝੂਠੇ ਚੋਣ ਵਾਅਦਿਆਂ ਨੂੰ ਵਿਸਥਾਰ ਨਾਲ ਦੱਸਣ ਦੀ ਲੋੜ ਨਹੀਂ ਹੈ, ਜਿਨ੍ਹਾਂ ਦੇ ਲੋਕ ਸਭਾ ਚੋਣਾਂ ਦੇ ਵਾਅਦੇ ਹਾਲੇ ਤੱਕ ਅਸਲਿਅਤ ਬਣਨ ਦਾ ਇੰਤਜ਼ਾਰ ਕਰ ਰਹੇ ਹਨ।
ਕੈਪਟਨ ਅਮਰਿੰਦਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਪੰਜਬਾ ਤੇ ਹੋਰ ਸੂਬਿਆਂ ਦੇ ਕਿਸਾਨਾਂ ਦੇ ਕਰਜੇ ਮੁਆਫ ਕਰਨ ਸਬੰਧੀ ਕਿਸੇ ਵੀ ਕਦਮ ਦਾ ਸਵਾਗਤ ਹੈ, ਪਰ ਪ੍ਰਧਾਨ ਮੰਤਰੀ ਵਰਗਾ ਕੱਦ ਰੱਖਣ ਵਾਲੇ ਵਿਅਕਤੀ ਨੂੰ ਕਿਸਾਨਾਂ ਦੀਆਂ ਭਾਵਨਾਵਾਂ ਨਾਲ ਖੇਡਣਾ ਤੇ ਉਨ੍ਹਾਂ ਨੂੰ ਹੋਰ ਨਿਰਾਸ਼ਾ ‘ਚ ਧਕੇਲਣਾ ਸ਼ੋਭਾ ਨਹੀਂ ਹੁੰਦਾ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਦੁਨੀਆਂ ਦਾ ਅੰਨ੍ਹ ਭੰਡਾਰ ਅਖਵਾਉਣ ਵਾਲਾ ਭਾਰਤ, ਅੱਜ ਆਪਣੇ ਕਿਸਾਨਾਂ ਨੂੰ ਖਿਲਾਉਣ ਦੇ ਕਾਬਿਲ ਨਹੀਂ ਹੈ।  ਉਨ੍ਹਾਂ ਨੇ ਖੇਤੀ ਕਰਜਿਆਂ ਦੀ ਗੰਭੀਰ ਸਮੱਸਿਆ ਉਪਰ ਵੱਡੇ ਵੱਡੇ ਚੋਣ ਵਾਅਦੇ ਕਰਨ ਦੀ ਬਜਾਏ ਨੀਤੀ ਨਿਰਮਾਣ ਕੀਤੇ ਜਾਣ ਦੀ ਲੋੜ ‘ਤੇ ਜ਼ੋਰ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਕਿਸਾਨ ਕਰਜਿਆਂ ਦਾ ਮੁੱਦਾ ਕੋਈ ਸਿਆਸੀ ਮਾਮਲਾ ਨਹੀਂ ਹੈ, ਜਿਸਨੂੰ ਚੋਣ ਵਾਅਦਿਆਂ ਲਈ ਚੁੱਅਿਕਾ ਜਾਵੇ, ਸਗੋਂ ਇਹ ਮਨੁੱਖੀ ਸੰਕਟ ਦਾ ਵਿਸ਼ਾ ਹੈ ਅਤੇ ਕੇਂਦਰ ਵੱਲੋਂ ਇਸਨੂੰ ਪਹਿਲ ਦੇ ਅਧਾਰ ‘ਤੇ ਸੁਲਝਾਇਆ ਜਾਣਾ ਚਾਹੀਦਾ ਹੈ। ਜਿਸ ‘ਤੇ, ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਛੋਟੇ ਸਿਆਸੀ ਵਿਚਾਰਾਂ ਤੋਂ ਉਪਰ ਉੱਠਣ ਤੇ ਦੇਸ਼ ਦੇ ਕਿਸਾਨ ਸਮਾਜ ਦੇ ਹਿੱਤ ‘ਚ ਇਕ ਰਾਜਨੇਤਾ ਦੀ ਤਰ੍ਹਾਂ ਵਿਹਾਰ ਕਰਨ ਵਾਸਤੇ ਕਿਹਾ ਹੈ।

About admin

Check Also

ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ  

ਆਨੰਦਪੁਰ ਸਾਹਿਬ, 21 ਮਈ(ਪੱਤਰ ਪ੍ਰੇਰਕ) : ਰਾਸ਼ਟਰ ਮੰਚ ਦੇ ਆਗੂ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ …

Leave a Reply

Your email address will not be published. Required fields are marked *