Breaking News
Home / Delhi / ਹੁੱਡਾ ਦੀਆਂ ਦਿੱਕਤਾਂ ‘ਚ ਵਾਧਾ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਖ਼ਿਲਾਫ਼ ਪੰਚਕੂਲਾ ਦੇ ਵਿਜੀਲੈਂਸ ਥਾਣੇ ‘ਚ ਕੇਸ ਦਰਜ

ਹੁੱਡਾ ਦੀਆਂ ਦਿੱਕਤਾਂ ‘ਚ ਵਾਧਾ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਖ਼ਿਲਾਫ਼ ਪੰਚਕੂਲਾ ਦੇ ਵਿਜੀਲੈਂਸ ਥਾਣੇ ‘ਚ ਕੇਸ ਦਰਜ

ਚੰਡੀਗੜ੍ਹ, 8 ਮਈ (ਚ.ਨ.ਸ.) : ਹਰਿਆਣਾ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਖ਼ਿਲਾਫ਼ ਪੰਚਕੂਲਾ ਸਥਿਤ ਵਿਜੀਲੈਂਸ ਥਾਣੇ ‘ਚ ਧੋਖਾਧੜੀ ਦਾ ਇੱਕ ਹੋਰ ਕੇਸ ਦਰਜ ਕਰਵਾ ਦਿੱਤਾ ਹੈ। ਹੁੱਡਾ ਸਮੇਤ ਵਿਭਾਗ ਦੇ ਤਿੰਨ ਤਤਕਾਲੀ ਆਈ.ਏ.ਐਸ. ਅਧਿਕਾਰੀਆਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਨੈਸ਼ਨਲ ਹੈਰਲਡ ਅਖ਼ਬਾਰ ਦੀ ਕੰਪਨੀ ਮੈਸਰਜ਼ ਐਸੋਸੀਏਟ ਜਨਰਲ ਲਿਮਟਿਡ ਨੂੰ ਪਲਾਟ ਅਲਾਟ ਕਰਨ ਨਾਲ ਸਬੰਧਿਤ ਹੈ। ਸੂਤਰਾਂ ਅਨੁਸਾਰ ਦਰਜ ਕਰਵਾਏ ਗਏ ਕੇਸ ਵਿੱਚ ਸਿੱਧੇ ਤੌਰ ‘ਤੇ ਸਾਬਕਾ ਮੁੱਖ ਮੰਤਰੀ ਦਾ ਨਾਂ ਨਹੀਂ ਹੈ ਪਰ ਕੇਸ ਹਰਿਆਣਾ ਅਰਬਨ ਡਿਵੈਲਪਮੈਂਟ ਆਥਿਰਟੀ ਵਿਭਾਗ ਦੇ ਤਤਕਾਲੀ ਚੇਅਰਮੈਨ ਖ਼ਿਲਾਫ਼ ਦਰਜ ਕਰਵਾਇਆ ਗਿਆ ਹੈ ਅਤੇ ਉਸ ਸਮੇਂ ਭੁਪਿੰਦਰ ਸਿੰਘ ਹੁੱਡਾ ਹੀ ਚੇਅਰਮੈਨ ਸਨ। ਕੇਸ ਵਿੱਚ ਕਿਹਾ ਗਿਆ ਹੈ ਕਿ ਤਤਕਾਲੀ ਚੇਅਰਮੈਨ ਨੇ ਪਲਾਟ ਦੁਬਾਰਾ ਅਲਾਟ ਕਰ ਕੇ ਅਹੁਦੇ ਦੀ ਦੁਰਵਰਤੋਂ ਕੀਤੀ ਅਤੇ ਹੁੱਡਾ ਵਿਭਾਗ ਨੂੰ 62 ਲੱਖ ਰੁਪਏ ਦਾ ਨੁਕਸਾਨ ਪਹੁੰਚਾਇਆ।
ਜ਼ਿਕਰਯੋਗ ਹੈ ਕਿ ਦਿੱਲੀ ਦੀ ਕੰਪਨੀ ਨੂੰ ਪੰਚਕੂਲਾ ਦੇ ਸੈਕਟਰ 6 ਵਿੱਚ 24 ਅਗਸਤ 1982 ਵਿੱਚ ਪਲਾਟ ਅਲਾਟ ਕੀਤਾ ਗਿਆ ਸੀ ਤੇ ਕੰਪਨੀ ਨੇ 10 ਕਿਸ਼ਤਾਂ ਵਿੱਚ ਪੈਸਾ ਦੇ ਕੇ ਦੋ ਸਾਲਾਂ ਵਿੱਚ ਉਸਾਰੀ ਕਰਨੀ ਸੀ ਪਰ ਕੰਪਨੀ ਨਿਸ਼ਚਤ ਸਮੇਂ ਵਿੱਚ ਉਸਾਰੀ ਨਹੀਂ ਕਰ ਸਕੀ। ਇਸ ਕਰ ਕੇ 1992 ਵਿੱਚ ਹੁੱਡਾ ਵਿਭਾਗ ਨੇ ਪਲਾਟ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ 10 ਨਵੰਬਰ 1995 ਵਿੱਚ ਪੈਸਾ ਕੰਪਨੀ ਨੂੰ ਵਾਪਸ ਕਰ ਦਿੱਤਾ। ਕੰਪਨੀ ਨੇ ਪਲਾਟ ਵਾਪਸ ਲੈਣ ਲਈ ਵੱਖ ਵੱਖ ਪੱਧਰ ‘ਤੇ ਅਪੀਲਾਂ ਦਾਇਰ ਕੀਤੀਆਂ ਪਰ ਉਹ ਰੱਦ ਕਰ ਦਿੱਤੀਆਂ ਗਈਆਂ। ਇਸ ਬਾਰੇ ਬਕਾਇਦਾ ਕੰਪਨੀ ਨੂੰ 14 ਮਾਰਚ 1998 ਨੂੰ ਸੂਚਿਤ ਕੀਤਾ ਗਿਆ। ਸਾਲ 2005 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਤਾਂ ਹੁੱਡਾ ਨੇ ਕੰਪਨੀ ਨੂੰ 1982 ਦੀ ਕੀਮਤ ਅਨੁਸਾਰ ਪਲਾਟ ਅਲਾਟ ਕਰ ਦਿੱਤਾ ਤੇ ਉਸਾਰੀ ਕਰਨ ਦੀ ਆਗਿਆ ਦੇ ਦਿੱਤੀ। ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂ ਅਭੇ ਚੌਟਾਲਾ ਨੇ ਕੁੱਝ ਦਿਨ ਪਹਿਲਾਂ ਹਰਿਆਣਾ ਸਰਕਾਰ ਕੋਲੋਂ ਮੰਗ ਕੀਤੀ ਸੀ ਕਿ ਨੈਸ਼ਨਲ ਹੈਰਲਡ ਨੂੰ ਪਲਾਟ ਦੇਣ ਦੇ ਮਾਮਲੇ ਵਿੱਚ ਨਿਯਮਾਂ ਦੀ ਉਲੰਘਣਾ ਕਰਨ ‘ਤੇ ਸਾਬਕਾ ਮੁੱਖ ਮੰਤਰੀ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਜਾਵੇ

About admin

Check Also

ਉਪ ਰਾਸ਼ਟਰਪਤੀ ਚੋਣ ਵੈਂਕਈਆ ਨਾਇਡੂ ਤੇ ਗੋਪਾਲ ਕ੍ਰਿਸ਼ਨ ਗਾਂਧੀ ਵੱਲੋਂ ਕਾਗਜ਼ ਦਾਖਲ

ਨਵੀਂ ਦਿੱਲੀ, 18 ਜੁਲਾਈ  (ਚੜ੍ਹਦੀਕਲਾ ਬਿਊਰੋ) :  ਐਨ.ਡੀ.ਏ. ਵਲੋਂ ਉਪ ਰਾਸ਼ਟਰਪਤੀ ਚੋਣਾਂ ਦੇ ਉਮੀਦਵਾਰ ਵੈਂਕਈਆ …

Leave a Reply

Your email address will not be published. Required fields are marked *